For the best experience, open
https://m.punjabitribuneonline.com
on your mobile browser.
Advertisement

ਫੁੰਤੜੂ

10:52 AM Mar 31, 2024 IST
ਫੁੰਤੜੂ
Advertisement

ਗੋਵਿੰਦ ਉਪਾਧਿਆਏ
ਮੇਰਾ ਨਾਮ ਵਿਭਾਸ ਤਿਵਾੜੀ ਅਤੇ ਉਮਰ ਪੈਂਹਟ ਸਾਲ ਹੈ। ਮੈਂ ਪੈਂਤੀ ਸਾਲ ਸਰਕਾਰੀ ਨੌਕਰੀ ਕੀਤੀ ਹੈ। ਮੈਂ ਸੱਠ ਸਾਲ ਦਾ ਹੋਣ ’ਤੇ ਸੇਵਾਮੁਕਤ ਹੋ ਗਿਆ। ਇਸ ਲਈ ਪਿਛਲੇ ਪੰਜ ਸਾਲਾਂ ਤੋਂ ਸਵੇਰ-ਸ਼ਾਮ ਪਾਰਕ ਵਿੱਚ ਸੈਰ ਕਰਦਾ ਹਾਂ। ਆਪਣੀ ਪੈਂਹਟ ਸਾਲਾਂ ਦੀ ਜ਼ਿੰਦਗੀ ਵਿੱਚ ਕਈ ਉਤਰਾਅ-ਚੜ੍ਹਾਅ ਦੇਖ ਚੁੱਕਾ ਹਾਂ। ਉਹ ਅਨੁਭਵ ਦਿਮਾਗ਼ ਵਿੱਚ ਛਾਲਾਂ ਮਾਰਨ ਲੱਗਦੇ ਹਨ।
ਇਨ੍ਹੀਂ ਦਿਨੀਂ ਮੈਂ ਆਪਣੇ ਦੋ ਮਿੱਤਰਾਂ ਨੂੰ ਯਾਦ ਕਰਨ ਲੱਗਿਆ ਹਾਂ ਜਿਨ੍ਹਾਂ ਨਾਲ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਦੌਰਾਨ ਕੁਝ ਪਲ ਬਿਤਾਏ ਸਨ। ਪੰਤਾਲੀ ਸਾਲ ਪਹਿਲਾਂ ਮੇਰੀ ਉਮਰ ਵੀਹ ਤੋਂ ਵੱਧ ਨਹੀਂ ਹੋਵੇਗੀ। ਸਟੀਫਨ ਮੇਰੇ ਨਾਲੋਂ ਕੱਦ ਵਿੱਚ ਇੱਕ-ਅੱਧ ਇੰਚ ਲੰਮਾ ਹੋਵੇਗਾ। ਲਗਭਗ ਪੰਜ ਫੁੱਟ ਸੱਤ ਇੰਚ ਦੇ ਨੇੜੇ-ਤੇੜੇ... ਸੋਹਣਾ ਸੀ। ਉਮਰ ਵਿੱਚ ਉਹ ਮੈਥੋਂ ਤਿੰਨ-ਚਾਰ ਸਾਲ ਵੱਡਾ ਸੀ। ਹਮੇਸ਼ਾ ਹੱਸਦਾ ਰਹਿੰਦਾ।
ਜਦੋਂ ਮੈਂ ਸਟੀਫਨ ਨੂੰ ਮਿਲਿਆ, ਉਦੋਂ ਗ੍ਰਾਮੋਫੋਨ ਦੇ ਰਿਕਾਰਡ ਇਕੱਠੇ ਕਰਨ ਦੇ ਜਨੂਨੀ ਹੱਦ ਤੱਕ ਸ਼ੌਕ ਲਈ ਉਹ ਹਮੇਸ਼ਾ ਪੈਸਿਆਂ ਦੇ ਜੁਗਾੜ ਵਿੱਚ ਰਹਿੰਦਾ। ਰਿਕਾਰਡ ਪਲੇਅਰ ਉਸ ਦੀ ਮਾਸੀ ਨੇ ਤੋਹਫ਼ੇ ਵਜੋਂ ਦਿੱਤਾ ਸੀ ਜਿਸ ਨੂੰ ਉਹ ‘ਮਿੰਨੀ ਆਂਟੀ’ ਕਹਿ ਕੇ ਬੁਲਾਉਂਦਾ ਸੀ। ਮਿੰਨੀ ਆਂਟੀ ਇੱਕ ਸਰਕਾਰੀ ਹਸਪਤਾਲ ਵਿੱਚ ਨਰਸ ਸੀ। ਸਟੀਫਨ ਨੇ ਪੁਰਾਣੇ ਕਲਾਸਿਕ ਗੀਤਾਂ ਦੇ 25 ਤੋਂ ਵੱਧ ਰਿਕਾਰਡ ਖਰੀਦ ਲਏ ਸਨ। ਗਾਣੇ ਸੁਣਦਿਆਂ-ਸੁਣਦਿਆਂ ਉਸ ਦੀਆਂ ਅੱਖਾਂ ਬੰਦ ਰਹਿੰਦੀਆਂ ਤੇ ਉਹ ਹੌਲੀ-ਹੌਲੀ ਸਿਰ ਹਿਲਾਉਂਦਾ। ਮੈਂ ਦਸੰਬਰ ’ਚ ਸਟੀਫਨ ਨੂੰ ਮਿਲਿਆ ਸਾਂ। ਇਸ ਮਹੀਨੇ ਦੌਰਾਨ ਇਸਾਈਆਂ ਦਾ ਇੱਕ ਗਰੁੱਪ ਮੇਰੇ ਮੁਹੱਲੇ ਵਿੱਚੋਂ ਸੰਗੀਤਕ ਸਾਜ਼ਾਂ ਨਾਲ ਗੀਤ ਗਾਉਂਦਿਆਂ ਲੰਘਦਾ ਸੀ। ਸਵੇਰੇ ਪੰਜ ਵਜੇ ਦੇ ਕਰੀਬ... ਦਰਜਨ ਭਰ ਲੋਕਾਂ ਦਾ ਇਹ ਟੋਲਾ ਸਟ੍ਰੀਟ ਲਾਈਟ ਵਿੱਚ ਯਿਸੂ ਦੇ ਭਜਨ ਗਾਉਂਦਾ ਸੀ। ਇਹ ਸਿਲਸਿਲਾ ਕ੍ਰਿਸਮਸ ਦੀ ਪੂਰਵ-ਸ਼ਾਮ ਤੱਕ ਜਾਰੀ ਰਹਿੰਦਾ। ਹਰ ਕਿਸੇ ਕੋਲ ਕੋਈ ਨਾ ਕੋਈ ਸਾਜ਼ ਹੁੰਦਾ। ਇਕੱਲਾ ਸਟੀਫਨ ਸੀ ਜੋ ਸਿਰਫ਼ ਤਾੜੀਆਂ ਹੀ ਵਜਾਉਂਦਾ ਸੀ। ਇਸ ਲਈ ਉਹ ਬਿਲਕੁਲ ਵੱਖਰਾ ਨਜ਼ਰ ਆਉਂਦਾ। ਸ਼ਾਇਦ ਇਸੇ ਕਰਕੇ ਮੈਨੂੰ ਉਸ ਦਾ ਚਿਹਰਾ ਯਾਦ ਸੀ।
ਹੋਲੀ ਤੋਂ ਕੁਝ ਦਿਨ ਪਹਿਲਾਂ ਮੈਂ ਉਸ ਨੂੰ ਸਰਕਾਰੀ ਰਾਸ਼ਨ ਦੀ ਦੁਕਾਨ ’ਤੇ ਮਿਲਿਆ ਸਾਂ। ਲੰਮੀ ਕਤਾਰ ਲੱਗੀ ਹੋਈ ਸੀ। ਇਸ ਲਈ ‘ਜੁਗਾੜ ਨੀਤੀ’ ਅਪਣਾਉਂਦਿਆਂ ਮੈਂ ਅੱਗੇ ਖੜ੍ਹੇ ਕਿਸੇ ਜਾਣੂੰ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਕੋਲ ਸਿਰਫ਼ ਆਪਣਾ ਕਾਰਡ ਹੋਵੇ। ਦੁਕਾਨਦਾਰ ਇੱਕ ਵਿਅਕਤੀ ਤੋਂ ਸਿਰਫ਼ ਦੋ ਕਾਰਡ ਹੀ ਲੈਂਦਾ ਸੀ। ਅੱਗੇ ਖੜ੍ਹੇ ਲੋਕਾਂ ਵਿੱਚੋਂ ਕੋਈ ਵੀ ਮੈਨੂੰ ਜਾਣਦਾ ਨਹੀਂ ਸੀ। ਫਿਰ ਮੇਰੀਆਂ ਨਜ਼ਰਾਂ ਸਟੀਫਨ ਨਾਲ ਮਿਲੀਆਂ ਅਤੇ ਉਸ ਨੇ ਮੁਸਕਰਾ ਕੇ ਮੈਨੂੰ ਨੇੜੇ ਆਉਣ ਦਾ ਇਸ਼ਾਰਾ ਕੀਤਾ, ‘‘ਆਪਣਾ ਰਾਸ਼ਨ ਕਾਰਡ ਮੈਨੂੰ ਫੜਾ ਦੇ, ਹੁਣ ਕਤਾਰ ਵਿੱਚ ਖੜ੍ਹਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਜਦੋਂ ਤੱਕ ਤੂੰ ਖਿੜਕੀ ਕੋਲ ਪਹੁੰਚੇਂਗਾ, ਦੁਕਾਨ ਬੰਦ ਹੋ ਜਾਵੇਗੀ।’’
ਉਹ ਅੱਗੇ ਤੋਂ ਪੰਜਵੇਂ ਨੰਬਰ ’ਤੇ ਖੜ੍ਹਾ ਸੀ। ਮੈਂ ਤੁਰੰਤ ਉਸ ਨੂੰ ਕਾਰਡ ਦੇ ਦਿੱਤਾ। ਖੰਡ ਕੁਝ ਸਮੇਂ ਵਿੱਚ ਹੀ ਮਿਲ ਗਈ ਸੀ। ਮੈਂ ਉਹਦਾ ਧੰਨਵਾਦ ਕੀਤਾ।
ਮੈਂ ਉਸ ਨੂੰ ਦੱਸਿਆ, ‘‘ਤੁਹਾਨੂੰ ਕ੍ਰਿਸਮਸ ਦੇ ਸਮੇਂ ਪ੍ਰਾਰਥਨਾ ਗਰੁੱਪ ਨਾਲ ਵੇਖਿਆ ਹੈ।’’
ਉਸ ਨੇ ਹੱਸਦਿਆਂ ਕਿਹਾ ਸੀ, “ਇੰਨੀ ਠੰਢ ਵਿੱਚ ਸਵੇਰੇ-ਸਵੇਰੇ ਰਜਾਈ ਵਿੱਚੋਂ ਨਿਕਲਣਾ ਭਲਾ ਸੌਖਾ ਹੈ? ਪਰ ਮਾਂ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਮਾਂ ਖ਼ੁਸ਼ ਹੋ ਜਾਂਦੀ ਹੈ...। ਤੁੂੰ ਸੇਂਟ ਐਂਡਰਿਊਜ਼ ਕਾਲਜ ਵਿੱਚ ਪੜ੍ਹਦਾ ਹੈਂ? ਮੈਂ ਤੈਨੂੰ ਕਾਲਜ ਜਾਂਦੇ ਸਮੇਂ ਦੇਖਿਆ ਹੈ।” ਮੈਨੂੰ ਖ਼ੁਸ਼ੀ ਹੋਈ ਕਿ ਉਹ ਵੀ ਮੈਨੂੰ ਜਾਣਦਾ ਹੈ।
ਇਹ ਸਾਡੀ ਰਸਮੀ ਮੁਲਾਕਾਤ ਸੀ। ਦੂਜੀ ਮੁਲਾਕਾਤ ਉਸ ਦੀ ਮਾਂ ਦੇ ਬੁਟੀਕ ’ਤੇ ਹੋਈ ਸੀ। ਛੋਟੀ ਭੈਣ ਦੇ ਕੱਪੜੇ ਸਿਵਾਉਣੇ ਸਨ। ਮੈਂ ਸਟੀਫਨ ਨੂੰ ਕਾਊਂਟਰ ’ਤੇ ਬੈਠਿਆਂ ਦੇਖਿਆ। ਸਾਹਮਣੇ ਅੱਧਖੜ ਉਮਰ ਦੀ ਔਰਤ ਖੜ੍ਹੀ ਸੀ ਜਿਸ ਨੂੰ ਉਹ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਨਜ਼ਰ ਮੇਰੇ ’ਤੇ ਪਈ ਅਤੇ ਮੁਸਕਰਾ ਕੇ ਮੇਰਾ ਸੁਆਗਤ ਕੀਤਾ, ‘‘ਹਾਏ ਵਿਭਾਸ, ਕੀ ਹਾਲ ਹੈ? ਚੰਗਾ ਹੋਇਆ ਕਿ ਤੂੰ ਆ ਗਿਆ। ਇਹ ਮੇਰੇ ਮਿੰਨੀ ਆਂਟੀ ਹਨ। ਮੇਰੀ ਮਾਂ ਦੀ ਛੋਟੀ ਭੈਣ...। ਦੋਵੇਂ ਭੈਣਾਂ ਮਿਲ ਕੇ ਮੈਨੂੰ ਪਾਗਲ ਕਰਨ ਲੱਗੀਆਂ ਹਨ। ਆਂਟੀ, ਇਹ ਮੇਰਾ ਦੋਸਤ ਵਿਭਾਸ ਹੈ।’’
ਮਿੰਨੀ ਆਂਟੀ ਨੇ ਹੱਸ ਕੇ ਕਿਹਾ, ‘‘ਤੂੰ ਇਹਦੇ ਜਾਲ ਵਿੱਚ ਕਿਵੇਂ ਫਸ ਗਿਆ? ਸਾਵਧਾਨ ਰਹੀਂ ... ਇਹ ਮੁੰਡਾ ਜਮਾਂਦਰੂ ਪਾਗਲ ਹੈ ਅਤੇ ਦੋਸ਼ ਸਾਡੇ ’ਤੇ ਲਾ ਰਿਹਾ ਹੈ।’’ ਫਿਰ ਅਚਾਨਕ ਬੋਲੀ, ‘‘ਠੀਕ ਹੈ ਬੱਚੇ, ਮੈਂ ਜਾ ਰਹੀ ਹਾਂ। ਮੇਰੀ ਡਿਊਟੀ ਦਾ ਸਮਾਂ ਹੋ ਗਿਆ। ਆਪਣਾ ਅਤੇ ਮੰਮੀ ਦਾ ਧਿਆਨ ਰੱਖੀਂ।’’ ਮਿੰਨੀ ਆਂਟੀ ਨੇ ਸਟੀਫਨ ਦੇ ਸਿਰ ’ਤੇ ਹੱਥ ਰੱਖਿਆ ਅਤੇ ਕੁਝ ਬੁੜਬੁੜਾਈ। ਸ਼ਾਇਦ ਉਹ ਰੱਬ ਅੱਗੇ ਉਸ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੀ ਸੀ।
ਮੈਨੂੰ ਸਟੀਫਨ ਚੰਗਾ ਲੱਗਿਆ। ਉਸ ਨੇ ਮੈਨੂੰ ਦੋਸਤ ਕਿਹਾ ਸੀ ਅਤੇ ਹੌਲੀ-ਹੌਲੀ ਅਸੀਂ ਸੱਚਮੁੱਚ ਖੁੱਲ੍ਹ ਗਏ।
ਉਸ ਦਾ ਪੂਰਾ ਨਾਂ ਸਮੀਰ ਸਟੀਫਨ ਸੀ। ਆਂਟੀ ਤੇ ਮਾਂ ਉਸ ਨੂੰ ‘ਸਿੱਪੂ’ ਕਹਿ ਕੇ ਬੁਲਾਉਂਦੇ ਸਨ। ਉਸ ਨੇ 10ਵੀਂ ਮਗਰੋਂ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ਉਸ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ। ਉਸ ਦੀ ਮਾਂ ਦੀ ‘ਬੁਟੀਕ ਸ਼ਾਪ’ ਸੀ। ਸਟੀਫਨ ਆਪਣੀ ਮਾਂ ਦੀ ਮਦਦ ਕਰਨ ਲੱਗਿਆ ਸੀ। ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਸਟੀਫਨ ਨਾਲ ਦੋਸਤੀ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਈ ਵਾਰ ਮਿਲਿਆ। ਮੈਨੂੰ ਦੇਖਦੇ ਹੀ ਉਨ੍ਹਾਂ ਦਾ ਚਿਹਰਾ ਚਮਕ ਉੱਠਦ‍ਾ। ਮੈਂ ਸਟੀਫਨ ਦਾ ਇਕਲੌਤਾ ਦੋਸਤ ਸੀ ਜੋ ਕਾਲਜ ਪੜ੍ਹਨ ਜਾਂਦਾ ਸੀ। ਸ਼ਾਇਦ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਵੀ ਖ਼ੂਬ ਪੜ੍ਹੇ-ਲਿਖੇ ਪਰ ਅਜਿਹਾ ਨਹੀਂ ਹੋ ਸਕਿਆ।
ਸਟੀਫਨ ਨਾਲ ਲਗਭਗ ਰੋਜ਼ ਹੀ ਮੁਲਾਕਾਤ ਹੋ ਜਾਂਦੀ। ਉਸਦੇ ਘਰ, ਬੁਟੀਕ ਸ਼ਾਪ ਜਾਂ ਫਿਰ ਬਰਗਦੀ ਦੀ ਚਾਹ ਦੀ ਦੁਕਾਨ ’ਤੇ। ਉਨ੍ਹੀਂ ਦਿਨੀਂ ਉਹਨੂੰ ਪ੍ਰੇਮ ਰੋਗ ਲੱਗਿਆ ਹੋਇਆ ਸੀ। ਸਟੀਫਨ ਨੇ ਮੈਨੂੰ ਉਸ ਕੁੜੀ ਨਾਲ ਮਿਲਾਇਆ ਜਿਸ ਦਾ ਨਾਮ ਰੀਟਾ ਚਾਰਲਸ ਸੀ। ਮੈਨੂੰ ਉਹ ਕੁਪੋਸ਼ਣ ਦੀ ਮਰੀਜ਼ ਜਾਪਦੀ ਸੀ। ਦੋਵਾਂ ਦੀ ਸ਼ਖ਼ਸੀਅਤ ’ਚ ਜ਼ਮੀਨ-ਆਸਮਾਨ ਦਾ ਫਰਕ ਸੀ। ਇਸ ਦੇ ਬਾਵਜੂਦ ਸਮੀਰ ਰੀਟਾ ਬਾਰੇ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਕੁੜੀ ਰੀਟਾ ਹੀ ਹੋਵੇ।
ਮੈਂ ਸਮੀਰ ਸਟੀਫਨ ਦੁਆਲੇ ਹੀ ਘੁੰਮਦਾ ਰਿਹਾ। ਦੂਜੇ ਮਿੱਤਰ ਨੂੰ ਭੁੱਲ ਹੀ ਗਿਆ। ਦੂਜੇ ਮਿੱਤਰ ਦਾ ਨਾਂ ਰਮਿੰਦਰ ਸਿੰਘ ਰਾਵਤ ਸੀ। ਉਹ ਸਟੀਫਨ ਦਾ ਦੋਸਤ ਸੀ। ਦੋਵਾਂ ਦੀ ਖ਼ੂਬ ਬਣਦੀ ਸੀ। ਰਮਿੰਦਰ ਨੇ ਮੈਨੂੰ ਵੀ ਦੋਸਤ ਵਜੋਂ ਸਵੀਕਾਰ ਕਰ ਲਿਆ। ਦੋਵੇਂ ਬੜੇ ਮਸਤ ਰਹਿੰਦੇ ਸਨ। ਰਮਿੰਦਰ ਨੇ ਇੱਕ ਵਾਰ ਮੈਨੂੰ ਕਿਹਾ ਸੀ, ‘‘ਕੀ ਯਾਰ, ਤੂੰ ਆਪਣਾ ਮੂੰਹ ਸੁਸਤ ਜਿਹਾ ਲਟਕਾਈ ਰੱਖਦਾ ਹੈਂ? ਸਾਡੇ ਵਾਂਗ ਮਸਤ ਰਿਹਾ ਕਰ।’’ ਇਸ ਮਗਰੋਂ ਦੋਵੇਂ ਕਾਫ਼ੀ ਦੇਰ ਤੱਕ ਹੱਸਦੇ ਰਹੇ।
ਰਮਿੰਦਰ ਸਾਡੇ ਦੋਵਾਂ ਨਾਲੋਂ ਆਰਥਿਕ ਤੌਰ ’ਤੇ ਮਜ਼ਬੂਤ ਪਰਿਵਾਰ ਦਾ ਲੜਕਾ ਸੀ। ਉਸ ਦੇ ਪਿਤਾ ਪ੍ਰਸ਼ਾਸਨਿਕ ਅਧਿਕਾਰੀ ਸਨ। ਉਹ ਇੱਕ ਬੰਗਲੇ ਵਿੱਚ ਰਹਿੰਦਾ ਸੀ। ਮੈਂ ਦੂਰੋਂ ਉਹਦੇ ਪਿਤਾ ਨੂੰ ਦੇਖਿਆ ਸੀ। ਉਹ ਆਕਰਸ਼ਕ ਸ਼ਖ਼ਸੀਅਤ ਦੇ ਮਾਲਕ ਸਨ।
ਸਮੀਰ ਦੀ ਰਮਿੰਦਰ ਨਾਲ ਬਹੁਤ ਪੁਰਾਣੀ ਦੋਸਤੀ ਸੀ। ਦੋਵੇਂ 10ਵੀਂ ਤੋਂ ਬਾਅਦ ਅੱਗੇ ਨਹੀਂ ਪੜ੍ਹ ਸਕੇ ਕਿਉਂਕਿ ਉਨ੍ਹਾਂ ਦੀ ਪੜ੍ਹਾਈ-ਲਿਖਾਈ ਵਿੱਚ ਦਿਲਚਸਪੀ ਨਹੀਂ ਸੀ। ਰਮਿੰਦਰ ਨੇ ਹੱਸ ਕੇ ਕਿਹਾ ਸੀ, ‘‘ਮੈਨੂੰ ਦਸਵੀਂ ਪਾਸ ਕਰਨ ’ਚ ਹੀ ਤਿੰਨ ਸਾਲ ਲੱਗ ਗਏ। ਤੂੰ ਕਦੇ ਫੇਲ੍ਹ ਨਹੀਂ ਹੋਇਆ ਹੋਣਾ। ਇਸ ਲਈ ਤੂੰ ਫੇਲ੍ਹ ਹੋਣ ਦਾ ਦਰਦ ਨਹੀਂ ਸਮਝ ਸਕੇਂਗਾ। ਫੇਲ੍ਹ ਹੋਣ ਦਾ ਦਰਦ ਅਤੇ ਫਿਰ ਘਰ ਦਿਆਂ ਦੇ ਮਿਹਣੇ ਸਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਮੈਂ ਇਸ ਲਈ ਝੰਜਟ ਹੀ ਮੁਕਾ ਦਿੱਤਾ। ...ਨਾ ਰਹੇਗਾ ਬਾਂਸ, ਨਾ ਰਹੇਗੀ ਬੰਸਰੀ...।’’
ਉਹ ਦੋਵੇਂ ਸਿਗਰਟ ਪੀਂਦੇ ਸਨ। ਸ਼ਾਮ ਨੂੰ ਬਰਗਦੀ ਦੀ ਦੁਕਾਨ ’ਤੇ ਬੈਠ ਕੇ ਗੱਪਾਂ ਮਾਰਦੇ ਸਨ। ਰਮਿੰਦਰ ਦੀ ਸ਼ਖ਼ਸੀਅਤ ਵੀ ਆਪਣੇ ਪਿਤਾ ਵਰਗੀ ਸੀ ਪਰ ਉਨ੍ਹਾਂ ਵਰਗੀ ਸੁੱਘੜ ਨਹੀਂ ਸੀ। ਉਹ ਬਹੁਤ ਹੀ ਰਫ਼-ਟਫ਼ ਸੀ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਹਮਲਾਵਰ ਹੋ ਜਾਂਦਾ ਸੀ। ‘ਫੁੰਤੜੂ’ ਸ਼ਬਦ ਦਾ ਖੋਜੀ ਵੀ ਉਹੀ ਸੀ। ਉਸ ਨੇ ਕਦੇ ਨਹੀਂ ਦੱਸਿਆ ਕਿ ਉਸ ਨੂੰ ਇਹ ਸ਼ਬਦ ਕਿੱਥੋਂ ਮਿਲਿਆ ਪਰ ਅਸੀਂ ਖ਼ੁਸ਼ੀ-ਖ਼ੁਸ਼ੀ ਇਹ ਖ਼ਿਤਾਬ ਸਵੀਕਾਰ ਕਰ ਲਿਆ ਸੀ।
ਰਮਿੰਦਰ ਦਾ ਆਪਣੇ ਪਿਤਾ ਨਾਲ 36 ਦਾ ਅੰਕੜਾ ਸੀ। ਜਦੋਂ ਤੋਂ ਉਸ ਦਾ ਛੋਟਾ ਭਰਾ ਮਰਚੈਂਟ ਨੇਵੀ ਵਿੱਚ ਭਰਤੀ ਹੋਇਆ ਸੀ, ਉਸ ਦੇ ਪਿਤਾ ਨੇ ਰਮਿੰਦਰ ਨੂੰ ਪੱਕੇ ਤੌਰ ’ਤੇ ਨਿਕੰਮਾ ਕਰਾਰ ਦੇ ਦਿੱਤਾ। ਉਂਜ ਤਾਂ ਰਮਿੰਦਰ ਹਰ ਗ਼ਮ ਨੂੰ ਹਵਾ ਵਿੱਚ ਉਡਾ ਦਿੰਦਾ ਸੀ ਪਰ ਕਈ ਵਾਰ ਘਰਦਿਆਂ ਦੀ ਕੋਈ ਗੱਲ ਉਸ ਨੂੰ ਵੀ ਦੁਖੀ ਕਰ ਦਿੰਦੀ, ‘‘ਦੇਖੋ ਬਈ, ਮੇਰਾ ਕੋਈ ਕਸੂਰ ਨਹੀਂ। ਮੈਂ ਕੋਈ ਆਪਣੇ ਮਾਂ-ਬਾਪ ਨੂੰ ਜਨਮ ਦੇਣ ਲਈ ਥੋੜ੍ਹੋ ਕਿਹਾ ਸੀ, ਹੁਣ ਤੁਸੀਂ ਇੱਕ ਨਿਕੰਮੇ ਨੂੰ ਜਨਮ ਦੇ ਹੀ ਦਿੱਤਾ ਹੈ ਤਾਂ ਇਸ ਨੂੰ ਝੱਲੋ...। ਮੇਰੇ ’ਤੇ ਵਾਰ-ਵਾਰ ਇਲਜ਼ਾਮ ਕਿਉਂ ਲਗਾਉਂਦੇ ਹੋ...?’’
ਮੈਂ ਉਦੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਰਿਹਾ ਸਾਂ। ਪੜ੍ਹਾਈ-ਲਿਖਾਈ ਵਿੱਚ ਔਸਤ ਸਾਂ ਪਰ ਪਿਤਾ ਜੀ ਨੂੰ ਮੇਰੇ ਤੋਂ ਬਹੁਤ ਉਮੀਦਾਂ ਸਨ ਕਿ ਮੈਂ ਆਪਣੀ ਪੜ੍ਹਾਈ ਜਲਦੀ ਖਤਮ ਕਰਾਂ ਅਤੇ ਕਮਾਉਣ ਲੱਗ ਜਾਵਾਂ। ਇਹ ਗੱਲ ਮੈਨੂੰ ਵੀ ਪਤਾ ਸੀ। ਇਸੇ ਕਾਰਨ ਮੈਂ ਸਮੀਰ ਅਤੇ ਰਮਿੰਦਰ ਵਾਂਗੂੰ ਮਸਤ ਜ਼ਿੰਦਗੀ ਜਿਊਣ ਦੀ ਹਾਲਤ ਵਿੱਚ ਨਹੀਂ ਸਾਂ।
ਮੇਰੇ ਪਿਤਾ ਜੀ ਉਸੇ ਫੈਕਟਰੀ ਵਿੱਚ ਇਲੈਕਟ੍ਰੀਸ਼ੀਅਨ ਸਨ ਜਿਸ ਵਿੱਚ ਰਮਿੰਦਰ ਦੇ ਪਿਤਾ ਪ੍ਰਸ਼ਾਸਨਿਕ ਅਧਿਕਾਰੀ ਸਨ। ਸਟੀਫਨ ਦੇ ਪਿਤਾ ਨਹੀਂ ਸਨ। ਉਸ ਨੇ ਕਦੇ ਵੀ ਆਪਣੇ ਪਿਤਾ ਬਾਰੇ ਕੋਈ ਗੱਲ ਨਹੀਂ ਕੀਤੀ। ਪਰਿਵਾਰ ਵਿੱਚ ਮਾਂ-ਪੁੱਤ ਹੀ ਸਨ। ਮਿੰਨੀ ਆਂਟੀ ਹਸਪਤਾਲ ਦੇ ਸਟਾਫ ਕੁਆਰਟਰ ਵਿੱਚ ਰਹਿੰਦੀ ਸੀ। ਰਮਿੰਦਰ ਦੇ ਪਰਿਵਾਰ ਵਿੱਚ ਸਿਰਫ਼ ਚਾਰ ਲੋਕ ਸਨ। ਭਰਾ ਜ਼ਿਆਦਾਤਰ ਬਾਹਰ ਹੀ ਰਹਿੰਦਾ। ਛੁੱਟੀਆਂ ਵਿੱਚ ਘਰ ਆਉਂਦਾ। ਭਰਾ ਉਸ ਨੂੰ ਬਹੁਤ ਪਿਆਰ ਕਰਦਾ ਸੀ। ਨੋਟਾਂ ਨਾਲ ਉਹਦੀਆਂ ਜੇਬਾਂ ਭਰ ਦਿੰਦਾ ਪਰ ਉਸ ਦੇ ਜਾਣ ਤੋਂ ਕੁਝ ਦਿਨਾਂ ਬਾਅਦ ਰਮਿੰਦਰ ਫਿਰ ਫਟੇਹਾਲ ਹੋ ਜਾਂਦਾ। ਰਮਿੰਦਰ ਬਹੁਤ ਖਰਚੀਲਾ ਸੀ।
ਮੇਰਾ ਪਰਿਵਾਰ ਲੋੜ ਨਾਲੋਂ ਵੱਡਾ ਸੀ। ਅਸੀਂ ਸੱਤ ਭੈਣ-ਭਰਾ ਸਾਂ। ਪਰਿਵਾਰ ਦੇ ਮੱਦੇਨਜ਼ਰ ਪਿਤਾ ਦੀ ਆਮਦਨ ਬਹੁਤ ਘੱਟ ਸੀ। ਪੈਸੇ ਦੀ ਤੰਗੀ ਹਮੇਸ਼ਾ ਰਹਿੰਦੀ ਪਰ ਸਾਨੂੰ ਇਹਦੀ ਆਦਤ ਪੈ ਚੁੱਕੀ ਸੀ। ਦੂਜੀ ਵੱਡੀ ਗੱਲ ਇਹ ਸੀ ਕਿ ਮੈਂ ਘਰ ਵਿੱਚ ਸਭ ਤੋਂ ਵੱਡਾ ਸੀ। ਸਾਰੇ ਪਰਿਵਾਰ ਦੀਆਂ ਨਜ਼ਰਾਂ ਮੇਰੇ ’ਤੇ ਸਨ ਕਿ ਕਦੋਂ ਕਮਾਉਣਾ ਸ਼ੁਰੂ ਕਰਾਂਗਾ ਅਤੇ ਘਰ ਦੀ ਆਰਥਿਕ ਸਥਿਤੀ ਵਿੱਚ ਬਦਲਾਅ ਆਵੇਗਾ। ਮੰਜ਼ਿਲ ਅਜੇ ਕੋਹਾਂ ਦੂਰ ਸੀ। ਚੰਗੀ ਨੌਕਰੀ ਮਿਲਣੀ ਉਦੋਂ ਵੀ ਬਹੁਤ ਔਖੀ ਸੀ। ਹਾਲਾਂਕਿ ਮੇਰੇ ਕੋਲ ਕੁਝ ਟਿਊਸ਼ਨਾਂ ਸਨ ਪਰ ਉਸ ਵਿੱਚੋਂ ਜੋ ਮਿਲਦਾ ਸੀ, ਉਹ ਊਠ ਦੇ ਮੂੰਹ ਵਿੱਚ ਜੀਰੇ ਵਾਂਗ ਸੀ। ਫਿਰ ਵੀ ਉਸ ਵਿੱਚੋਂ ਕੁਝ ਪੈਸੇ ਬਚਾ ਲੈਂਦਾ ਕਿਉਂਕਿ ਲੋੜ ਵੇਲੇ ਘਰੋਂ ਕੁਝ ਨਹੀਂ ਮਿਲਦਾ ਸੀ।
ਮੈਨੂੰ ਵੀ ਸ਼ਾਮ ਨੂੰ ਬਰਗਦੀ ਦੀ ਦੁਕਾਨ ’ਤੇ ਦੇਖਿਆ ਜਾਣ ਲੱਗਿਆ। ਮੈਂ ਸਿਗਰਟ ਤਾਂ ਨਹੀਂ ਪੀਂਦਾ ਸੀ ਪਰ ਕਟਿੰਗ ਚਾਹ ਅਤੇ ਨਾਨ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਸਾਂ। ਸਾਡੇ ਤਿੰਨਾਂ ਕੋਲ ਗੱਲਬਾਤ ਦਾ ਕੋਈ ਖ਼ਾਸ ਵਿਸ਼ਾ ਨਹੀਂ ਹੁੰਦਾ ਸੀ। ਜ਼ਿਆਦਾਤਰ ਸਿਨੇਮਾ ਜਾਂ ਪੈਸੇ ਕਮਾਉਣ ਦੇ ਤਰੀਕਿਆਂ ਬਾਰੇ ਗੱਲ ਕਰਦੇ। ਕੁੜੀਆਂ ਜਾਂ ਰਾਜਨੀਤੀ ਦੇ ਵਿਸ਼ਿਆਂ ’ਤੇ ਅਣਐਲਾਨੀ ਪਾਬੰਦੀ ਸੀ। ਸਟੀਫਨ ਸਿਰਫ਼ ਮੇਰੇ ਨਾਲ ਹੀ ਰੀਟਾ ਬਾਰੇ ਗੱਲ ਕਰਦਾ ਸੀ। ਜੇ ਰਮਿੰਦਰ ਨਾਲ ਕਰਦਾ ਵੀ ਹੋਵੇਗਾ ਤਾਂ ਮੇਰੇ ਸਾਹਮਣੇ ਕਦੇ ਨਹੀਂ ਕੀਤੀ। ਬਰਗਦੀ ਦੀ ਦੁਕਾਨ ’ਤੇ ਰਮਿੰਦਰ ਸਾਹਮਣੇ ਸਿਰਫ਼ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਬਾਰੇ ਹੀ ਚਰਚਾ ਕਰਦਾ।
ਇੱਕ ਦਿਨ ਉਸ ਦੀਆਂ ਗੱਲਾਂ ’ਤੇ ਹੱਸਦਿਆਂ ਰਮਿੰਦਰ ਨੇ ਕਿਹਾ, ‘‘ਪੈਸਾ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਮੰਦਰ ਦੇ ਸਾਹਮਣੇ ਕਟੋਰਾ ਲੈ ਕੇ ਬੈਠ ਜਾਓ। ਬਿਨਾਂ ਕਿਸੇ ਪੂੰਜੀ ਦੇ ਹੀ ਪੈਸੇ ਕਮਾਓ।’’
ਸਟੀਫਨ ਕੁਝ ਦੇਰ ਤੱਕ ਉਸ ਨੂੰ ਘੂਰਦਾ ਰਿਹਾ। ਰਮਿੰਦਰ ਹੱਸ ਰਿਹਾ ਸੀ। ਅਚਾਨਕ ਸਟੀਫਨ ਹੱਸਿਆ, ‘‘ਯਾਰ, ਮੰਨਣਾ ਪਏਗਾ। ਤੂੰ ਜੀਨੀਅਸ ਹੈਂ। ਜਦੋਂ ਥੋੜ੍ਹੀ ਕੜਕੀ ਆ ਜਾਵੇ ਤਾਂ ਇਸ ਧੰਦੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਆਪਾਂ ਦੋਵੇਂ ਇਕੱਠੇ ਬੈਠ ਕੇ ਇਹ ਬਿਜ਼ਨਸ ਕਰਾਂਗੇ।’’
ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਸਾਡੇ ਪਹਿਲੇ ਕਾਰੋਬਾਰ ਦੀ ਨੀਂਹ ਦੁਰਗਾ ਪੂਜਾ ਪੰਡਾਲ ਵਿੱਚ ਰੱਖੀ ਗਈ। ਤਜਰਬਾ ਕੋਈ ਮਾੜਾ ਨਹੀਂ ਸੀ। ਪੂੰਜੀ ਨਾਲੋਂ ਪੰਜ ਗੁਣਾ ਵੱਧ ਕਮਾਈ ਹੋ ਗਈ ਸੀ।
ਮੁਹੱਲੇ ਵਿੱਚ ਦੁਰਗਾ ਪੂਜਾ ਲਈ ਵਿਸ਼ਾਲ ਪੰਡਾਲ ਲੱਗਾ ਹੋਇਆ ਸੀ। ਇਸ ਪੂਜਾ ਦਾ ਆਯੋਜਕ ਬੰਗਾਲੀ ਭਾਈਚਾਰਾ ਸੀ। ਸੱਤ-ਅੱਠ ਦਿਨ ਬਹੁਤ ਹੀ ਸ਼ਾਨਦਾਰ ਸਮਾਗਮ ਹੁੰਦਾ ਸੀ। ਨਿਰਮਾਣ ਲਈ ਕਲਕੱਤੇ ਤੋਂ ਕਲਾਕਾਰ ਬੁਲਾ ਕੇ ਵਿਸ਼ਾਲ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਸੀ। ਸਟੀਫਨ ਨੇ ਕਿਹਾ, ‘‘ਪਿਛਲੇ ਸਾਲ ਨਾਰੀਅਲ ਦੀ ਬਹੁਤ ਮੰਗ ਸੀ। ਇੱਕ ਰੁਪਏ ਦਾ ਨਾਰੀਅਲ ਦਸ-ਬਾਰਾਂ ਰੁਪਏ ਵਿੱਚ ਵਿਕਦਾ ਸੀ। ਮੈਂ ਸੋਚ ਰਿਹਾ ਹਾਂ ਕਿ ਇਸ ਵਾਰ ਪੰਡਾਲ ਵਿੱਚ ਨਾਰੀਅਲ ਵੇਚਣ ਦਾ ਕੰਮ ਕਰੀਏ। ਮੰਡੀ ਵਿੱਚੋਂ ਦੋ ਬੋਰੀਆਂ ਲੈ ਕੇ ਆਉਂਦੇ ਹਾਂ। ਜੇ ਇਹ ਵਿਕ ਗਿਆ ਤਾਂ ਹੋਰ ਲੈ ਆਵਾਂਗੇ।’’
ਰਮਿੰਦਰ ਕੁਝ ਦੇਰ ਸੋਚਦਾ ਰਿਹਾ। ਫਿਰ ਸਿਰ ਹਿਲਾ ਕੇ ਉਸ ਨੇ ਕਿਹਾ, ‘‘ਖਿਆਲ ਬੁਰਾ ਨਹੀਂ। ਪਰ ਕੀ ਤੁਸੀਂ ਇਹ ਕਾਰੋਬਾਰ ਇਕੱਲੇ ਕਰੋਗੇ ਜਾਂ ‘ਫੁੰਤੜੂ ਐਂਡ ਕੰਪਨੀ ਪ੍ਰਾਈਵੇਟ ਲਿਮਿਟਡ’ ਕਰੇਗਾ?’’
ਸਮੀਰ ਹੱਸਦਿਆਂ ਬੋਲਿਆ, ‘‘ਜੇਕਰ ਬੋਰਡ ਆਫ ਡਾਇਰੈਕਟਰਜ਼ ਦੀ ਸਹਿਮਤੀ ਹੋਈ ਤਾਂ ਇਹ ਕੰਮ ‘ਫੁੰਤੜੂ ਐਂਡ ਕੰਪਨੀ’ ਨੂੰ ਹੀ ਦਿੱਤਾ ਜਾਵੇਗਾ। ਪੂੰਜੀ ਦਾ ਪ੍ਰਬੰਧ ਵਿਭਾਸ ਤਿਵਾੜੀ ਵੱਲੋਂ ਕੀਤਾ ਜਾਵੇਗਾ ਭਾਵ ਫਾਈਨਾਂਸਰ ਤਿਵਾੜੀ ਜੀ ਹੋਣਗੇ। ਅਸੀਂ ਦੋਵੇਂ ਬਾਜ਼ਾਰ ਤੋਂ ਨਾਰੀਅਲ ਖਰੀਦ ਕੇ ਲਿਆਵਾਂਗੇ ਅਤੇ ਵੇਚਣ ਦਾ ਕੰਮ ਤੁਹਾਡੇ ਵਿੱਚੋਂ ਕੋਈ ਨਹੀਂ ਕਰੇਗਾ...। ਇਸ ਲਈ ਇਹ ਵਿਭਾਗ ਮੈਂ ਖ਼ੁਦ ਸੰਭਾਲਾਂਗਾ।’’
ਜ਼ਰਾ ਦੇਖੋ ਬਈ... ਮੈਂ ਅਸਲ ਗੱਲ ਤਾਂ ਦੱਸਣਾ ਭੁੱਲ ਹੀ ਗਿਆ ਕਿ ‘ਫੁੰਤੜੂ’ ਨਾਮ ਦਾ ਜਨਮ ਕਿਵੇਂ ਹੋਇਆ? ਉਨ੍ਹਾਂ ਦਿਨਾਂ ਵਿੱਚ ਰਮਿੰਦਰ ਬਹੁਤ ਉਦਾਸ ਸੀ। ਉਸ ਦਾ ਮਸਤੀ ’ਚ ਜਿਊਣ ਦਾ ਫਲਸਫ਼ਾ ਕੰਮ ਨਹੀਂ ਕਰ ਰਿਹਾ ਸੀ। ਉਸ ਦਾ ਛੋਟਾ ਭਰਾ ਸੁਰਿੰਦਰ ਅਮਰੀਕਾ ਤੋਂ ਆਇਆ ਹੋਇਆ ਸੀ। ਉਹ ਜਹਾਜ਼ ਰਾਹੀਂ ਦੇਸ਼-ਵਿਦੇਸ਼ ਵਿੱਚ ਘੁੰਮਦਾ ਰਹਿੰਦਾ। ਇਸ ਵਾਰ ਕਾਫ਼ੀ ਲੰਮੇ ਸਮੇਂ ਬਾਅਦ ਘਰ ਆਇਆ ਸੀ। ਜ਼ਾਹਿਰ ਹੈ, ਉਸ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਸੀ। ਉਸ ਦੇ ਮਨਪਸੰਦ ਪਕਵਾਨ ਅਤੇ ਖਾਣੇ ਹਰ ਰੋਜ਼ ਤਿਆਰ ਕੀਤੇ ਜਾ ਰਹੇ ਸਨ। ਖ਼ੈਰ, ਇੱਥੋਂ ਤੱਕ ਤਾਂ ਸਹੀ ਸੀ। ਕਦੇ-ਕਦਾਈਂ ਉਸ ਦੇ ਪਰੇਸ਼ਾਨ ਪਿਤਾ ਕੁਝ ਨਾ ਕੁਝ ਕਹਿ ਦਿੰਦੇ ਜਿਸ ਨਾਲ ਉਸ ਨੂੰ ਘਰ ਦੇ ਬਦਲੇ ਮਾਹੌਲ ਵਿੱਚ ਵਧੇਰੇ ਤਕਲੀਫ਼ ਹੁੰਦੀ। ਹੁਣ ਉਹ ਆਪਣੇ ਪਿਤਾ ਨਾਲ ਬਹਿਸ ਤਾਂ ਨਹੀਂ ਕਰ ਸਕਦਾ ਸੀ। ਸਾਰਾ ਗੁੱਸਾ ਸਾਡੇ ’ਤੇ ਹੀ ਕੱਢਦਾ। ਅਜਿਹੇ ਹੀ ਕਿਸੇ ਪਲ ਉਸ ਨੇ ਕਿਹਾ ਸੀ, ‘‘ਮੇਰੀ ਤਾਂ ਫੁੰਤੜੂ ਵਾਲੀ ਹਾਲਤ ਹੋ ਗਈ ਹੈ। ਘਰ ਵਿੱਚ ਜਿਸਨੂੰ ਵੇਖੋ, ਉਹੀ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ। ਮੈਂ ਇੱਕ ਕੰਨ ਤੋਂ ਸੁਣਦਾ ਹਾਂ ਤੇ ਦੂਜੇ ਤੋਂ ਕੱਢ ਦਿੰਦਾ ਹਾਂ। ਕਈ ਵਾਰੀ ਲਫ਼ਜ਼ ਕੁਰਾਹੇ ਪੈ ਕੇ ਦਿਮਾਗ਼ ਵੱਲ ਚਲੇ ਜਾਂਦੇ ਹਨ, ਫਿਰ ਇਹੋ ਇੱਛਾ ਹੁੰਦੀ ਹੈ ਕਿ ਇਸ ਘਰ ਨੂੰ ਹੀ ਛੱਡ ਦਿੱਤਾ ਜਾਏ।’’
ਉਸ ਦਿਨ ਸੰਜੋਗਵੱਸ ਸਟੀਫਨ ਵੀ ਕਿਸੇ ਗੱਲੋਂ ਆਪਣੀ ਮਾਂ ਨਾਲ ਨਾਰਾਜ਼ ਸੀ। ਮੇਰੇ ਪਰਿਵਾਰ ਵਿੱਚ ਤਾਂ ਹਰ ਰੋਜ਼ ਕੋਈ ਨਾ ਕੋਈ ਸਮੱਸਿਆ ਹੁੰਦੀ ਹੀ ਸੀ। ਸਟੀਫਨ ਬੋਲਿਆ, ‘‘ਓਏ, ਅਸੀਂ ਸਾਰੇ ਫੁੰਤੜੂ ਹਾਂ...। ਕੋਈ ਛੋਟਾ ਕੋਈ ਵੱਡਾ। ਭਲਾਈ ਏਸੇ ਵਿੱਚ ਹੈ ਕਿ ਘਰਦਿਆਂ ਦੀਆਂ ਸਾਰੀਆਂ ਗੱਲਾਂ ਇੱਕ ਕੰਨ ਨਾਲ ਸੁਣ ਕੇ ਦੂਜੇ ਕੰਨੋਂ ਬਾਹਰ ਕੱਢ ਦਿਓ ਤਾਂ ਹੀ ਮਸਤੀ ਕਾਇਮ ਰਹਿ ਸਕੇਗੀ।’’
ਬਸ ਅਸੀਂ ‘ਫੁੰਤੜੂ’ ਬਣ ਗਏ। ਉਦੋਂ ਗੂਗਲ ਨਹੀਂ ਸੀ। ਅੱਜ ਗੂਗਲ ਹੈ ਅਤੇ ਹਰ ਸ਼ਬਦ ਨੂੰ ਸਮਝਾਉਣ ਦੇ ਸਮਰੱਥ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਅਰਥ ਨਹੀਂ ਲੱਭ ਸਕਿਆ। ਹੋ ਸਕਦਾ ਹੈ ਕਿ ਰਮਿੰਦਰ ਨੂੰ ਇਸ ਦਾ ਮਤਲਬ ਪਤਾ ਹੋਵੇ ਪਰ ਰਮਿੰਦਰ ਤੋਂ ਵਿੱਛੜਿਆਂ ਤਾਂ ‘ਯੁੱਗ’ ਬੀਤ ਗਿਆ ਹੈ...।
ਰਮਿੰਦਰ ਸਭ ਤੋਂ ਵੱਡਾ ਫੁੰਤੜੂ, ਸਟੀਫਨ ਦੋ ਨੰਬਰੀ ਫੁੰਤੜੂ ਅਤੇ ਮੈਂ ਸਭ ਤੋਂ ਫਾਡੀ ਫੁੰਤੜੂ ਸਾਂ। ਅੱਗੇ ਚੱਲ ਕੇ ਇਹ ਨਾਂ ਸੰਖੇਪ ਹੋ ਗਏ ਅਤੇ ਅਸੀਂ ਇੱਕ ਦੂਜੇ ਨੂੰ ਵੱਡਾ, ਦੋ ਨੰਬਰੀ ਅਤੇ ਫਾਡੀ ਕਹਿ ਕੇ ਸੰਬੋਧਨ ਕਰਦੇ ਸਾਂ। ਫੁੰਤੜੂ ਸਾਈਲੈਂਟ ਸੀ ਜਿਸ ਨੂੰ ਅਸੀਂ ਸਮਝ ਲੈਂਦੇ ਸਾਂ। ਅਸੀਂ ਇਸ ਸ਼ਬਦ ਨੂੰ ਵਿਸ਼ੇਸ਼ ਹਾਲਤਾਂ ਵਿੱਚ ਯਾਦ ਕਰਦੇ ਸਾਂ।
ਗੱਲ ਹੋ ਰਹੀ ਸੀ ਦੁਰਗਾ ਪੂਜਾ ਪੰਡਾਲ ਵਿੱਚ ਨਾਰੀਅਲ ਵੇਚਣ ਦੀ...। ਦੋਵੇਂ ਸੱਤ ਸੌ ਰੁਪਏ ਲੈ ਕੇ ਬਾਜ਼ਾਰ ਚਲੇ ਗਏ। ਉਸ ਸੱਤ ਸੌ ਰੁਪਏ ਵਿੱਚੋਂ ਮੈਂ ਪੰਜ ਸੌ ਰੁਪਏ ਦਿੱਤੇ ਸਨ ਅਤੇ ਮਿੰਨੀ ਆਂਟੀ ਨੇ ਦੋ ਸੌ ਰੁਪਏ ਦੀ ਮਦਦ ਕੀਤੀ ਸੀ। ਨਾਰੀਅਲ ਦੀਆਂ ਤਿੰਨ ਬੋਰੀਆਂ ਆ ਚੁੱਕੀਆਂ ਸਨ ਜੋ ਦੋ ਦਿਨਾਂ ਵਿੱਚ ਹੀ ਵਿਕ ਗਈਆਂ। ਅਸੀਂ ਉਤਸ਼ਾਹਿਤ ਸਾਂ। ਦੂਜੀ ਖੇਪ ਵਿੱਚ ਨਾਰੀਅਲ ਦੀ ਮਾਤਰਾ ਦੁੱਗਣੀ ਕਰ ਦਿੱਤੀ ਗਈ। ਕੁਝ ਪੈਸੇ ਬਚੇ ਤਾਂ ਅਸੀਂ ਉਸ ਦੇ ਫੁੱਲ ਅਤੇ ਮਾਲਾ ਖਰੀਦ ਲਿਆਏ। ਇਸ ਦੀ ਵੀ ਕਾਫ਼ੀ ਮੰਗ ਸੀ। ਉਮੀਦ ਤੋਂ ਵੱਧ ਕਮਾਈ ਕੀਤੀ। ਸੱਚਾਈ ਤਾਂ ਇਹ ਸੀ ਕਿ ਮੈਨੂੰ ਅਤੇ ਰਮਿੰਦਰ ਨੂੰ ਨਾਰੀਅਲ ਵੇਚਦਿਆਂ ਸ਼ਰਮ ਆ ਰਹੀ ਸੀ। ਅਸੀਂ ਦੂਰ ਹੀ ਰਹਿੰਦੇ ਸਾਂ। ਸਾਰੀ ਮਿਹਨਤ ਸਟੀਫਨ ਦੀ ਸੀ। ਮੇਰੇ ਪੈਸੇ ਵਾਪਸ ਮਿਲ ਗਏ। ਮਿੰਨੀ ਆਂਟੀ ਦਾ ਕਰਜ਼ਾ ਵੀ ਚੁਕਾਇਆ ਗਿਆ। ਬਰਗਦੀ ਦਾ ਉਧਾਰ ਮੁਨਾਫ਼ੇ ਦੇ ਪੈਸਿਆਂ ਨਾਲ ਮੋੜਿਆ ਅਤੇ ਅਮਿਤਾਭ ਬੱਚਨ ਦੀ ਨਵੀਂ ਫਿਲਮ ‘ਜ਼ੰਜੀਰ’ ਦੇਖੀ। ਰੀਟਾ ਵੀ ਸਾਡੇ ਨਾਲ ਸੀ। ਮੈਂ ਰਮਿੰਦਰ ਨਾਲ ਸਾਈਕਲ ’ਤੇ ਨਿਸ਼ਾਤ ਟਾਕੀਜ਼ ਗਿਆ ਜਦੋਂਕਿ ਸਟੀਫਨ ਆਟੋ ਰਾਹੀਂ ਗਿਆ ਸੀ। ਆਟੋ ਦਾ ਭੁਗਤਾਨ ਉਹਨੇ ਖ਼ੁਦ ਕੀਤਾ ਸੀ। ਹਾਂ, ਫਿਲਮ ਦੀਆਂ ਟਿਕਟਾਂ ਅਤੇ ਫਿਰ ਕ੍ਰਿਸ਼ਨਾ ਸਵੀਟਸ ਦੇ ਸ਼ੁੱਧ ਘਿਓ ਦੀਆਂ ਕਚੌਰੀਆਂ ਦੇ ਪੈਸੇ ਅਸੀਂ ਲਾਭ ਦੀ ਕਮਾਈ ਨਾਲ ਅਦਾ ਕੀਤੇ ਸਨ। ਅਗਲੇ ਦਿਨ ਫਿਰ ਦੋਵਾਂ ਦੀਆਂ ਜੇਬਾਂ ਖਾਲੀ ਸਨ।
ਨਾਰੀਅਲ ਵੇਚਣ ਨਾਲ ਇੱਕ ਤਜਰਬਾ ਜ਼ਰੂਰ ਮਿਲਿਆ। ਤਿਉਹਾਰ ਵਿੱਚ ਫੁਟਕਲ ਕੰਮ ਕਰਕੇ ਪੈਸਾ ਕਮਾਇਆ ਜਾ ਸਕਦਾ ਹੈ। ਦੀਵਾਲੀ ਦਾ ਤਿਉਹਾਰ ਨੇੜੇ ਸੀ। ਧਨਤੇਰਸ ਦੌਰਾਨ ਭਾਂਡਿਆਂ ਦੀ ਦੁਕਾਨ ਲਗਾਉਣ ਬਾਰੇ ਵਿਚਾਰ ਸ਼ੁਰੂ ਹੋਇਆ। ਇਸ ਵਿੱਚ ਕੋਈ ਖ਼ਤਰਾ ਨਹੀਂ ਸੀ। ਇਹ ਭਾਂਡੇ ਬਿਨਾਂ ਕਿਸੇ ਭੁਗਤਾਨ ਦੇ ਰਮਿੰਦਰ ਦੇ ਕਿਸੇ ਜਾਣਕਾਰ ਥੋਕ ਭਾਂਡੇ ਵੇਚਣ ਵਾਲੇ ਤੋਂ ਮਿਲ ਜਾਣੇ ਸਨ। ਮਾਲ ਵਿਕਣ ਮਗਰੋਂ ਹਿਸਾਬ-ਕਿਤਾਬ ਕਰਨਾ ਸੀ। ਜਿਹੜੇ ਭਾਂਡੇ ਨਹੀਂ ਵਿਕਣੇ ਸਨ, ਉਨ੍ਹਾਂ ਦੀ ਵਾਪਸੀ ਵੀ ਸੀ। ਸਾਡੀ ਸਿਰਫ਼ ਮਿਹਨਤ ਸੀ। ਸਿਰਫ਼ ਤਿੰਨ ਦਿਨ ਦੀ ਖੇਡ ਸੀ।
ਸਟੀਫਨ ਹੱਸਿਆ, ‘‘ਵਾਹ...! ਬਿਜ਼ਨਸ ਤਾਂ ਇਸ ਤਰ੍ਹਾਂ ਦ‍ਾ ਹੋਣਾ ਚਾਹੀਦਾ ਹੈ। ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ...। ਛੇਤੀ ਹਾਂ ਕਰ ਦਿਓ...।’’
ਅਸੀਂ ਧਨਤੇਰਸ ਦੌਰਾਨ ਭਾਂਡੇ ਵੇਚੇ। ਇਸ ਵਾਰ ਜੋਸ਼ ਕੁਝ ਜ਼ਿਆਦਾ ਹੀ ਸੀ। ਉਂਜ ਵੀ ਇਹ ਕੰਮ ਇਕੱਲੇ ਸਟੀਫਨ ਦੇ ਵੱਸ ਦਾ ਨਹੀਂ ਸੀ। ਝਿਜਕ ਛੱਡ ਕੇ ਮੈਨੂੰ ਅਤੇ ਰਮਿੰਦਰ ਨੂੰ ਵੀ ਕੰਮ ਕਰਨਾ ਪਿਆ। ਨਤੀਜਾ ਇਹ ਨਿਕਲਿਆ ਕਿ ਮੇਰੇ ਘਰ ਵਾਲਿਆਂ ਨੂੰ ਸਾਡੇ ਤਿੰਨਾਂ ਬਾਰੇ ਪਤਾ ਲੱਗ ਗਿਆ। ਪਿਤਾ ਜੀ ਨੇ ਮੈਨੂੰ ਭਾਂਡੇ ਵੇਚਦਿਆਂ ਦੇਖ ਲਿਆ। ਉਨ੍ਹਾਂ ਨੇ ਮੇਰੀ ਇਸ ਹਰਕਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਮਾਂ ਨੂੰ ਸੰਬੋਧਿਤ ਹੁੰਦਿਆਂ ਬੋਲੇ, ‘‘ਤੈਨੂੰ ਆਪਣੇ ਬੇਟੇ ’ਤੇ ਬਹੁਤ ਮਾਣ ਸੀ। ਉਹ ਕਸਬੇ ਦੇ ਲਫੰਗਿਆਂ ਨਾਲ ਭਾਂਡੇ ਵੇਚ ਰਿਹਾ ਹੈ। ਇਹੋ ਸਭ ਕਰਨਾ ਸੀ ਤਾਂ ਪੜ੍ਹਾਈ ਦੇ ਨਾਮ ’ਤੇ ਫ਼ਜ਼ੂਲ-ਖਰਚੀ ਕਿਉਂ ਕਰਵਾ ਰਿਹਾ ਹੈ? ਕਿਤੇ ਚਾਹ-ਪਕੌੜੇ ਦੀ ਦੁਕਾਨ ਖੋਲ੍ਹ ਲੈਂਦਾ।’’
ਮੈਂ ਬਰਗਦੀ ਦੀ ਦੁਕਾਨ ’ਤੇ ਬੈਠਿਆਂ ਇਸ ਗੱਲ ਦੀ ਚਰਚਾ ਕੀਤੀ, ‘‘ਯਾਰ ਰਮਿੰਦਰ...! ਪਿਤਾ ਜੀ ਬਹੁਤ ਗੁੱਸੇ ਹੋ ਗਏ ਹਨ। ਉਹ ਕਹਿ ਰਹੇ ਸਨ ਕਿ ਪੜ੍ਹਾਈ-ਲਿਖਾਈ ਦੀ ਕੀ ਲੋੜ ਹੈ। ਚਾਹ-ਪਕੌੜਿਆਂ ਦੀ ਦੁਕਾਨ ਖੋਲ੍ਹ ਲਵੇ।’’
ਹਮੇਸ਼ਾ ਵਾਂਗ ਸਟੀਫਨ ਖਿੜਖਿੜਾ ਕੇ ਹੱਸ ਪਿਆ। ਮੈਨੂੰ ਅੱਜ ਉਸਦਾ ਹਾਸਾ ਚੰਗਾ ਨਹੀਂ ਲੱਗ ਰਿਹਾ ਸੀ। ਮੈਂ ਉਸ ਵੱਲ ਘੂਰ ਕੇ ਵੇਖਦਿਆਂ ਕਿਹਾ, ‘‘ਯਾਰ ਸਟੀਫਨ...! ਕਦੇ ਤਾਂ ਗੰਭੀਰ ਹੋ ਜਾਇਆ ਕਰ।’’ ਸਟੀਫਨ ਹੱਸਦਾ ਰਿਹਾ। ਫਿਰ ਇਕਦਮ ਗੰਭੀਰ ਹੋਣ ਦਾ ਸਾਂਗ ਕਰਦਿਆਂ ਬੋਲਿਆ, ‘‘ਬਈ, ਤੇਰੇ ਪਿਤਾ ਦੀ ਸਲਾਹ ਮਾੜੀ ਨਹੀਂ ਹੈ। ਅਗਲੀ ਵਾਰ ਦੁਰਗਾ ਪੂਜਾ ਪੰਡਾਲ ਵਿੱਚ ਚਾਹ-ਪਕੌੜਿਆਂ ਦੀ ਦੁਕਾਨ ਲਾਵਾਂਗੇ। ਦੁਕਾਨ ਦਾ ਨਾਂ ‘ਫੁੰਤੜੂ ਭੁਜੀਆ ਸ਼ਾਪ’ ਹੋਵੇਗਾ। ਵੇਖੀਂ ਨੋਟਾਂ ਦੀ ਵਰਖਾ ਹੋਵੇਗੀ।”
ਰਮਿੰਦਰ ਵੀ ਹੱਸਣ ਲੱਗਾ, ‘‘ਵਾਹ! ਕਿਆ ਆਇਡੀਆ ਹੈ ਜਨਾਬ! ਅਸੀਂ ਭਲਕੇ ਤੋਂ ਹੀ ਭੁਜੀਆ ਵਾਸਤੇ ਵੇਸਣ ਫੈਂਟਣਾ ਸ਼ੁਰੂ ਕਰ ਦੇਵਾਂਗੇ।’’
ਇਸ ਵਾਰ ਮੇਰੇ ਬੁੱਲ੍ਹਾਂ ’ਤੇ ਵੀ ਮੁਸਕਰਾਹਟ ਆ ਗਈ। ਅਚਾਨਕ ਸਟੀਫਨ ਗੰਭੀਰ ਹੋ ਗਿਆ, ‘‘ਤੁਸੀਂ ਲੋਕ ਖੁਸ਼ਕਿਸਮਤ ਹੋ। ਤੁਹਾਡੇ ਸਿਰ ’ਤੇ ਪਿਤਾ ਦਾ ਹੱਥ ਹੈ। ਉਹ ਤੁਹਾਡੇ ਭਵਿੱਖ ਬਾਰੇ ਚਿੰਤਤ ਹਨ। ਉਹ ਗੁੱਸੇ ਵਿੱਚ ਬੋਲ ਗਏ ਹਨ। ਇਸ ਨੂੰ ਗੰਭੀਰਤਾ ਨਾਲ ਨਾ ਲਓ।’’
ਮੈਂ ਇਨ੍ਹਾਂ ਦੋ ਮਿੱਤਰਾਂ ਨੂੰ ਕਦੇ ਘਰ ਨਹੀਂ ਲਿਆਇਆ ਸਾਂ। ਵੈਸੇ ਵੀ ਮੇਰੇ ਘਰ ਵਿੱਚ ਨਿੱਜਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਨ੍ਹਾਂ ਨੂੰ ਕਿੱਥੇ ਬਿਠਾਉਂਦਾ... ਭਾਵੇਂ ਮਾਂ ਨੂੰ ਉਨ੍ਹਾਂ ਦੇ ਆਉਣ ’ਤੇ ਕੋਈ ਇਤਰਾਜ਼ ਨਹੀਂ ਸੀ ਪਰ ਪਿਤਾ ਜੀ ਨੂੰ ਪਤਾ ਲੱਗ ਜਾਂਦਾ ਤਾਂ ਭੂਚਾਲ ਆ ਜਾਂਦਾ। ਰਮਿੰਦਰ ਦੇ ਘਰ ਵੀ ਪਿਤਾ ਦਾ ਹੀ ਖ਼ੌਫ਼ ਸੀ ਪਰ ਸਟੀਫਨ ਦੇ ਘਰ ਪੂਰੀ ਆਜ਼ਾਦੀ ਸੀ। ਉਸ ਦੀ ਮਾਂ ਸਾਨੂੰ ਦੇਖ ਕੇ ਖ਼ੁਸ਼ ਹੋ ਜਾਂਦੀ ਸੀ, ‘‘ਆਓ ਮੇਰੇ ਬੱਚਿਓ... ਤੁਸੀਂ ਕਾਫ਼ੀ ਸਮੇਂ ਬਾਅਦ ਆਏ ਹੋ। ਤੁਸੀਂ ਠੀਕ ਠਾਕ ਤਾਂ ਹੋ!’’ ਸਾਨੂੰ ਆਪਣੇ ਘਰਾਂ ਵਿੱਚ ਇੰਨੀ ਆਜ਼ਾਦੀ ਵੀ ਨਹੀਂ ਮਿਲਦੀ ਸੀ। ਇੱਥੇ ਨਾ ਸਿਰਫ਼ ਮਸਾਲੇਦਾਰ ਚਾਹ ਮਿਲਦੀ ਸਗੋਂ ਘਰ ਦੇ ਬਣੇ ਕੇਕ ਅਤੇ ਨਮਕਪਾਰੇ ਵੀ ਖਾਣ ਨੂੰ ਮਿਲਦੇ। ਜੇ ਕਦੇ ਮਿੰਨੀ ਆਂਟੀ ਹੁੰਦੇ, ਫਿਰ ਤਾਂ ਪੁੱਛੋ ਹੀ ਨਾ... ਉਹ ਬਹੁਤ ਮਜ਼ਾਕੀਆ ਸਨ। ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਸਟੀਫਨ ਹੀ ਹੁੰਦਾ ਸੀ। ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀ। ਉਨ੍ਹਾਂ ਨੇ ਸਟੀਫਨ ਨੂੰ ਕਿਹਾ, ‘‘ਓ ਬਈ ਸਿੱਪੂ...! ਗੀਤਾ ਦੱਤ ਸਪੈਸ਼ਲ ਵਾਲਾ ਰਿਕਾਰਡ ਤਾਂ ਲਗਾ।’’ ਸਟੀਫਨ ਨੇ ਕਿਹਾ, ‘‘ਗੀਤਾ ਦੱਤ ਸਪੈਸ਼ਲ ਤਾਂ ਨਹੀਂ ਹੈ। ਫਿਲਮ ਆਰ-ਪਾਰ ਦੇ ਗੀਤ ਹਨ।’’
ਆਰ-ਪਾਰ ਦ‍ਾ ਗੀਤ ਵੱਜਣ ਲੱਗਾ। ਮਿੰਨੀ ਆਂਟੀ ਨੂੰ ਪਤਾ ਸੀ ਕਿ ਕਿਹੜਾ ਗੀਤ ਚੱਲਣ ਵਾਲਾ ਹੈ। ਉਹ ਮਿੰਨਾ-ਮਿੰਨਾ ਮੁਸਕਰਾ ਰਹੀ ਸੀ। ਗੀਤਾ ਦੱਤ ਦੀ ਮਧੁਰ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਣ ਲੱਗੀ -
ਬਾਬੂ ਜੀ ਧੀਰੇ ਚਲਨਾ
ਪਿਆਰ ਮੇਂ ਜ਼ਰਾ ਸੰਭਲਨਾ
ਹਾਂ, ਬੜੇ ਧੋਖੇ ਹੈਂ
ਬੜੇ ਧੋਖੇ ਹੈਂ ਇਸ ਰਾਹ ਮੇਂ...
ਮਿੰਨੀ ਆਂਟੀ ਉੱਠੀ ਅਤੇ ਗੀਤਾ ਦੱਤ ਵਾਂਗ ਨੱਚਣ ਲੱਗੀ। ਸਾਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਸਟੀਫਨ ਨੂੰ ਛੇੜ ਰਹੀ ਸੀ। ਸਟੀਫਨ ਆਂਟੀ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਮੰਮੀ ਕੁਝ ਚਿਰ ਆਪਣੀ ਭੈਣ ਨੂੰ ਨੱਚਦੀ ਦੇਖਦੀ ਰਹੀ ਤੇ ਫਿਰ ਹੱਸ ਕੇ ਬੋਲੀ, ‘‘ਬਸ ਕਰ ਮਿੰਨੀ, ਕਿਉਂ ਮੁੰਡੇ ਨੂੰ ਪਰੇਸ਼ਾਨ ਕਰ ਰਹੀ ਹੈਂ।’’ ਉਸ ਛੋਟੇ ਜਿਹੇ ਘਰ ਵਿੱਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਫੈਲੀਆਂ ਹੋਈਆਂ ਸਨ। ਸਾਡੇ ਅੰਦਰ ਦਾ ਤਣਾਓ ਪਿਘਲਣ ਲੱਗਦ‍ਾ ਸੀ। ਸ਼ਾਇਦ ਇਸੇ ਲਈ ਅਸੀਂ ਵਾਰ-ਵਾਰ ਉੱਥੇ ਇਕੱਠੇ ਹੁੰਦੇ। ਬਰਗਦੀ ਦੀ ਚਾਹ ਦੀ ਦੁਕਾਨ ਤੋਂ ਬਾਅਦ ਸਟੀਫਨ ਦਾ ਘਰ ਸਾਡੇ ਲਈ ਦੂਜਾ ਮਿਲਣ ਦਾ ਸਥਾਨ ਸੀ।
ਦੀਵਾਲੀ ਵੇਲੇ ਪਿਤਾ ਜੀ ਨੇ ਮੈਨੂੰ ਭਾਂਡੇ ਵੇਚਦਿਆਂ ਦੇਖ ਲਿਆ। ਉਹ ਆਪ ਤਾਂ ਕੁਝ ਨਾ ਬੋਲੇ ਪਰ ਮਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ, ‘‘ਵਿਭਾਸ...! ਤੂੰ ਸਮਝ... ਇਹ ਚੰਗੇ ਮੁੰਡੇ ਨਹੀਂ। ਇਹ ਸਾਰੇ ਲਫ਼ੰਗੇ ਹਨ। ਚੌਰਾਹੇ ’ਤੇ ਚਾਹ ਦੀ ਸਟਾਲ ’ਤੇ ਬੈਠ ਕੇ ਸਿਗਰਟਾਂ ਪੀਂਦੇ ਹਨ। ਤੇਰੇ ਪਿਤਾ ਜੀ ਨੇ ਤੈਨੂੰ ਕਈ ਵਾਰ ਉਨ੍ਹਾਂ ਕੋਲ ਬੈਠਿਆਂ ਦੇਖਿਆ ਹੈ। ਤੈਨੂੰ ਸਮਝ ਨਹੀਂ ਆ ਰਹੀ। ਤੂੰ ਸਾਡੇ ਸਾਰਿਆਂ ਦਾ ਸੁਪਨਾ ਹੈਂ। ਉਸ ਦਿਨ ਤੈਨੂੰ ਬਜ਼ਾਰ ਵਿੱਚ ਭਾਂਡੇ ਵੇਚਦਿਆਂ ਵੇਖ ਕੇ ਤੇਰੇ ਪਿਤਾ ਜੀ ਨੂੰ ਬਹੁਤ ਦੁੱਖ ਹੋਇਆ ਸੀ।’’
ਮੈਨੂੰ ਮਾਂ ਦਾ ਆਪਣੇ ਦੋਸਤਾਂ ਬਾਰੇ ਇਸ ਤਰ੍ਹਾਂ ਬੋਲਣਾ ਬਿਲਕੁਲ ਹੀ ਚੰਗਾ ਨਹੀਂ ਲੱਗਿਆ ਪਰ ਮੇਰਾ ਕੋਈ ਵੀ ਪ੍ਰਤੀਕਰਮ ਸਿੱਧਾ ਮੇਰੇ ਪਿਤਾ ਤੱਕ ਪਹੁੰਚਣਾ ਸੀ ਅਤੇ ਫਿਰ ਮਾਮਲਾ ਗੜਬੜ ਹੋ ਜਾਣਾ ਸੀ। ਇਸੇ ਲਈ ਮੈਂ ਸਿਰ ਝੁਕਾ ਕੇ ਸਭ ਕੁਝ ਸੁਣਦਾ ਰਿਹਾ।
ਸੱਚ ਇਹ ਸੀ ਕਿ ਉਨ੍ਹੀਂ ਦਿਨੀਂ ਮੇਰਾ ਕੋਈ ਸੁਪਨਾ ਨਹੀਂ ਸੀ। ਮੈਂ ਜਿੱਥੋਂ ਤੱਕ ਸੋਚ ਸਕਦਾ ਸੀ, ਸੋਚਦਾ ਰਹਿੰਦਾ ਅਤੇ ਨਿਰਾਸ਼ਾ ਹੀ ਹੱਥ ਲੱਗਦੀ। ਗ੍ਰੈਜੂਏਸ਼ਨ ਖ਼ਤਮ ਹੋ ਚੁੱਕੀ ਸੀ। ਜੋ ਵੀ ਸਰਕਾਰੀ ਅਸਾਮੀਆਂ ਨਿਕਲਦੀਆਂ ਆਪਣੀ ਯੋਗਤਾ ਅਨੁਸਾਰ ਭਰਦਾ ਰਹਿੰਦਾ। ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੇਰੇ ਮਾਤਾ-ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਮੈਨੂੰ ਜਲਦੀ ਤੋਂ ਜਲਦੀ ਸਰਕਾਰੀ ਨੌਕਰੀ ਮਿਲ ਜਾਵੇ। ਕਾਲਜ ਹੁਣ ਜਾਣਾ ਨਹੀਂ ਸੀ। ਘਰ ਵਿੱਚ ਅਜੀਬ ਜਿਹਾ ਤਣਾਅ ਪਸਰਿਆ ਰਹਿੰਦਾ। ਜ਼ਿਆਦਾਤਰ ਸਮਾਂ ਮੁਕਾਬਲੇ ਦੀ ਤਿਆਰੀ ਵਿੱਚ ਹੀ ਲਾਉਂਦਾ ਸਾਂ। ਮੈਨੂੰ ਪਤਾ ਸੀ ਕਿ ਜੇ ਮੈਨੂੰ ਜਲਦੀ ਨੌਕਰੀ ਨਾ ਮਿਲੀ ਤਾਂ ਮੇਰੇ ਪਿਤਾ ਦਾ ਸਬਰ ਟੁੱਟ ਜਾਵੇਗਾ ਅਤੇ ਘਰ ਵਿੱਚ ਹਫੜਾ-ਦਫੜੀ ਮਚ ਜਾਵੇਗੀ। ਅਜਿਹੇ ਦਬਾਅ ਦੇ ਸਮੇਂ ਵਿੱਚ ਲਾਇਕ ਪੁੱਤਰ ਬਣਨ ਨਾਲੋਂ ਫੁੰਤੜੂ ਬਣਨਾ ਬਿਹਤਰ ਜਾਪਦਾ ਸੀ। ਉਨ੍ਹਾਂ ਦੋਵਾਂ ਨਾਲ ਬੈਠ ਕੇ ਮੇਰੇ ਅੰਦਰ ਦਾ ਤਣਾਅ ਪਿਘਲਣ ਲੱਗਦਾ ਸੀ। ਉਸ ਸਮੇਂ ਉਹ ਮੈਨੂੰ ਪਰਿਵਾਰ ਨਾਲੋਂ ਜ਼ਿਆਦਾ ਆਪਣੇ ਲੱਗਦੇ ਸਨ। ਮੈਨੂੰ ਨਹੀਂ ਪਤਾ ਸੀ ਕਿ ਮੈਂ ਸਹੀ ਸੀ ਜਾਂ ਗ਼ਲਤ ਪਰ ਉਦੋਂ ਮੇਰੇ ਕੋਲ ਆਪਣੇ ਦੁੱਖ-ਦਰਦ ਸਾਂਝੇ ਕਰਨ ਲਈ ਉਹ ਦੋਵੇਂ ਹੀ ਸਨ।
ਉਂਜ ਤਾਂ ਕਾਲਜ ਦੇ ਵੀ ਕਈ ਦੋਸਤ ਸਨ ਪਰ ਉਨ੍ਹਾਂ ਕੋਲ ਜਾਣ ਵਿੱਚ ਹੀਣ-ਭਾਵਨਾ ਮਹਿਸੂਸ ਹੁੰਦੀ ਸੀ। ਕੁਝ ਤਾਂ ਸਕੂਲ ਤੋਂ ਹੀ ਇਕੱਠੇ ਪੜ੍ਹੇ ਸਨ। ਜੋ ਬਹੁਤ ਹੁਸ਼ਿਆਰ ਸਨ, ਉਹ ਪ੍ਰੋਫੈਸ਼ਨਲ ਕੋਰਸਾਂ ਵਿੱਚ ਚਲੇ ਗਏ ਸਨ। ਕੁਝ ਇੰਜੀਨੀਅਰਿੰਗ ਕਰਨ ਚਲੇ ਗਏ ਸਨ। ਜਿਨ੍ਹਾਂ ਨੇ ਮੇਰੇ ਨਾਲ ਗ੍ਰੈਜੂਏਸ਼ਨ ਕੀਤੀ ਸੀ, ਹੁਣ ਉਹ ਪੋਸਟ ਗ੍ਰੈਜੂਏਸ਼ਨ ਕਰ ਰਹੇ ਸਨ। ਹਰ ਇੱਕ ਦਾ ਆਪਣਾ ਮਕਸਦ ਸੀ। ਮੇਰੇ ਕੋਲ ਕੁਝ ਨਹੀਂ ਸੀ...। ਹੌਲੀ-ਹੌਲੀ ਮੇਰੇ ਬੁੱਲ੍ਹਾਂ ਨੇ ਮੁਸਕਰਾਉਣਾ ਬੰਦ ਕਰ ਦਿੱਤਾ ਸੀ। ਸ਼ੁਕਰ ਹੈ ਕਿ ਮੇਰੇ ਕੋਲ ਸਟੀਫਨ ਅਤੇ ਰਮਿੰਦਰ ਵਰਗੇ ਦੋਸਤ ਸਨ।
ਇਹ ਕੁਦਰਤ ਦਾ ਨਿਯਮ ਹੈ। ਸੰਸਾਰ ਵਿੱਚ ਕੁਝ ਵੀ ਸਥਾਈ ਨਹੀਂ। ਫਿਰ ਅਸੀਂ ਤਿੰਨੇ ਭਲਾ ਸਦਾ ਲਈ ਇਕੱਠੇ ਕਿਵੇਂ ਰਹਿ ਸਕਦੇ ਸਾਂ...?
ਇੱਕ ਦਿਨ ਰਮਿੰਦਰ ਬਰਗਦੀ ਦੀ ਦੁਕਾਨ ’ਤੇ ਮੂੰਹ ਲਟਕਾਈ ਬੈਠਾ ਸੀ। ਸਟੀਫਨ ਵੀ ਕੋਲ ਬੈਠਾ ਸਿਗਰਟ ਦੇ ਛੱਲੇ ਬਣਾ ਰਿਹਾ ਸੀ। ਮੈਨੂੰ ਦੇਖਦਿਆਂ ਹੀ ਉਹ ਚਹਿਕਣ ਲੱਗਾ, ‘‘ਓ ਵਿਭਾਸ ਭਰਾਵਾ...! ਤੂੰ ਕਿੱਥੇ ਰਹਿ ਗਿਆ...? ਅੱਜ ਬਹੁਤ ਖ਼ੁਸ਼ੀ ਦਾ ਦਿਨ ਹੈ। ਆਪਣਾ ਯਾਰ ਕਮਾਊ ਪੁੱਤ ਬਣ ਗਿਆ ਹੈ।’’
ਹੁਣ ਹੈਰਾਨ ਹੋਣ ਦੀ ਵਾਰੀ ਮੇਰੀ ਸੀ, ‘‘ਬਈ ਵਾਹ! ਇਸ ਤੋਂ ਚੰਗੀ ਖ਼ਬਰ ਹੋਰ ਕੀ ਹੋ ਸਕਦੀ ਹੈ! ਪਰ ਇਹਦਾ ਚਿਹਰਾ ਇਸ ਤਰ੍ਹਾਂ ਕਿਉਂ ਲਟਕਿਆ ਹੋਇਆ ਹੈ?’’
‘‘ਸਾਥੋਂ ਵਿੱਛੜਨ ਦਾ ਗ਼ਮ ਸਤਾ ਰਿਹਾ ਹੈ। ਦੁਨੀਆ ਵਿੱਚ ਸਭ ਕੁਝ ਮਿਲ ਜਾਵੇਗਾ ਪਰ ਫੁੰਤੜੂ ਨਹੀਂ ਮਿਲਣਗੇ। ਭਰਾ ਇਹ ਸ਼ਹਿਰ ਛੱਡ ਕੇ ਦੇਹਰਾਦੂਨ ਜਾ ਰਿਹਾ ਹੈ...।’’ ਸਟੀਫਨ ਦੀ ਆਵਾਜ਼ ਵੀ ਭਾਰੀ ਹੋ ਗਈ ਸੀ। ਮੈਨੂੰ ਲੱਗਿਆ ਕਿ ਕਿਤੇ ਉਹ ਰੋਣ ਨਾ ਲੱਗ ਪਵੇ।
ਉਦੋਂ ਉੱਤਰਾਖੰਡ ਨਹੀਂ ਬਣਿਆ ਸੀ। ਇਹ ਉੱਤਰ ਪ੍ਰਦੇਸ਼ ਦਾ ਹਿੱਸਾ ਸੀ। ਰਮਿੰਦਰ ਦੇ ਪਿਤਾ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਉਸ ਨੂੰ ਕਿਸੇ ਸਰਕਾਰੀ ਫੈਕਟਰੀ ਦੇ ਸੇਫਟੀ ਵਿਭਾਗ ਵਿੱਚ ਫਾਇਰਮੈਨ ਦੀ ਨੌਕਰੀ ਦਿਵਾ ਦਿੱਤੀ ਸੀ। ਛੇ ਮਹੀਨੇ ਦੀ ਟਰੇਨਿੰਗ ਸੀ। ਫਿਰ ਪੱਕੀ ਨੌਕਰੀ...। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਇਹ ਖ਼ਬਰ ਸੁਣ ਕੇ ਮੈਨੂੰ ਵਿਛੋੜੇ ਦੇ ਦਰਦ ਨਾਲੋਂ ਵੱਧ ਈਰਖਾ ਹੋਈ ਕਿ ਮੈਂ ਹੱਥ-ਪੈਰ ਹੀ ਮਾਰਦਾ ਰਹਿ ਅਤੇ ਪੱਠੇ ਨੇ ਬਾਜ਼ੀ ਮਾਰ ਲਈ।
ਰਮਿੰਦਰ ਚਲਾ ਗਿਆ। ਹੁਣ ਅਸੀਂ ਦੋ ਰਹਿ ਗਏ ਸਾਂ। ਅਸੀਂ ਹਰ ਰੋਜ਼ ਬਰਗਦੀ ਦੀ ਦੁਕਾਨ ’ਤੇ ਬੈਠ ਕੇ ਰਮਿੰਦਰ ਬਾਰੇ ਚਰਚਾ ਕਰਦੇ। ਸਾਨੂੰ ਉਸ ਦੀ ਚਿੱਠੀ ਦੀ ਉਡੀਕ ਸੀ। ਉਸ ਨੇ ਸਟੀਫਨ ਦਾ ਐਡਰੈੱਸ ਲੈ ਲਿਆ ਸੀ। ਜਿਉਂ ਹੀ ਅਸੀਂ ਸ਼ਾਮ ਨੂੰ ਮਿਲਦੇ, ਮੇਰਾ ਪਹਿਲਾ ਸਵਾਲ ਹੁੰਦਾ, ‘‘ਕੋਈ ਚਿੱਠੀ ਆਈ...?’’ ਸਟੀਫਨ ਨਾਂਹ ਵਿੱਚ ਸਿਰ ਹਿਲਾ ਦਿੰਦਾ। ਅੰਤ ਵਿੱਚ ਅਸੀਂ ਸਵੀਕਾਰ ਕਰ ਲਿਆ ਕਿ ਉਹ ਸਾਨੂੰ ਭੁੱਲ ਗਿਆ।
ਕੁਝ ਦਿਨ ਬੀਤ ਗਏ। ਬਰਗਦੀ ਦੀ ਦੁਕਾਨ ’ਤੇ ਬੈਠਣਾ ਚੰਗਾ ਨਹੀਂ ਲੱਗਦਾ ਸੀ। ਫਿਰ ਅਚਾਨਕ ਕਈ ਦਿਨਾਂ ਤੱਕ ਸਟੀਫਨ ਨਜ਼ਰ ਨਹੀਂ ਆਇਆ। ਇਹ ਗੰਭੀਰ ਮਾਮਲਾ ਸੀ। ਅੱਜ ਯਾਦ ਕਰਦਿਆਂ ਮੈਨੂੰ ਲੱਗਦਾ ਹੈ ਕਿ ਚੰਗੇ ਦਿਨ ਤਾਂ ਕਦੇ ਵੀ ਨਹੀਂ ਸਨ। ਤਿੰਨ-ਚਾਰ ਦਿਨਾਂ ਬਾਅਦ ਜਦੋਂ ਮੈਂ ਸਟੀਫਨ ਦੀ ਦੁਕਾਨ ’ਤੇ ਗਿਆ ਤਾਂ ਦੇਖਿਆ ਕਿ ਉਹ ਵੀ ਬੰਦ ਸੀ। ਮੇਰੇ ਮਨ ਵਿੱਚ ਇਕਦਮ ਖ਼ਿਆਲ ਆਇਆ ਕਿ ਕੁਝ ਤਾਂ ਗੜਬੜ ਹੈ। ਉਸ ਦਾ ਘਰ ਦੁਕਾਨ ਤੋਂ ਤਿੰਨ ਕਿਲੋਮੀਟਰ ਦੂਰ ਸੀ। ਮੇਰਾ ਦਿਲ ਨਾ ਮੰਨਿਆ ਤੇ ਮੈਂ ਆਪਣਾ ਸਾਈਕਲ ਉਸ ਦੇ ਘਰ ਵੱਲ ਮੋੜ ਲਿਆ। ਸਟੀਫਨ ਘਰ ਹੀ ਸੀ। ਪਤਾ ਲੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਇਹ ਮੇਰੇ ਲਈ ਦੁਖਦਾਈ ਖ਼ਬਰ ਸੀ। ਉਸ ਨੇ ਭਰੇ ਹੋਏ ਗਲੇ ਨਾਲ ਕਿਹਾ, ‘‘ਵਿਭਾਸ... ਮਾਂ ਨੇ ਮੈਨੂੰ ਧੋਖਾ ਦੇ ਦਿੱਤਾ।’’ ਉਹ ਅੱਗੇ ਕੁਝ ਨਾ ਕਹਿ ਸਕਿਆ। ਉਹ ਬੱਚੇ ਵਾਂਗ ਮੇਰੇ ਗਲੇ ਲੱਗ ਕੇ ਬਹੁਤ ਦੇਰ ਤੱਕ ਰੋਂਦਾ ਰਿਹਾ। ਮਿੰਨੀ ਆਂਟੀ ਵੀ ਉੱਥੇ ਹੀ ਸੀ। ਉਨ੍ਹਾਂ ਦੀਆਂ ਸੁੱਜੀਆਂ ਅਤੇ ਗਿੱਲੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਹ ਵੀ ਕੁਝ ਸਮੇਂ ਤੋਂ ਰੋ ਰਹੀ ਸੀ।
ਮੈਨੂੰ ਦੁੱਖ ਸੀ ਕਿ ਅਜਿਹੇ ਮੌਕੇ ’ਤੇ ਮੈਂ ਉਸ ਦਾ ਸਾਥ ਨਹੀਂ ਦੇ ਸਕਿਆ। ਉਦੋਂ ਅੱਜ ਵਾਂਗ ਮੋਬਾਈਲ ਫੋਨ ਨਹੀਂ ਸਨ ਹੁੰਦੇ ਅਤੇ ਸਟੀਫਨ ਨੂੰ ਮੈਂ ਕਦੇ ਵੀ ਆਪਣੇ ਘਰ ਨਹੀਂ ਬੁਲਾਇਆ ਸੀ। ਰੀਟਾ ਨੇ ਦੱਸਿਆ, ‘‘ਐਤਵਾਰ ਨੂੰ ਜਦੋਂ ਮੰਮੀ ਦੁਕਾਨ ਤੋਂ ਆਈ ਤਾਂ ਉਸ ਦਾ ਸਿਰਦਰਦ ਹੋ ਰਿਹਾ ਸੀ। ਸਟੀਫਨ ਨੇ ਹੀ ਰਾਤ ਨੂੰ ਖਾਣਾ ਬਣਾਇਆ। ਮੰਮੀ ਨੇ ਵੀ ਖਾਣਾ ਖਾਧਾ ਸੀ ਪਰ ਉਹ ਸਵੇਰੇ ਨਹੀਂ ਉੱਠੀ। ਰਾਤ ਨੂੰ ਹੀ ਉਨ੍ਹਾਂ ਨੂੰ ਕਿਸੇ ਸਮੇਂ ਅਟੈਕ ਆ ਗਿਆ...।’’
ਸਟੀਫਨ ਨੇ ਮਾਂ ਦੀ ਦੁਕਾਨ ਸੰਭਾਲ ਲਈ ਸੀ। ਦੁਕਾਨ ਹੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਹਾਰਾ ਸੀ। ਬਰਗਦੀ ਦੀ ਚਾਹ ਦੀ ਦੁਕਾਨ ’ਤੇ ਮਿਲਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਜਦੋਂ ਵੀ ਮੈਂ ਸਟੀਫਨ ਦੀ ਦੁਕਾਨ ’ਤੇ ਜਾਂਦਾ, ਮੈਂ ਉਸ ਨੂੰ ਰੁੱਝਿਆ ਹੀ ਵੇਖਿਆ। ਉਸ ਦੇ ਚਿਹਰੇ ਦੀ ਹੱਸਮੁਖਤਾ ਮਾਂ ਦੇ ਨਾਲ ਹੀ ਸਦਾ ਲਈ ਚਲੀ ਗਈ ਸੀ। ਚਿਹਰੇ ’ਤੇ ਅਜੀਬ ਕਿਸਮ ਦੀ ਗੰਭੀਰਤਾ ਛਾਈ ਹੋਈ ਸੀ। ਰੀਟਾ ਵੀ ਉਸ ਦੀ ਦੁਕਾਨ ’ਤੇ ਮਿਲ ਜਾਂਦੀ। ਮਿੰਨੀ ਆਂਟੀ ਫਿਲਹਾਲ ਉਸ ਦੇ ਨਾਲ ਹੀ ਰਹਿੰਦੀ ਸੀ। ਉਨ੍ਹਾਂ ਨੇ ਹੀ ਦੱਸਿਆ ਸੀ ਕਿ ਜਦੋਂ ਤੱਕ ਉਹ ਰੀਟਾ ਨਾਲ ਵਿਆਹ ਨਹੀਂ ਕਰਵਾ ਲੈਂਦਾ, ਇਸ ਨੂੰ ਇਕੱਲਾ ਛੱਡਣਾ ਠੀਕ ਨਹੀਂ। ਮਾਂ ਦੀ ਅਚਾਨਕ ਹੋਈ ਮੌਤ ਨੇ ਉਸ ਨੂੰ ਡਿਪਰੈਸ਼ਨ ਵੱਲ ਧੱਕ ਦਿੱਤਾ।
ਰਮਿੰਦਰ ਦੇ ਦੇਹਰਾਦੂਨ ਜਾਣ ਮਗਰੋਂ ਕੋਈ ਖ਼ਬਰ ਨਹੀਂ ਮਿਲੀ। ਸਾਡਾ ਤਿੰਨਾਂ ਫੁੰਤੜੂਆਂ ਦਾ ਸਾਥ ਟੁੱਟ ਗਿਆ। ਜਦੋਂ ਵੀ ਮੈਂ ਬਜ਼ਾਰ ਜਾਂਦਾ ਤਾਂ ਸਟੀਫਨ ਨੂੰ ਜ਼ਰੂਰ ਮਿਲਦਾ। ਉਹ ਹੌਲੀ-ਹੌਲੀ ਸਦਮੇ ਤੋਂ ਬਾਹਰ ਆਉਣ ਲੱਗਾ ਸੀ। ਉਸੇ ਸਮੇਂ ਰੇਲਵੇ ਤੋਂ ਮੇਰਾ ਨਿਯੁਕਤੀ ਪੱਤਰ ਆ ਗਿਆ। ਮੇਰੀ ਨਿਯੁਕਤੀ ਨਾਸਿਕ ਵਿੱਚ ਹੋਈ ਸੀ। ਇਹ ਨੌਕਰੀ ਨਹੀਂ ਸਗੋਂ ਮੇਰੇ ਪਰਿਵਾਰ ਲਈ ਸੰਜੀਵਨੀ ਸੀ। ਪਿਤਾ ਦੇ ਨਿਰਾਸ਼ ਚਿਹਰੇ ’ਤੇ ਚਮਕ ਪਰਤ ਆਈ ਸੀ। ਡੇਢ ਸਾਲ ਬਾਅਦ ਜਦੋਂ ਪਿਤਾ ਸੇਵਾਮੁਕਤ ਹੋਏ ਤਾਂ ਸਾਰਾ ਪਰਿਵਾਰ ਨਾਸਿਕ ਆ ਗਿਆ। ਉਹ ਸ਼ਹਿਰ ਸਦਾ ਲਈ ਛੁੱਟ ਗਿਆ...। ਯਕੀਨ ਕਰੋ, ਮੈਂ ਜ਼ਿੰਦਗੀ ਦੇ ਮੱਕੜਜਾਲ ਵਿੱਚ ਅਜਿਹਾ ਉਲਝਿਆ ਕਿ ਮੈਨੂੰ ਇਹ ਗੱਲਾਂ ਯਾਦ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਪਤਾ ਨਹੀਂ ਕਿਵੇਂ ਯਾਦਾਂ ਦਾ ਇਹ ਟੁਕੜਾ ਅਚਾਨਕ ਮੇਰੇ ਖ਼ਾਲੀ ਦਿਮਾਗ ਵਿੱਚ ਤੈਰ ਆਇਆ। ਮੈਨੂੰ ਨਹੀਂ ਪਤਾ ਕਿ ਸਟੀਫਨ ਅਤੇ ਰਮਿੰਦਰ ਕਿੱਥੇ ਹਨ...।
ਤਿੰਨਾਂ ਫੁੰਤੜੂਆਂ ਦੀ ਕਹਾਣੀ ਇੱਥੇ ਖ਼ਤਮ ਕਰਕੇ ਇੱਕ ਵਾਰ ਫਿਰ ਬੇਨਤੀ ਕਰ ਰਿਹਾ ਹਾਂ ਕਿ ਜੇਕਰ ਤੁਹਾਨੂੰ ‘ਫੁੰਤੜੂ’ ਦਾ ਅਰਥ ਪਤਾ ਲੱਗੇ ਤਾਂ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸਣਾ...।
ਸੰਪਰਕ: 96516-70106
ਈ-ਮੇਲ: govindupadhyay78@gmail.com
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015

Advertisement

Advertisement
Advertisement
Author Image

sanam grng

View all posts

Advertisement