For the best experience, open
https://m.punjabitribuneonline.com
on your mobile browser.
Advertisement

‘ਅਤਿਵਾਦ ਖ਼ਿਲਾਫ਼ ਪੂਰੀ ਤਾਕਤ ਵਰਤੀ ਜਾਵੇ’

07:06 AM Jun 14, 2024 IST
‘ਅਤਿਵਾਦ ਖ਼ਿਲਾਫ਼ ਪੂਰੀ ਤਾਕਤ ਵਰਤੀ ਜਾਵੇ’
ਸੁਰੱਖਿਆ ਬਲਾਂ ਦੇ ਜਵਾਨ ਜੰਮੂ ਦੇ ਨਰਵਾਲ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ। -ਫੋਟੋ: ਏਐੱਨਆਈ
Advertisement

* ਮੋਦੀ ਨੇ ਅਮਿਤ ਸ਼ਾਹ ਤੇ ਮਨੋਜ ਸਿਨਹਾ ਨਾਲ ਕੀਤੀ ਗੱਲਬਾਤ
* ਸੁਰੱਖਿਆ ਬਲਾਂ ਵੱਲੋਂ ਅਤਿਵਾਦੀਆਂ ਦੀ ਭਾਲ ਲਈ ਮੁਹਿੰਮ ਜਾਰੀ

Advertisement

ਨਵੀਂ ਦਿੱਲੀ/ਜੰਮੂ, 13 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਰਥ ਯਾਤਰੀਆਂ ਨੂੰ ਲਿਜਾ ਰਹੀ ਇੱਕ ਬੱਸ ’ਤੇ ਹਮਲੇ ਸਮੇਤ ਜੰਮੂ ਕਸ਼ਮੀਰ ’ਚ ਹਾਲ ਹੀ ਦੇ ਦਿਨਾਂ ’ਚ ਵਾਪਰੀਆਂ ਅਤਿਵਾਦੀ ਘਟਨਾਵਾਂ ਮਗਰੋਂ ਅੱਜ ਉੱਥੋਂ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਅਤਿਵਾਦ ਰੋਕੂ ਸਮਰੱਥਾਵਾਂ ਦੀ ਮੁਕੰਮਲ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ। ਦੂਜੇ ਪਾਸੇ ਜੰਮੂ ਕਸ਼ਮੀਰ ’ਚ ਅਤਿਵਾਦੀਆਂ ਦੀ ਭਾਲ ਲਈ ਜੰਗਲਾਤ ਖੇਤਰਾਂ ’ਚ ਅੱਜ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਡੀਜੀਪੀ ਆਰਆਰ ਸਵੈਨ ਨੇ ਪਾਕਿਸਤਾਨ ’ਤੇ ਆਪਣੇ ਕਿਰਾਏ ਦੇ ਸੈਨਿਕਾਂ ਰਾਹੀਂ ਇੱਥੋਂ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਭਾਰਤੀ ਸੈਨਾ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦੇਣ ਲਈ ਵਚਨਬੱਧ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਹੋਰ ਅਧਿਕਾਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸ਼ਾਮਲ ਹੋਏ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਅਤਿਵਾਦ ਵਿਰੋਧੀ ਮੁਹਿੰਮਾਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੋਦੀ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਵੀ ਗੱਲਬਾਤ ਕੀਤੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸਥਿਤੀ ਦਾ ਜਾਇਜ਼ਾ ਲਿਆ। ਸਿਨਹਾ ਨੇ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦਿੱਤੀ। ਮੀਟਿੰਗ ’ਚ ਪ੍ਰਧਾਨ ਮੰਤਰੀ ਨੂੰ ਖੇਤਰ ’ਚ ਸੁਰੱਖਿਆ ਸਬੰਧੀ ਸਥਿਤੀ ਤੇ ਉੱਥੇ ਚਲਾਈਆਂ ਜਾ ਰਹੀਆਂ ਅਤਿਵਾਦ ਵਿਰੋਧੀ ਮੁਹਿੰਮਾਂ ਬਾਰੇ ਦੱਸਿਆ ਗਿਆ। ਇੱਕ ਅਧਿਕਾਰਤ ਸੂਤਰ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਤਿਵਾਦ ਨਾਲ ਨਜਿੱਠਣ ਦੀਆਂ ਸਮਰੱਥਾਵਾਂ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਲਈ ਕਿਹਾ ਹੈ।’ ਉੱਧਰ ਜੰਮੂ ਕਸ਼ਮੀਰ ਪੁਲੀਸ ਨੇ ਦੱਸਿਆ ਕਿ ਇੱਕ ਮਹਿਲਾ ਨੇ ਦੋ ਵਿਅਕਤੀਆਂ ਦੀਆਂ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਦਿੱਤੀ ਜਿਸ ਮਗਰੋਂ ਪੁਲੀਸ ਨੇ ਨੀਮ ਫੌਜੀ ਬਲਾਂ ਨਾਲ ਮਿਲ ਕੇ ਜੰਮੂ ਕੇ ਬਾਹਰੀ ਇਲਾਕੇ ਨਰਵਾਲ ਬਾਈਪਾਸ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦੀ ਉਡੀਕ ਹੈ। ਅਧਿਕਾਰੀਆਂ ਅਨੁਸਾਰ ਸੈਨਾ, ਪੁਲੀਸ ਤੇ ਨੀਮ ਫੌਜੀ ਬਲਾਂ ਨੇ ਸਵੇਰੇ ਡੋਡਾ ਜ਼ਿਲ੍ਹੇ ’ਚ ਗੰਡੋਹ ਦੇ ਕੋਟਾ ਟੌਪ, ਚੱਟਾਗੱਲਾ ਤੇ ਨੇੜਲੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਮੁੜ ਸ਼ੁਰੂ ਕੀਤੀ ਜਿੱਥੇ ਲੰਘੇ ਦੋ ਦਿਨਾਂ ਦੌਰਾਨ ਅਤਿਵਾਦੀਆਂ ਨਾਲ ਵੱਖ ਵੱਖ ਮੁਕਾਬਲਿਆਂ ’ਚ ਦੋ ਪੁਲੀਸ ਮੁਲਾਜ਼ਮਾਂ ਸਮੇਤ ਸੱਤ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀ ਦੇ ਸਕੈੱਚ ਨਾਲ ਮਿਲਦੇ-ਜੁਲਦੇ ਚਿਹਰੇ ਵਾਲੇ ਇੱਕ ਸ਼ਖਸ ਨੂੰ ਰਾਜੌਰੀ ਤੋਂ ਹਿਰਾਸਤ ’ਚ ਲਿਆ ਗਿਆ ਹੈ ਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ

ਜੰਮੂ ਕਸ਼ਮੀਰ ਬਾਰੇ ਚੀਨ-ਪਾਕਿ ਦੇ ਸਾਂਝੇ ਬਿਆਨ ਭਾਰਤ ਵੱਲੋਂ ਖਾਰਜ

ਨਵੀਂ ਦਿੱਲੀ: ਭਾਰਤ ਨੇ ਚੀਨ ਤੇ ਪਾਕਿਸਤਾਨ ਦੇ ਨਵੇਂ ਸਾਂਝੇ ਬਿਆਨ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸੰਦਰਭਾਂ ਨੂੰ ਅੱਜ ਸਖਤੀ ਨਾਲ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਭਾਰਤ ਦੇ ਅਟੁੱਟ ਅੰਗ ਰਹੇ ਹਨ ਤੇ ਹਮੇਸ਼ਾ ਰਹਿਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਵਿਚਾਲੇ ਵਾਰਤਾ ਤੋਂ ਬਾਅਦ ਲੰਘੀ 7 ਜੂਨ ਨੂੰ ਪੇਈਚਿੰਗ ’ਚ ਸਾਂਝਾ ਬਿਆਨ ਜਾਰੀ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ, ‘ਅਸੀਂ 7 ਜੂਨ ਨੂੰ ਚੀਨ ਤੇ ਪਾਕਿਸਤਾਨ ਵਿਚਾਲੇ ਸਾਂਝੇ ਬਿਆਨ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸੰਦਰਭਾਂ ਨੂੰ ਦੇਖਿਆ ਹੈ। ਅਸੀਂ ਅਜਿਹੇ ਸੰਦਰਭਾਂ ਨੂੰ ਸਪੱਸ਼ਟ ਤੌਰ ’ਤੇ ਖਾਰਜ ਕਰਦੇ ਹਾਂ।’ ਉਨ੍ਹਾਂ ਕਿਹਾ, ‘ਇਸ ਮੁੱਦੇ ’ਤੇ ਸਾਡੀ ਸਥਿਤੀ ਤਰਕਸੰਗਤ ਹੈ ਅਤੇ ਸਬੰਧਤ ਧਿਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਤੇ ਲੱਦਾਖ ਭਾਰਤ ਦੇ ਅਟੁੱਟ ਤੇ ਅਣਿੱਖੜਵੇਂ ਅੰਗ ਰਹੇ ਹਨ ਤੇ ਹਮੇਸ਼ ਰਹਿਣਗੇ।’ ਉਨ੍ਹਾਂ ਕਿਹਾ ਕਿ ਕਿਸੇ ਵੀ ਹੋਰ ਮੁਲਕ ਨੂੰ ਇਸ ’ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ’ਤੇ ਵੀ ਸਖ਼ਤ ਟਿੱਪਣੀ ਕਰਦਿਆਂ ਕਿਹਾ, ‘ਇਸੇ ਸਾਂਝੇ ਬਿਆਨ ’ਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਤਹਿਤ ਗਤੀਵਿਧੀਆਂ ਤੇ ਪ੍ਰਾਜੈਕਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ’ਚੋਂ ਕੁਝ ਭਾਰਤ ਦੀ ਪ੍ਰਭੂਸੱਤਾ ਹੇਠਲੇ ਖੇਤਰ ’ਚ ਹਨ ਜੋ ਪਾਕਿਸਤਾਨ ਦੇ ਜਬਰੀ ਤੇ ਗੈਰਕਾਨੂੰਨੀ ਕਬਜ਼ੇ ਹੇਠ ਹਨ।’ -ਪੀਟੀਆਈ

Advertisement
Author Image

joginder kumar

View all posts

Advertisement
Advertisement
×