ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਤਿਮ ਸੰਸਕਾਰ

11:42 AM Dec 24, 2022 IST

ਜਸਬੀਰ ਢੰਡ

Advertisement

ਸੱਤਾ ‘ਤੇ ਕਾਬਜ਼ ਰਹਿਣ ਲਈ ਸਿਆਸਤਦਾਨ ਕੋਝੇ ਹੱਥ-ਕੰਡੇ ਅਪਣਾਉਂਦੇ ਹਨ ਜਿਨ੍ਹਾਂ ਦਾ ਖਮਿਆਜ਼ਾ ਭੋਲੀ-ਭਾਲੀ ਅਤੇ ਬੇਵਸ ਜਨਤਾ ਨੂੰ ਭੁਗਤਣਾ ਪੈਂਦਾ ਹੈ। ਇਸ ਗੱਲ ਦਾ ਤੀਬਰ ਅਹਿਸਾਸ ਬਾਪ ਦੇ ਮਰਨੇ ‘ਤੇ ਸਾਡੇ ਪਰਿਵਾਰ ਨੂੰ ਹੋਇਆ।

ਬਾਪ 1947 ਦਾ ਮੈਟ੍ਰਿਕੁਲੇਟ ਸੀ। ਕਹਿੰਦੇ ਹਨ, ਉਨ੍ਹਾਂ ਦਿਨਾਂ ਵਿਚ ਦਸਵੀਂ ਪਾਸ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਮਿਲ ਜਾਂਦੀ ਸੀ। ਭਿੰਡਰ ਕਲਾਂ ਦਾ ਜਨਮ ਸੀ ਸਾਡੇ ਬਾਪ ਦਾ, ਪੰਜ ਛੇ ਕੋਹ ਦੀ ਵਾਟ ਤੁਰ ਕੇ ਧਰਮਕੋਟ ਪੜ੍ਹਨ ਜਾਂਦੇ ਸਨ। ਉਸੇ ਪਿੰਡ ਦਾ ਵਾਸੀ ਸੋਹਣ ਸਿੰਘ ਮੇਰੇ ਬਾਪ ਦਾ ਹਮਜਮਾਤੀ ਸੀ। ਉਹ ਪਿੰਡ ਦੇ ਵੱਡੇ ਧਨਾਢ ਘਰ ਦਾ ਜੰਮਪਲ ਸੀ; ਬਾਅਦ ਵਿਚ ਉਹ ਮੰਤਰੀ ਬਣ ਗਿਆ ਸੀ। ਬਾਬਾ ਸਾਡਾ ਖੱਟੀ ਕਰਨ ਲਈ ਮਲਾਇਆ ਗਿਆ ਸੀ ਅਤੇ ਪਿੰਡ ਸਾਡੀ ਦੁਕਾਨ ਬਹੁਤ ਚਲਦੀ ਸੀ। ਉਦੋਂ ਪਿੰਡਾਂ ਵਿਚ ਦਿਨ ਦਿਹਾੜੇ ਡਾਕੂ ਬੰਦੂਕਾਂ ਲੈ ਕੇ ਆਉਂਦੇ। ਕਿਸੇ ਦੀ ਮਜਾਲ ਨਹੀਂ ਸੀ ਕਿ ਉਨ੍ਹਾਂ ਸਾਹਮਣੇ ਕੋਈ ਕੁਸਕ ਜਾਂਦਾ। ਪਿੰਡ ਵਿਚ ਅਫਵਾਹ ਫੈਲ ਗਈ ਕਿ ਹੁਣ ਵਾਰੀ ਲੱਭੂ ਰਾਮ ਕੀ ਹੈ। ਬਾਬਾ ਡਰੂ ਸੀ। ਰਾਤੋ-ਰਾਤ ਗੱਡਿਆਂ ‘ਤੇ ਸਮਾਨ ਲੱਦਿਆ ਤੇ ਮੋਗੇ ਜਾ ਡੇਰੇ ਲਾਏ।

Advertisement

ਰੇਲਵੇ ਸਟੇਸ਼ਨ ਦੇ ਮੁੱਖ ਬਾਜ਼ਾਰ ਵਿਚ ਦੋ ਦੁਕਾਨਾਂ ਚਲਦੀਆਂ ਸਨ। ਤਾਏ ਹੰਸ ਰਾਜ ਦੀ ਬਜਾਜੀ ਦੀ ਦੁਕਾਨ ਅਤੇ ਸਾਡੇ ਬਾਪ ਦੀ ਕਰਿਆਨੇ ਦੀ। ਬਾਬਾ ਸਾਡਾ ਸਾਂਝਾ ਬਿੱਲਾ ਸੀ ਜੋ ਦੋਹਾਂ ਲਈ ਘਰੋਂ ਰੋਟੀ ਲੈ ਆਉਂਦਾ। ਕਿਸੇ ਨੇ ਘੰਟਾ ਦੋ ਘੰਟੇ ਕਿਤੇ ਜਾਣਾ ਹੁੰਦਾ, ਬਾਬਾ ਉਸ ਦੁਕਾਨ ‘ਤੇ ਡਿਊਟੀ ਦਿੰਦਾ। ਜਦੋਂ ਮੇਰਾ ਬਾਪ ਅਤੇ ਤਾਇਆ ਉਡਾਰ ਨਹੀਂ ਹੋਏ ਸਨ, ਉਹ ਦੁਕਾਨ ਚਲਾਉਂਦਾ ਹੁੰਦਾ ਸੀ। ਬਾਪ ਨੇ ਸ਼ੁਰੂ ਵਿਚ ਸਰਕਾਰੀ ਨੌਕਰੀ ਲਈ ਕੋਸ਼ਿਸ਼ ਕੀਤੀ ਪਰ ਸਾਡੇ ਬਾਬੇ ਨੇ ਪੈਰ ਨਾ ਲੱਗਣ ਦਿੱਤੇ। ਉਦੋਂ ਇਹ ਕਹਾਵਤ ਪ੍ਰਚਲਿੱਤ ਸੀ: ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਦੁਆਰ।

ਸਾਡਾ ਬਾਪ ਤਾਂ ਬਾਬੇ ਵਾਂਗ ਡਰੂ ਸੀ ਪਰ ਤਾਇਆ ਹੰਸ ਰਾਜ ਦਲੇਰ ਸੀ। 1947 ਦੇ ਹੱਲੇ-ਗੁੱਲੇ ਵੇਲੇ ਰੇਲਵੇ ਸਟੇਸ਼ਨ ‘ਤੇ ਪਾਕਿਸਤਾਨ ਵੱਲੋਂ ਵੱਢੀਆ-ਟੁੱਕੀਆਂ, ਲਹੂ-ਲੁਹਾਣ ਲਾਸ਼ਾਂ ਨਾਲ ਭਰੀਆਂ ਗੱਡੀਆਂ ਆਉਂਦੀਆਂ। ਬਾਪ ਤਾਂ ਡਰੂ ਸੀ ਪਰ ਤਾਇਆ ਸਟੇਸ਼ਨ ‘ਤੇ ਲਾਸ਼ਾਂ ਦੇਖਣ ਚਲਾ ਜਾਂਦਾ। ਸ਼ਹਿਰ ਵਿਚ ਹੈਜ਼ਾ ਫੈਲ ਗਿਆ। ਤਾਇਆ ਹੰਸ ਰਾਜ ਰਾਤੋ-ਰਾਤ ਹੈਜ਼ੇ ਨਾਲ ਚੱਲ ਵਸਿਆ। ਦੋਵੇਂ ਕਲਾਂ ਛੁੱਟ ਗਈਆਂ ਸਨ। ਕੋਈ ਵਾਲੀ ਵਾਰਸ ਨਹੀਂ ਸੀ। ਰਾਤ ਨੂੰ ਕੋਈ ਡਾਕਟਰ ਨਾ ਮਿਲਿਆ। ਇਸ ਤਰ੍ਹਾਂ 1947 ਦੀ ਭਿਆਨਕ ਫਿਰਕੂ ਵੰਡ ਨੇ ਪਰਿਵਾਰ ਦਾ ਕਮਾਊ ਅਤੇ ਦਲੇਰ ਜੀਅ ਖੋਹ ਲਿਆ ਸੀ।

ਤਾਇਆ ਹੰਸ ਰਾਜ ਬੇਔਲਾਦ ਸੀ। ਭੋਗ ਤੋਂ ਬਾਅਦ ਤਾਈ ਜੋ ਫਿਰੋਜ਼ਪੁਰ ਲਾਗੇ ਖੁੰਦਰਾਂ ਪਿੰਡ ਦੀ ਤੇਜ਼ ਤਰਾਰ ਔਰਤ ਸੀ, ਉਸ ਦੇ ਭਰਾ ਆਏ ਤੇ ਜਿੰਨ੍ਹਾ ਕੁ ਸਮਾਨ ਚੁੱਕਿਆ ਗਿਆ, ਸਣੇ ਸੋਨਾ-ਚਾਂਦੀ ਦੇ ਗਹਿਣੇ ਗੱਟੇ, ਲੈ ਕੇ ਤੁਰ ਗਏ। ਤਾਈ ਨੇ ਬਾਅਦ ਵਿਚ ਪਿੱਛੇ ਮੁੜ ਕੇ ਨਹੀਂ ਦੇਖਿਆ। ਤਾਏ ਹੰਸ ਰਾਜ ਦਾ ਜੱਗੋਂ ਜਹਾਨੋਂ ਨਾਮੋ-ਨਿਸ਼ਾਨ ਮਿਟ ਗਿਆ। ਦੋ ਕੁ ਸਾਲ ਬਾਅਦ ਬਾਬਾ ਵੀ ਸਦਮਾ ਨਾ ਸਹਾਰਦਾ ਹੋਇਆ ਚੱਲ ਵਸਿਆ। ਹੁਣ ਬਾਪ ਇੱਕਲਾ ਰਹਿ ਗਿਆ।

ਸੱਤ ਭੈਣ ਭਰਾ ਸਾਂ ਅਸੀਂ, ਅੰਨ੍ਹੀ ਦਾਦੀ, ਮਾਂ ਅਤੇ ਸਹੁਰਿਆਂ ਵਲੋਂ ਦਹੇਜ ਕਾਰਨ ਛੱਡੀ ਤਪਦਿਕ ਦੀ ਮਰੀਜ਼ ਸਾਡੀ ਭੂਆ। ਕਿਰਾਏ ਦਾ ਮਕਾਨ ਤੇ ਕਿਰਾਏ ਦੀ ਦੁਕਾਨ। ਬਾਪ ਸਾਰੀ ਉਮਰ ਜੂਝਿਆ ਅਤੇ ਫਿਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਦੋਂ ਸਾਡੀ ਰਿਹਾਇਸ਼ ਮਾਨਸਾ ਸੀ। ਮੈਂ, ਪਤਨੀ ਤੇ ਬੱਚੇ ਚਾਲੀ ਰੁਪਏ ਮਹੀਨਾ ਕਿਰਾਏ ਵਾਲੇ ਕਮਰੇ ਵਿਚ ਰਹਿੰਦੇ ਸਾਂ। ਜੂਨ 1984 ਦੇ ਪਹਿਲੇ ਹਫ਼ਤੇ ਅਪ੍ਰੇਸ਼ਨ ਬਲਿਊ ਸਟਾਰ ਹੋ ਕੇ ਹਟਿਆ ਸੀ। ਬੇਹੱਦ ਮਾੜੇ ਹਾਲਾਤ ਸਨ ਪੰਜਾਬ ਦੇ। ਕੁਝ ਪੰਜਾਬ ਦੇ ਤੇ ਕੁਝ ਕੇਂਦਰ ਦੇ ਨਿਰਦਈ ਸਿਆਸਤਦਾਨਾਂ ਨੇ ਆਪਣੀਆਂ ਕੁਰਸੀਆਂ ਕਾਇਮ ਰੱਖਣ ਲਈ ਪੰਜਾਬ ਨਾਲ ਧ੍ਰੋਹ ਕਮਾਇਆ ਸੀ। ਦਸ ਸਾਲ ਦੇ ਲਗਭਗ ਪੰਜਾਬ ਦੇ ਬੇਵਸ ਤੇ ਬੇਕਸੂਰ ਲੋਕ ਇਕ ਪਾਸੇ ਖਾੜਕੂਆਂ ਤੇ ਦੂਜੇ ਪਾਸੇ ਹਕੂਮਤੀ ਜਬਰ ਦੇ ਦੋ ਪੁੜਾਂ ਵਿਚਕਾਰ ਪਿਸਦੇ ਰਹੇ। ਆਏ ਦਿਨ ਪੰਜਾਬ ਬੰਦ, ਆਏ ਦਿਨ ਕਰਫਿਊ, ਸਾਰੇ ਕਾਰੋਬਾਰ ਠੱਪ। ਫਿਰ ਹਿੰਦੂਆਂ ਦੀ ਪੰਜਾਬ ਵਿਚੋਂ ਹਿਜਰਤ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਸੀ। ਪੰਜਾਬ ਵਿਚ ਗੱਡੀਆਂ ਦਾ ਦਾਖਲਾ ਬੰਦ ਸੀ। ਗੱਡੀਆਂ ਜਾਖਲ ਤੱਕ ਆਉਂਦੀਆਂ ਸਨ।

ਵੱਡਾ ਭਰਾ ਦਿੱਲੀ ਸੀ ਅਤੇ ਮਾਤਾ ਸਾਡੀ ਕਈ ਮਹੀਨਿਆਂ ਦੀ ਉੱਥੇ ਗਈ ਹੋਈ ਸੀ। ਗੱਡੀਆਂ ਬੰਦ ਹੋਣ ਕਾਰਨ ਉੱਥੇ ਦੀ ਉੱਥੇ ਹੀ ਰਹਿ ਗਈ ਸੀ। ਉਨ੍ਹਾਂ ਦੇ ਆਏ ਬਿਨਾ ਬਾਪ ਦਾ ਅੰਤਿਮ ਸੰਸਕਾਰ ਕਿਵੇਂ ਹੋਵੇ? ਉਦੋਂ ਟੈਲੀਫੋਨ ਨਹੀਂ ਸਨ ਹੁੰਦੇ। ਬੜੀ ਸਮੱਸਿਆ ਬਣੀ।

ਅਖ਼ੀਰ ਮੇਰੇ ਛੋਟੇ ਭਰਾ ਦਾ ਸਾਢੂ ਜੋ ਪੁਲੀਸ ਵਿਚ ਏਐੱਸਆਈ ਸੀ, ਆਪਣਾ ਮੋਟਰ ਸਾਇਕਲ ਲੈ ਕੇ ਜਾਖਲ ਤੱਕ ਗਿਆ। ਜਾਖਲ ਥਾਣੇ ਵਿਚ ਮੋਟਰ ਸਾਈਕਲ ਖੜ੍ਹਾ ਕੇ ਉਸ ਨੇ ਗੱਡੀ ਫੜੀ ਤੇ ਅਗਲੇ ਦਿਨ ਉਸ ਭਲੇ ਪੁਰਸ਼ ਨੇ ਵੱਡੇ ਭਰਾ, ਭਰਜਾਈ, ਦੋ ਮਾਮਿਆਂ ਤੇ ਰੋਂਦੀ ਵਿਲਕਦੀ ਮਾਂ ਨੂੰ ਜਾਖਲ ਤੋਂ ਬੱਸ ਚੜ੍ਹਾਇਆ। ਸਭ ਦੇ ਮਨਾਂ ਵਿਚ ਧੁੜਕੂ ਸੀ ਕਿ ਜੇ ਪੰਦਰਾਂ ਜੁਲਾਈ ਨੂੰ ਪੰਜਾਬ ਬੰਦ ਹੋ ਗਿਆ ਤਾਂ ਬੱਸਾਂ ਵੀ ਬੰਦ ਹੋ ਜਾਣੀਆਂ ਸਨ।

ਮਾਂ ਨੇ ਘਰੇ ਵੜਦਿਆਂ ਮਾਮੇ ਦੇ ਗਲ ਲੱਗ ਕੇ ਧਾਅ ਮਾਰੀ ਸੀ: ‘ਵੇ ਮੈਂ ਪਤੀ ਸੇਵਾ ਤੋਂ ਵਾਂਝੀ ਰਹਿ ਗਈ ਵੇ ਅੰਮੜੀ ਦਿਆ ਜਾਇਆ।’
ਸੰਪਰਕ: 94172-87399

Advertisement