ਗਰਮੀ ਦਾ ਕਹਿਰ: ਮੌਸਮ ਵਿਭਾਗ ਵੱਲੋਂ ਪੰਜਾਬ ’ਚ ਰੈੱਡ ਅਲਰਟ ਜਾਰੀ
* ਲੂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ
* 44.4 ਡਿਗਰੀ ਸੈਲਸੀਅਸ ਨਾਲ ਲੁਧਿਆਣਾ ਰਿਹਾ ਸਭ ਤੋਂ ਗਰਮ
ਆਤਿਸ਼ ਗੁਪਤਾ
ਚੰਡੀਗੜ੍ਹ, 22 ਮਈ
ਪੰਜਾਬ ਵਿੱਚ ਗਰਮੀ ਦਾ ਕਹਿਰ ਆਉਂਦੇ ਦਿਨੀਂ ਵੀ ਜਾਰੀ ਰਹੇਗਾ। ਮੌਸਮ ਵਿਭਾਗ ਨੇ 23, 24, 25 ਤੇ 26 ਮਈ ਨੂੰ ਅਤਿ ਦੀ ਗਰਮੀ ਪੈਣ ਸਬੰਧੀ ‘ਰੈੱਡ ਅਲਰਟ’ ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਪੰਜਾਬ ਦਾ ਲੁਧਿਆਣਾ ਸਭ ਤੋਂ ਗਰਮ ਸ਼ਹਿਰ ਰਿਹਾ ਜਿਥੇ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਪਿਛਲੇ ਕਈ ਦਿਨਾਂ ਤੋਂ ਲੂ ਚੱਲਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਇਸੇ ਤਰ੍ਹਾਂ ਬਿਜਲੀ ਦੀ ਮੰਗ ਵਧਣ ਕਾਰਨ ਪਾਵਰਕੌਮ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 10,500 ਮੈਗਾਵਾਟ ਦੇ ਕਰੀਬ ਪਹੁੰਚ ਗਈ ਹੈ। ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਕਈ ਥਾਵਾਂ ’ਤੇ ਬਿਜਲੀ ਦੇ ਕੱਟ ਵੀ ਲੱਗਣ ਲੱਗ ਪਏ ਹਨ। ਗਰਮੀ ਵਧਣ ਕਾਰਨ ਸਬਜ਼ੀ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਇਹ ਪੂਰਾ ਹਫ਼ਤਾ ਗਰਮੀ ਤੋਂ ਰਾਹਤ ਨਹੀਂ ਮਿਲੇਗੀ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 43.5, ਪਟਿਆਲਾ ਵਿੱਚ 40.8, ਪਠਾਨਕੋਟ ਵਿੱਚ 43.3, ਬਠਿੰਡਾ ਵਿੱਚ 44, ਫਰੀਦਕੋਟ ਵਿੱਚ 43.4, ਗੁਰਦਾਸਪੁਰ ਵਿੱਚ 42, ਨਵਾਂ ਸ਼ਹਿਰ ਵਿੱਚ 39.3, ਬਰਨਾਲਾ ਵਿੱਚ 42.5, ਫਤਹਿਗੜ੍ਹ ਸਾਹਿਬ ਵਿੱਚ 41.1, ਫਿਰੋਜ਼ਪੁਰ ਵਿੱਚ 43.8, ਜਲੰਧਰ ਵਿੱਚ 42.6 ਅਤੇ ਮੁਹਾਲੀ ਵਿੱਚ 40.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਗਰਮੀ ਕਾਰਨ ਵਿਅਕਤੀ ਦੀ ਮੌਤ
ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ-ਮਾਨਸਾ ਰੋਡ ’ਤੇ ਪਿੰਡ ਜੱਸੀ ਪੌ ਵਾਲੀ ਨੇੜੇ ਇੱਕ ਵਿਅਕਤੀ ਗਰਮੀ ਕਾਰਨ ਬੇਹੋਸ਼ ਹੋ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਸਹਾਰਾ ਹੈੱਡਕੁਆਰਟਰ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਨੇ ਅਣਪਛਾਤੇ ਵਿਅਕਤੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ। ਬੁਖਾਰ ਵੱਧ ਹੋਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕੋਲੋਂ ਕੋਈ ਸ਼ਨਾਖ਼ਤੀ ਪੱਤਰ ਨਹੀਂ ਮਿਲਿਆ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਸਹਾਰਾ ਟੀਮ ਨੇ ਸਬੰਧਤ ਥਾਣਾ ਸਦਰ ਥਾਣਾ ਖੇਤਰ ਨੂੰ ਸੂਚਿਤ ਕਰ ਦਿੱਤਾ ਹੈ। ਪੁਲੀਸ ਵਾਰਿਸਾਂ ਦਾ ਪਤਾ ਲਗਾ ਰਹੀ ਹੈ।