For the best experience, open
https://m.punjabitribuneonline.com
on your mobile browser.
Advertisement

ਇਤਿਹਾਸ ਦੇ ਪੰਨਿਆਂ ’ਚੋਂ....

09:18 AM Nov 02, 2024 IST
ਇਤਿਹਾਸ ਦੇ ਪੰਨਿਆਂ ’ਚੋਂ
Advertisement

ਗੁਰਨਾਜ਼

ਇਤਿਹਾਸਕ ਬਿਰਤਾਂਤ ਸ਼ੁਰੂਆਤ ਤੋਂ ਹੀ ਫਿਲਮ ਜਗਤ ਦੀ ਦਿਲਚਸਪੀ ਦਾ ਕੇਂਦਰ ਰਹੇ ਹਨ ਤੇ ਪੰਜਾਬੀ ਸਿਨੇਮਾ ਨੇ ਕਈ ਵਾਰ ਇਸ ਸਦਾਬਹਾਰ ਰੁਝਾਨ ਨੂੰ ਅਪਣਾਇਆ ਹੈ। ਇਹ ਅਤੀਤ ਦਾ ਸਿਰਫ਼ ਇੱਕ ਅਧਿਆਏ ਹੀ ਨਹੀਂ ਹੈ, ਇਸ ’ਚ ਉਸ ਤਰ੍ਹਾਂ ਦੀ ਪੂਰੀ ਦੁਨੀਆ ਨੂੰ ਮੁੜ ਤੋਂ ਸਿਰਜਣਾ ਪੈਂਦਾ ਹੈ ਤੇ ਦਰਸ਼ਕਾਂ ਨੂੰ ਖਿੱਚਣ ਲਈ ਪ੍ਰਮਾਣਿਕਤਾ ਦਾ ਪੂਰਾ ਖ਼ਿਆਲ ਰੱਖਣਾ ਪੈਂਦਾ ਹੈ। ਫਿਲਮਸਾਜ਼ ਅਮਿਤੋਜ ਮਾਨ ਨੇ ਹਾਲ ਹੀ ਵਿੱਚ ਪੰਜਾਬੀ ਇਤਿਹਾਸ ਦੀ ਮੰਨੀ-ਪ੍ਰਮੰਨੀ ਹਸਤੀ ‘ਸੁੱਚਾ ਸੂਰਮਾ’ ਨੂੰ ਫਿਲਮ ‘ਸੁੱਚਾ ਸੂਰਮਾ’ ਰਾਹੀਂ ਪਰਦੇ ’ਤੇ ਪੇਸ਼ ਕੀਤਾ ਹੈ, ਉਹ ਸੁੱਚਾ ਸੂਰਮਾ ਜੋ ਆਜ਼ਾਦੀ ਦੀ ਲੜਾਈ ’ਚ ਆਪਣੀ ਬਹਾਦਰੀ ਤੇ ਕੁਰਬਾਨੀ ਲਈ ਜਾਣਿਆ ਜਾਂਦਾ ਹੈ।
ਸੰਨ 1915 ਦੇ ਪਿਛੋਕੜ ’ਚ ਫਿਲਮਾਈ ਗਈ ਇਹ ਫਿਲਮ ਨਾ ਸਿਰਫ਼ ਇਸ ਦੇ ਮੁੱਖ ਕਿਰਦਾਰ ਨੂੰ ਫਰੋਲਦੀ ਹੈ ਬਲਕਿ ਉਸ ਸਮੇਂ ਦੇ ਅਮੀਰ ਸੱਭਿਆਚਾਰਕ ਤੇ ਇਤਿਹਾਸਕ ਸੰਦਰਭ ’ਤੇ ਵੀ ਝਾਤ ਪੁਆਉਂਦੀ ਹੈ। ਸਾਡੇ ਨਾਲ ਗੱਲਬਾਤ ’ਚ ਅਮਿਤੋਜ ਮਾਨ ਨੇ ਇਤਿਹਾਸਕ ਕਹਾਣੀਆਂ ਨੂੰ ਬਿਆਨਣ ’ਚ ਆਉਂਦੀਆਂ ਚੁਣੌਤੀਆਂ ਬਾਰੇ ਦੱਸਿਆ ਅਤੇ ਨਾਲ ਹੀ ਪੰਜਾਬੀ ਸਿਨੇਮਾ ਦੇ ਬਦਲ ਰਹੇ ਰੂਪ ਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੇ ਮਹੱਤਵ ਬਾਰੇ ਵੀ ਗੱਲਬਾਤ ਕੀਤੀ। ਸਿਨੇਮਾ ਦੇ ਆਪਣੇ ਸਫ਼ਰ ਰਾਹੀਂ ਅਮਿਤੋਜ ਨੇ ਦਰਸ਼ਕਾਂ ਨੂੰ ਅਤੀਤ ਤੇ ਅਜੋਕੇ ਸੰਸਾਰ ਵਿੱਚ ਇਸ ਦੇ ਮਹੱਤਵ ’ਤੇ ਚਿੰਤਨ ਕਰਨ ਦਾ ਸੱਦਾ ਵੀ ਦਿੱਤਾ।
ਪੂਰੀ ਇੱਕ ਸਦੀ ਪਿੱਛੇ ਜਾ ਕੇ ਇਤਿਹਾਸ ਦੇ ਇੱਕ ਅੰਸ਼ ’ਤੇ ਮੁੜ ਝਾਤ ਮਾਰਨ ਪਿਛਲੇ ਆਪਣੇ ਇਰਾਦੇ ਬਾਰੇ ਦੱਸਦਿਆਂ ਅਮਿਤੋਜ ਨੇ ਕਿਹਾ, ‘‘ਜੇ ਤੁਸੀਂ ਕੌਮਾਂਤਰੀ ਸਿਨੇਮਾ ਨੂੰ ਦੇਖੋ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਲੋਕ ਇਤਿਹਾਸ ਪ੍ਰਤੀ ਬਹੁਤ ਖਿੱਚ ਰੱਖਦੇ ਹਨ। ਮੈਂ 2013 ਵਿੱਚ ਆਪਣੀ ਫਿਲਮ ‘ਹਾਣੀ’ ਨਾਲ ਪੁਰਾਣੇ ਪੰਜਾਬ ਵੱਲ ਰੁਖ਼ ਕੀਤਾ ਸੀ, ਤੇ ਮੇਰੇ ਵੱਲੋਂ ਕੀਤੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਉਸ ਦੌਰ ਨਾਲ ਸਬੰਧਤ ਕਈ ਫਿਲਮਾਂ ਬਣ ਚੁੱਕੀਆਂ ਹਨ। ਲੋਕ ਇਨ੍ਹਾਂ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਆਪਣੇ ਅਤੀਤ ਨਾਲ ਜੁੜਨਾ ਚਾਹੁੰਦੇ ਹਨ।’’
ਉਸ ਨੇ ਜ਼ੋਰ ਦਿੱਤਾ ਕਿ ਭਾਵੇਂ ਇਤਿਹਾਸਕ ਫਿਲਮਾਂ ਬਣਾਉਣਾ ਚੁਣੌਤੀਪੂਰਨ ਹੋ ਸਕਦਾ ਹੈ, ਪਰ ਇਹ ਫਿਲਮਸਾਜ਼ਾਂ ਨੂੰ ਅਸਲ ਮਾਅਨਿਆਂ ’ਚ ਸੱਭਿਆਚਾਰਕ ਬਾਰੀਕੀਆਂ ਫਰੋਲਣ ਦਾ ਮੌਕਾ ਦਿੰਦੀਆਂ ਹਨ। ਮਾਨ ਨੇ ਨਾਲ ਹੀ ਕਿਹਾ ‘‘ਇਨ੍ਹਾਂ ਨਾਲ ਜ਼ਿੰਮੇਵਾਰੀ ਦੀ ਇੱਕ ਭਾਵਨਾ ਜੁੜੀ ਹੁੰਦੀ ਹੈ’’, ਇਸ ਲਈ ਉਸ ਦੌਰ ਨੂੰ ਸਹੀ ਢੰਗ ਨਾਲ ਦਿਖਾਉਣ ਲਈ ਵਿਆਪਕ ਪੜਚੋਲ ਦੀ ਲੋੜ ਪੈਂਦੀ ਹੈ।
‘ਸੁੱਚਾ ਸੂਰਮਾ’ ਬਣਾਉਣ ’ਚ ਲੱਗੀ ਮਿਹਨਤ ਬਾਰੇ ਪੁੱਛਣ ’ਤੇ ਅਮਿਤੋਜ ਨੇ ਦੱਸਿਆ, ‘‘ਪਹਿਲਾਂ ਅਸੀਂ ਇਸ ਨੂੰ 2019 ਵਿੱਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਸੀ, ਪਰ ਕੁਝ ਗ਼ਲਤਫਹਿਮੀਆਂ ਤੇ ਕੋਵਿਡ ਕਰ ਕੇ, ਇਹ ਹੁਣ ਰਿਲੀਜ਼ ਹੋਈ ਹੈ।’’ ਫਿਲਮ ਭਾਵੇਂ 45 ਦਿਨਾਂ ’ਚ ਫਿਲਮਾਈ ਗਈ ਹੈ, ਪਰ ਉਹ ਦੱਸਦਾ ਹੈ ਕਿ ਸ਼ੂਟਿੰਗ ਤੋਂ ਪਹਿਲਾਂ (ਪ੍ਰੀ-ਪ੍ਰੋਡਕਸ਼ਨ) ਦਾ ਪੜਾਅ ਬਹੁਤ ਅਹਿਮ ਸੀ, ਫਿਲਮ ਦੀ ਤਿਆਰੀ ਲਈ ਡੇਢ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ। ਉਸ ਨੇ ਕਿਹਾ, ‘‘ਇੱਕ ਚੰਗੀ ਫਿਲਮ ਉਹ ਹੈ ਜੋ ਇਸ ਦੀ ਤਿਆਰੀ ਲਈ ਢੁੱਕਵਾਂ ਸਮਾਂ ਦੇਵੇ, ਹਾਲਾਂਕਿ ਫਿਲਮ ਦੇ ਜ਼ਿਆਦਾਤਰ ਮੈਂਬਰ ਮਾਲਵਾ ਖੇਤਰ ਦੇ ਸਨ, ਇਸ ਲਈ ਅਸੀਂ ਸੱਭਿਆਚਾਰਕ ਬਾਰੀਕੀਆਂ ਨੂੰ ਜਾਣਦੇ ਸੀ... ਲੋਕ ਕਿਵੇਂ ਗੱਲ ਕਰਦੇ ਹਨ, ਵਰਤਾਅ ਕਿਵੇਂ ਦਾ ਹੈ, ਤੇ ਹੋਰ ਗੱਲਾਂ, ਪਰ ਫਿਰ ਵੀ ਕਾਫ਼ੀ ਖੋਜ ਕਾਰਜ ਕਰਨਾ ਪਿਆ।

Advertisement

ਅਮਿਤੋਜ ਮਾਨ ਅਤੇ ਉਸ ਵੱਲੋਂ ਬਣਾਈ ਫਿਲਮ ‘ਸੁੱਚਾ ਸੂਰਮਾ ਦਾ’ ਪੋਸਟਰ (ਉੱਪਰ)

ਅਮਿਤੋਜ ਮੁਤਾਬਕ, ‘‘ਮਨੋਰੰਜਨ ਸਿਨੇਮਾ ਦਾ ਕੇਂਦਰ ਰਿਹਾ ਹੈ, ਪਰ ਇਸ ਦੇ ਸੁਨੇਹੇ ਦੁਆਲੇ ਘੁੰਮਦੀ ਜ਼ਿੰਮੇਵਾਰੀ ਵੀ ਇੱਕ ਫਿਲਮ ਲਈ ਓਨੀ ਹੀ ਮਹੱਤਵਪੂਰਨ ਹੁੰਦੀ ਹੈ। ਇਸ ਲਈ ਜਦੋਂ ਸੁੱਚਾ ਸੂਰਮਾ ਅੰਦਰਲੇ ਡੂੰਘੇ ਸੁਨੇਹੇ ਦੀ ਗੱਲ ਆਉਂਦੀ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਹਰੇਕ ਫਿਲਮ ਕੋਈ ਸੁਨੇਹਾ ਹੀ ਦੇ ਕੇ ਜਾਵੇ...ਕੁਝ ਫਿਲਮਾਂ ਨਿਰੋਲ ਮਨੋਰੰਜਨ ਲਈ ਬਣਦੀਆਂ ਹਨ... ਸਾਡੇ ਲਈ ਚੁਣੌਤੀ ਹੁੰਦੀ ਹੈ ਪ੍ਰਮਾਣਿਕਤਾ ਦੇ ਨਾਲ-ਨਾਲ ਦਰਸ਼ਕਾਂ ਦੇ ਜੁੜਾਅ ਨੂੰ ਵੀ ਕਾਇਮ ਰੱਖਣਾ। ਉਸ ਨੇ ਕਹਾਣੀ ਦੇ ਪ੍ਰਵਾਹ ’ਚ ਵੱਖੋ-ਵੱਖਰੇ ਦ੍ਰਿਸ਼ਟੀਕੋਣ ਪੇਸ਼ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ, ਤੇ ਕਿਹਾ ਕਿ, ‘‘ਜੇ ਘੁੱਕਰ ਐਨਾ ਹੀ ਮਾੜਾ ਸੀ, ਤਾਂ ਉਹ ਸੁੱਚੇ ਦਾ ਮਿੱਤਰ ਕਿਵੇਂ ਬਣਿਆ ਰਿਹਾ? ਸਾਨੂੰ ਨਿਰਪੱਖ ਰਹਿ ਕੇ ਸਾਰੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੀ ਲੋੜ ਹੈ। ਮੇਰੀ ਕੋਸ਼ਿਸ਼ ਸੀ ਕਿ ਕਿਰਦਾਰਾਂ ਨੂੰ ਮੁਕੰਮਲ ਰੂਪ ਵਿੱਚ ਦਿਖਾਇਆ ਜਾਵੇ। ਕੋਈ ਵੀ ਬੰਦਾ ਪੂਰੀ ਤਰ੍ਹਾਂ ਗ਼ਲਤ ਜਾਂ ਸਹੀ ਨਹੀਂ ਹੈ, ਵਿਚਾਲੇ ਜਿਹੇ ਵੀ ਕੁਝ ਹੈ, ਬਸ ਉਸੇ ਦੀ ਝਲਕ ਦਿਖਾ ਸਕਣ ਦੇ ਸਮਰੱਥ ਹੋ ਸਕਣਾ ਹੀ ਕਲਾ ਤੇ ਕਲਾਕਾਰੀ ਹੈ।
ਫਿਲਮ, ਜਿਸ ਘਟਨਾ ’ਤੇ ਆਧਾਰਿਤ ਹੈ, ਕੀ ਉਸ ਮੁਤਾਬਕ ਸੁੱਚਾ ਅਮਿਤੋਜ ਦੀਆਂ ਨਜ਼ਰਾਂ ਵਿੱਚ ਨਾਇਕ ਹੈ?, ਇਸ ’ਤੇ ਉਹ ਹਾਂ ਵਿੱਚ ਜਵਾਬ ਦਿੰਦਿਆਂ ਕਹਿੰਦਾ ਹੈ, ‘‘ਉਸ ਦੇ ਕੁਝ ਡਾਇਲਾਗ ਹਨ, ਤੇ ਸੁੱਚਾ ਸਵਾਲਾਂ ਦੇ ਜਵਾਬ ਵੀ ਦਿੰਦਾ ਹੈ। ਉਹ ਤੁਹਾਨੂੰ ਦੱਸਣਗੇ ਕਿ ਸਮਾਜ ਦੀ ਉਨ੍ਹਾਂ ਵੇਲਿਆਂ ’ਚ ਕੀ ਸੋਚ ਸੀ। ਮੈਂ ਕਿਸੇ ਨੂੰ ਸਹੀ ਨਹੀਂ ਠਹਿਰਾ ਰਿਹਾ, ਪਰ ਸਿਰਫ਼ ਇਹ ਦਿਖਾ ਰਿਹਾ ਹਾਂ ਕਿ ਚੀਜ਼ਾਂ ਕਿਹੋ ਜਿਹੀਆਂ ਸਨ ਤੇ ਅੱਜ ਕਿਵੇਂ ਹਨ।’’ ਅਮਿਤੋਜ ਦਾ ਕਹਿਣਾ ਹੈ ਕਿ ਸਰੋਤਿਆਂ ਨੂੰ ਹੀ ਕਿਰਦਾਰਾਂ ਦੇ ਕੰਮਾਂ ਦਾ ਅਰਥ ਕੱਢਣ ਦਿੱਤਾ ਜਾਵੇ।
ਕਾਸਟਿੰਗ ਪ੍ਰਕਿਰਿਆ, ਖ਼ਾਸ ਤੌਰ ’ਤੇ ਸਾਲਾਂ ਬਾਅਦ ਉਸ ਦੀ ਬੱਬੂ ਮਾਨ ਨਾਲ ਪਈ ਸਾਂਝ ਬਾਰੇ ਪੁੱਛਣ ’ਤੇ ਨਿਰਦੇਸ਼ਕ ਕਹਿੰਦਾ ਹੈ, ‘‘ਜਦ ਅਸੀਂ ਇਸ ਫਿਲਮ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਸੀ, ਕਿਸੇ ਨੇ ਸੁਝਾਅ ਦਿੱਤਾ ਕਿ ਬੱਬੂ ਹੀ ਸੁੱਚੇ ਦੇ ਕਿਰਦਾਰ ਲਈ ਸਹੀ ਚੋਣ ਹੋਵੇਗੀ। ਮੈਂ ਸਹਿਮਤ ਹੋ ਗਿਆ ਕਿਉਂਕਿ ਮੈਨੂੰ ਬੱਬੂ ਦੀ ਵਿਚਾਰ ਸ਼ੈਲੀ ਸੁੱਚੇ ਦੇ ਕਿਰਦਾਰ ਨਾਲ ਮੇਲ ਖਾਂਦੀ ਦਿਖੀ। ਆਪਣੀ ਦੋਸਤੀ ਤੇ ਇੱਕ-ਦੂਜੇ ਨਾਲ ਕੰਮ ਕਰਨ ਦੀ ਸੌਖ ਬਾਰੇ ਗੱਲ ਕਰਦਿਆਂ ਅਮਿਤੋਜ ਨੇ ਕਿਹਾ, ‘‘ਅਤੀਤ ਤਾਂ ਅਤੀਤ ਹੁੰਦਾ ਹੈ ਤੇ ਫ਼ਰਕ ਬਣਦੇ-ਮਿਟਦੇ ਰਹਿੰਦੇ ਹਨ।’
ਪੰਜਾਬੀ ਸਿਨੇਮਾ ਬਾਰੇ ਗੱਲ ਕਰਦਿਆਂ ਅਮਿਤੋਜ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਹੌਲੀ-ਸਹਿਜੇ ਪਰਿਪੱਕ ਹੋ ਰਹੇ ਹਾਂ, ਪਰ ਅਜੇ ਵੀ ਕਈ ਅਣਛੋਹੇ ਵਿਸ਼ੇ ਹਨ, ਜਿਵੇਂ ਕਿ ਪੁਰਾਣਾ ਪੰਜਾਬ।’’ ਉਸ ਨੇ ਪੰਜਾਬੀ ਫਿਲਮਾਂ ਦੀ ਪ੍ਰੋਡਕਸ਼ਨ ਗੁਣਵੱਤਾ ’ਚ ਸੁਧਾਰ ਦੀ ਗੁੰਜਾਇਸ਼ ਬਾਰੇ ਵੀ ਗੱਲ ਕੀਤੀ। ‘‘ਹਰੇਕ ਨਿੱਕੀ ਤੋਂ ਨਿੱਕੀ ਚੀਜ਼ ਮਾਅਨੇ ਰੱਖਦੀ ਹੈ ਤੇ ਸਾਨੂੰ ਇਸ ਬਾਰੇ ਖ਼ੁਦ ਨੂੰ ਸਿੱਖਿਅਤ ਕਰਨਾ ਪਏਗਾ।’’ ਅਮਿਤੋਜ ਨੇ ਕਿਹਾ ਕਿ ਸਿਨੇਮਾ ’ਚ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੀ ਤਾਕਤ ਹੈ ਤੇ ਇਹ ਕਿਸੇ ਦੀ ਬਣੀ-ਬਣਾਈ ਧਾਰਨਾ ਨੂੰ ਤੋੜ ਸਕਦਾ ਹੈ। ਉਸ ਨੇ ਕਿਹਾ ਕਿ ਫਿਲਮ ਕੈਮਰਾ ਇੱਕ ਹਥਿਆਰ ਦੀ ਤਰ੍ਹਾਂ ਹੈ, ਇਹ ਨੁਕਸਾਨ ਵੀ ਕਰ ਸਕਦਾ ਹੈ, ਇਸ ਲਈ ਇਸ ਨੂੰ ਹਰ ਪੱਖ ਤੋਂ ਸੰਭਲ ਕੇ ਵਰਤਣ ਦੀ ਲੋੜ ਪੈਂਦੀ ਹੈ।

Advertisement

‘‘ਜੇ ਤੁਸੀਂ ਕੌਮਾਂਤਰੀ ਸਿਨੇਮਾ ਨੂੰ ਦੇਖੋ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਲੋਕ ਇਤਿਹਾਸ ਪ੍ਰਤੀ ਬਹੁਤ ਖਿੱਚ ਰੱਖਦੇ ਹਨ। ਮੈਂ 2013 ਵਿੱਚ ਆਪਣੀ ਫਿਲਮ ‘ਹਾਣੀ’ ਨਾਲ ਪੁਰਾਣੇ ਪੰਜਾਬ ਵੱਲ ਰੁਖ਼ ਕੀਤਾ ਸੀ, ਤੇ ਮੇਰੇ ਵੱਲੋਂ ਕੀਤੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਉਸ ਦੌਰ ਨਾਲ ਸਬੰਧਤ ਕਈ ਫਿਲਮਾਂ ਬਣ ਚੁੱਕੀਆਂ ਹਨ। ਲੋਕ ਇਨ੍ਹਾਂ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਆਪਣੇ ਅਤੀਤ ਨਾਲ ਜੁੜਨਾ ਚਾਹੁੰਦੇ ਹਨ।ਭਾਵੇਂ ਇਤਿਹਾਸਕ ਫਿਲਮਾਂ ਬਣਾਉਣਾ ਚੁਣੌਤੀਪੂਰਨ ਹੋ ਸਕਦਾ ਹੈ, ਪਰ ਇਹ ਫਿਲਮਸਾਜ਼ਾਂ ਨੂੰ ਅਸਲ ਮਾਅਨਿਆਂ ’ਚ ਸੱਭਿਆਚਾਰਕ ਬਾਰੀਕੀਆਂ ਫਰੋਲਣ ਦਾ ਮੌਕਾ ਦਿੰਦੀਆਂ ਹਨ। ਇਨ੍ਹਾਂ ਨਾਲ ਜ਼ਿੰਮੇਵਾਰੀ ਦੀ ਇੱਕ ਭਾਵਨਾ ਜੁੜੀ ਹੁੰਦੀ ਹੈ। ਇਸ ਲਈ ਉਸ ਦੌਰ ਨੂੰ ਸਹੀ ਢੰਗ ਨਾਲ ਦਿਖਾਉਣ ਲਈ ਵਿਆਪਕ ਪੜਚੋਲ ਦੀ ਲੋੜ ਪੈਂਦੀ ਹੈ।’’ - ਅਮਿਤੋਜ ਮਾਨ

Advertisement
Author Image

sukhwinder singh

View all posts

Advertisement