For the best experience, open
https://m.punjabitribuneonline.com
on your mobile browser.
Advertisement

ਪਿੰਡ ਘਰਾਂਗਣਾ ਵਿੱਚ ਪਰਮਪਾਲ ਕੌਰ ਦੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ

10:34 AM May 12, 2024 IST
ਪਿੰਡ ਘਰਾਂਗਣਾ ਵਿੱਚ ਪਰਮਪਾਲ ਕੌਰ ਦੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ
ਪਿੰਡ ਘਰਾਂਗਣਾ ਵਿੱਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਔਰਤਾਂ ਨੂੰ ਮਿਲਦੀ ਹੋਈ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 11 ਮਈ
ਬਠਿੰਡਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਸਹੁਰੇ ਸਿਕੰਦਰ ਸਿੰਘ ਮਲੂਕਾ ਬੇਸ਼ੱਕ ਅਜੇ ਤੱਕ ਉਨ੍ਹਾਂ ਦੇ ਹੱਕ ਵਿੱਚ ਕਿਸੇ ਚੋਣ ਜਲਸੇ ਵਿੱਚ ਸੰਬੋਧਨ ਕਰਨ ਨਹੀਂ ਗਏ, ਪਰ ਅੱਜ ਸਾਬਕਾ ਅਕਾਲੀ ਮੰਤਰੀ ਮਲੂਕਾ ਦੇ ਸਹੁਰੇ ਪਿੰਡ ਘਰਾਂਗਣਾ ਵਿੱਚ ਭਾਜਪਾ ਉਮੀਦਵਾਰ ਨੂੰ ਪਿੰਡ ਦੀਆਂ ਮਾਈਆਂ ਨੇ ਭਰਵਾਂ ਹੁੰਗਾਰਾ ਦਿੱਤਾ। ਸਿਕੰਦਰ ਸਿੰਘ ਮਲੂਕਾ ਦੇ ਸਹੁਰੇ ਪਰਿਵਾਰ ਦਾ ਪਿੰਡ ਵਿੱਚ ਵੱਡਾ ਲਾਣਾ ਮੰਨਿਆ ਜਾਂਦਾ ਹੈ। ਅੱਜ ਪਿੰਡ ਵਿੱਚ ਜਦੋਂ ਪਰਮਪਾਲ ਕੌਰ ਨੇ ਪਿੰਡ ਦੀਆਂ ਮਾਈਆਂ ਤੋਂ ਵੋਟਾਂ ਦੀ ਖ਼ੈਰ ਮੰਗੀ ਤਾਂ ਉਨ੍ਹਾਂ ਨੇ ਗਲੇ ਲਾ ਕੇ ਹਰ ਤਰ੍ਹਾਂ ਦਾ ਸਾਥ ਦੇਣ ਦਾ ਦਾਅਵਾ ਕੀਤਾ ਗਿਆ।
ਉੱਧਰ, ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੀ ਨਕਾਰਾਤਮਕਤਾ ਨੂੰ ਦੇਖਦੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਸੀ, ਪਰ ਸਿਵਾਏ ਲੋਕਾਂ ਨੂੰ ਧੋਖਾ ਦੇਣ ਤੋਂ ਇਲਾਵਾ ‘ਆਪ’ ਸਰਕਾਰ ਨੇ ਕੋਈ ਹੋਰ ਕੰਮ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੇ ਆਪਣੇ ਵਿਧਾਇਕ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਹਨ।
ਬਠਿੰਡਾ (ਪੱਤਰ ਪ੍ਰੇਰਕ): ਹਲਕਾ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਸੁੱਚਾ ਸਿੰਘ ਨਗਰ, ਸਿਵੀਆ, ਰਾਜੀਵ ਗਾਂਧੀ ਨਗਰ, ਗੋਪਾਲ ਨਗਰ, ਗੋਨਿਆਣਾ ਮੰਡੀ ਦੇ ਨਾਲ-ਨਾਲ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਆਸਾਂ ਨੂੰ ਕੁਚਲ ਰਹੀ ਆਮ ਆਦਮੀ ਪਾਰਟੀ ਦਾ ਜਲਦੀ ਪਤਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਵਿੱਚ ਡੁੱਬੀ ਹੋਈ ਹੈ।

Advertisement

‘ਭਾਜਪਾ ਮੈਦਾਨ ਵਿੱਚ ਆਈ ਤਾਂ ਅਕਾਲੀ ਵਰਕਰਾਂ ਦੀ ਪੁੱਛ-ਪ੍ਰਤੀਤ ਹੋਣ ਲੱਗੀ’

ਬੋਹਾ: ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਵੱਲੋਂ ਪਿੰਡ, ਬਰ੍ਹੇ, ਮੱਲ ਸਿੰਘ ਵਾਲਾ, ਕਾਸਿਮਪੁਰ ਛੀਨੇ, ਆਲਮਪੁਰ ਮੰਦਰਾਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਰੱਕੀ ਅਤੇ ਖੁਸ਼ਹਾਲੀ ਲਈ ਭਾਜਪਾ ਦਾ ਸੱਤਾ ਵਿੱਚ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੇਵਲ ਲਾਰਾ ਲਾਊ ਸਿਆਸਤ ਕਰਦੀਆਂ ਹਨ, ਪਰ ਭਾਜਪਾ ਸਮਾਜ ਦੇ ਹਰੇਕ ਵਰਗ ਦੇ ਵਿਕਾਸ ਲਈ ਨੀਤੀਆਂ ’ਤੇ ਕੰਮ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੈਦਾਨ ਵਿੱਚ ਆਉਣ ਨਾਲ ਅਕਾਲੀ ਵਰਕਰਾਂ ਦੀ ਕਦਰ ਵਧੀ ਹੈ, ਪਰ ਵਰਕਰ ਯਾਦ ਰੱਖਣ ਕਿ ਇਹ ਕਦਰ ਸਿਰਫ 15-20 ਦਿਨ ਲਈ ਹੀ ਹੈ। ਬੀਬੀ ਪਰਮਪਾਲ ਕੌਰ ਨੇ ਕਿਹਾ ਕਿ 15 ਸਾਲ ਇੱਥੋਂ ਸੰਸਦ ਮੈਂਬਰ ਰਹਿ ਕੇ ਹਰਸਿਮਰਤ ਬਾਦਲ ਨੇ ਸਥਾਨਕ ਲੋਕਾਂ ਦਾ ਕੁਝ ਨਹੀਂ ਸੰਵਾਰਿਆ ਅਤੇ ਅਤੇ ਨਾ ਹੀ ਵਰਕਰਾਂ ਵੱਲੋਂ ਉਨ੍ਹਾਂ ਦੀ ਜਿੱਤ ਲਈ ਕੀਤੀ ਮਿਹਨਤ ਦੀ ਕਦਰ ਪਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਡਰਾਮੇਬਾਜ਼ੀ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਅਕਾਲੀ ਦਲ ਵਾਂਗ ਨਾਲ ਖੜ੍ਹਨ ਵਾਲੇ ਵਰਕਰਾਂ ਨੂੰ ਅਣਦੇਖਿਆ ਨਹੀਂ ਕਰਨਗੇ। -ਪੱਤਰ ਪ੍ਰੇਰਕ

Advertisement

Advertisement
Author Image

Advertisement