For the best experience, open
https://m.punjabitribuneonline.com
on your mobile browser.
Advertisement

‘ਸਾਹਮਣੇ ਚੁਬਾਰੇ ਨੀਂ ਮੈਂ ਖੇਲਾਂ ਗੀਟੀਆਂ’ ਵਾਲਾ ਪਰਵਾਨਾ

09:15 AM Nov 02, 2024 IST
‘ਸਾਹਮਣੇ ਚੁਬਾਰੇ ਨੀਂ ਮੈਂ ਖੇਲਾਂ ਗੀਟੀਆਂ’ ਵਾਲਾ ਪਰਵਾਨਾ
Advertisement

ਸੁਰਜੀਤ ਜੱਸਲ

ਆਪਣੇ ਵੇਲਿਆਂ ਦਾ ਨਾਮੀ ਗੀਤਕਾਰ ਚਤਰ ਸਿੰਘ ਪਰਵਾਨਾ 27 ਅਗਸਤ 2024 ਨੂੰ ਅਲਵਿਦਾ ਕਹਿ ਗਿਆ। ਚਾਰ ਦਹਾਕੇ ਤੋਂ ਵੱਧ ਸਮਾਂ ਗਾਇਕੀ ਦੇ ਖੇਤਰ ਵਿੱਚ ਰਾਜ ਕਰਨ ਵਾਲਾ ਇਹ ਗੀਤਕਾਰ ਆਪਣੇ ਦੌਰ ਵਿੱਚ ਸਭ ਤੋਂ ਵੱਧ ਰਿਕਾਰਡ ਹੋਣ ਵਾਲਾ ਤੇ ਗੀਤਾਂ ਦੀ ਚੰਗੀ ਰਾਇਲਟੀ ਲੈਣ ਵਾਲਾ ਗੀਤਕਾਰ ਰਿਹਾ ਹੈ। ਉਸ ਸਮੇਂ ਦਾ ਕੋਈ ਹੀ ਅਜਿਹਾ ਗਾਇਕ ਹੋਵੇਗਾ ਜਿਸ ਨੇ ਉਸ ਦੇ ਗੀਤਾਂ ਨੂੰ ਨਾ ਗਾਇਆ ਹੋਵੇ। ਰਾਜਿੰਦਰ ਰਾਜਨ, ਨਰਿੰਦਰ ਬੀਬਾ, ਹਰਚਰਨ ਗਰੇਵਾਲ, ਸੀਮਾ, ਸੁਰਿੰਦਰ ਕੌਰ, ਰਮੇਸ਼ ਰੰਗੀਲਾ, ਕਰਮਜੀਤ ਧੂਰੀ, ਗੁਰਦਿਆਲ ਨਿਰਮਾਣ ਧੂਰੀ ਆਦਿ ਉਹ ਕਲਾਕਾਰ ਹਨ ਜਿਨ੍ਹਾਂ ਨੇ ਪਰਵਾਨੇ ਦੇ ਗੀਤਾਂ ਨੂੰ ਵਧੇਰੇ ਗਾਇਆ।
ਉਸ ਵੇਲੇ ਪਰਵਾਨੇ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਸਨ। ਉਸ ਕੋਲ ਪਲਾਟ, ਕੋਠੀਆਂ ਅਤੇ ਦੁਕਾਨਾਂ ਸਨ। ਨਾਲ ਹੀ ਡੇਅਰੀ ਫਾਰਮਿੰਗ ਦਾ ਚੰਗਾ ਕਾਰੋਬਾਰ ਹੁੰਦਾ ਸੀ, ਪਰ ਫਿਰ ਹੌਲੀ ਹੌਲੀ ਸਭ ਕੁਝ ਵਿਕ ਗਿਆ। ਪਿਛਲਾ ਸਮਾਂ ਯਾਦ ਕਰਕੇ ਉਹ ਅੰਦਰੋਂ ਅੰਦਰੀਂ ਝੂਰਦਾ ਰਹਿੰਦਾ ਸੀ। ਇਸ ਸਭ ਕਾਸੇ ਲਈ ਉਹ ਆਪਣੇ ਆਪ ਨੂੰ ਹੀ ਜ਼ਿੰਮੇਵਾਰ ਮੰਨਦਾ ਸੀ। ਜ਼ਿੰਦਗੀ ਦਾ ਆਖਰੀ ਦੌਰ ਉਸ ਨੇ ਬਹੁਤ ਗ਼ਰੀਬੀ ਵਿੱਚ ਬਿਤਾਇਆ। ਆਖਰੀ ਦਿਨਾਂ ਵਿੱਚ ਉਸ ਨੂੰ ਕਲਾ ਦੇ ਦੌਰੇ ਜਿਹੇ ਪੈਣ ਲੱਗ ਪਏ ਸਨ। ਉਹ ਆਪਣੇ ਗੀਤ ਗਾਉਂਦਾ ਨੱਚਣ ਲੱਗ ਜਾਂਦਾ। ‘ਮਿੱਤਰਾ ਦਾ ਚੱਲਿਆ ਟਰੱਕ ਨੀਂ’, ‘ਮਿੱਤਰਾਂ ਦੇ ਟਿਊਬਵੈੱਲ ’ਤੇ ਲੀੜੇ ਧੋਣ ਦੇ ਬਹਾਨੇ ਆ ਜਾ’, ‘ਸੱਸ ਕੁੱਟਣੀ ਸੰਦੂਕਾਂ ਓਹਲੇ’, ‘ਸਾਹਮਣੇ ਚੁਬਾਰੇ ਨੀਂ ਮੈਂ ਖੇਲਾਂ ਗੀਟੀਆ’, ‘ਤੇਰੀ ਘੜੀ ’ਤੇ ਬਾਰਾਂ ਵੱਜੇ ਮੇਰੀ ਘੜੀ ’ਤੇ ਨੌਂ’, ‘ਬੜਾ ਪੁਆੜਾ ਪਾਇਆ ਨੀਂ ਮੰਗਲ ਤੇ ਸ਼ੁੱਕਰਵਾਰ ਨੇ’, ‘ਭਾਬੀ ਸਾਗ ਨੂੰ ਨਾ ਜਾਈਂ ਤੇਰਾ ਮੁੰਡਾ ਰੋਊਗਾ’, ‘ਮੇਰੀ ਛੋਲਿਆਂ ਦੀ ਦਾਲ ਕਰਾਰੀ’ ਆਦਿ ਵਰਗੇ ਉਹ ਆਪਣੇ ਗੀਤਾਂ ਨੂੰ ਬਿਨਾਂ ਬਰੇਕਾਂ ਇੱਕੋ ਸਾਹੇ ਗਿਣਾਅ ਜਾਂਦਾ ਸੀ। ਗੀਤਕਾਰੀ ਤੋਂ ਇਲਾਵਾ ਉਸ ਨੇ ਗਾਇਕੀ ਵੀ ਕੀਤੀ ਹੈ। ਗਾਇਕਾ ਮੰਜੂ ਨਾਲ ਉਸ ਦੀ ਆਪਣੀ ਆਵਾਜ਼ ਵਿੱਚ ਕਈ ਕੈਸੇਟਾਂ ਵੀ ਰਿਕਾਰਡ ਹੋਈਆਂ। ਮੰਜੂ ਨਾਲ ਗਾਇਆ ਦੋਗਾਣਾ ‘ਕੁੱਤੇ ਵਾਲੀ ਕੰਪਨੀ ਵਿੱਚ ਤਵਾਂ ਭਰਾਵਣ ਚੱਲੀ ਆਂ’ ਕਾਫ਼ੀ ਚਰਚਿਤ ਹੋਇਆ ਸੀ।
ਲਹਿੰਦੇ ਪੰਜਾਬ ਵਿੱਚ ਪੈਦਾ ਹੋਇਆ ਚਤਰ ਸਿੰਘ ਪਰਵਾਨਾ ਦੇਸ਼ ਦੀ ਵੰਡ ਤੋਂ ਬਾਅਦ ਆਪਣੇ ਮਾਤਾ-ਪਿਤਾ ਨਾਲ ਪੰਜਾਬ ਆ ਗਿਆ। ਉਸ ਦਾ ਬਚਪਨ ਲੁਧਿਆਣਾ ਨੇੜਲੇ ਪਿੰਡ ਖਾਨਪੁਰ ਵਿੱਚ ਗੁਜ਼ਰਿਆ। ਮੈਟ੍ਰਿਕ ਪਾਸ ਪਰਵਾਨੇ ਨੂੰ ਗੀਤਕਾਰੀ ਦੇ ਰਾਹ ’ਤੇ ਸੰਗੀਤਕਾਰ ਜਸਵੰਤ ਭੰਵਰਾ ਨੇ ਤੋਰਿਆ। ਪਹਿਲਾਂ ਉਹ ਗਾਇਕ ਬਣਨ ਦੀ ਲਾਲਸਾ ਨਾਲ ਸ਼ਾਦੀ ਰਾਮ ਬਖਸ਼ੀ, ਚਾਂਦੀ ਰਾਮ ਚਾਂਦੀ ਤੇ ਲਾਲ ਚੰਦ ਯਮਲਾ ਦੀ ਗਾਇਕੀ ਦਾ ਮੁਰੀਦ ਸੀ। ਉਸ ਦਾ ਪਹਿਲਾ ਗੀਤ ਅਮਰ ਸਿੰਘ, ਗੁਰਦਾਸ ਪੁਰੀ ਤੇ ਵੀਨਾ ਲੇਖੀ ਦੀ ਆਵਾਜ਼ ਵਿੱਚ ‘ਨਿੱਤ ਦਾ ਕਲੇਸ਼ ਮੁੱਕਜੂ’ ਰਿਕਾਰਡ ਹੋਇਆ। ਇਸ ਪਹਿਲੀ ਰਿਕਾਡਿੰਗ ਨਾਲ ਉਹ ਹਵਾ ’ਚ ਉੱਡਣ ਲੱਗਿਆ ਤੇ ਗੀਤਕਾਰੀ ਵੱਲ ਹੋ ਤੁਰਿਆ। ਉਹ ਨਵਿਆਂ-ਪੁਰਾਣਿਆਂ ਕੋਲੋਂ ਗੀਤਕਾਰੀ ਦੇ ਪੈਂਤੜੇ ਸਿੱਖਦਾ ਗਿਆ ਤੇ ਰਿਕਾਰਡ ਹੋਣ ਲੱਗਿਆ। ਉਸ ਦਾ ਲਿਖਿਆ ਰਾਜਿੰਦਰ ਰਾਜਨ ਤੇ ਜਗਜੀਤ ਜ਼ੀਰਵੀ ਦੀ ਆਵਾਜ਼ ਵਿੱਚ ‘ਸਾਹਮਣੇ ਚੁਬਾਰੇ ਨੀਂ ਮੈਂ ਖੇਡਾਂ ਗੀਟੀਆਂ ਗੱਭਰੂ ਜਵਾਨ ਮੁੰਡਾ ਮਾਰੇ ਸੀਟੀਆਂ’ ਗੀਤ ਕਾਫ਼ੀ ਮਕਬੂਲ ਹੋਇਆ। ਉਹ ਧੜਾਧੜ ਲਿਖਦਾ ਰਿਹਾ ਤੇ ਰਿਕਾਰਡ ਹੁੰਦਾ ਗਿਆ। ਹਰੇਕ ਨਵੇਂ ਪੁਰਾਣੇ ਗਾਇਕ ਨੇ ਚਤਰ ਸਿੰਘ ਪਰਵਾਨੇ ਦੇ ਗੀਤ ਗਾਏ। ਗੀਤਕਾਰੀ ਵਿੱਚ ਉਹ ਆਪਣੇ ਸਮਕਾਲੀ ਗੀਤਕਾਰਾਂ ਤੋਂ ਮੋਹਰੀ ਹੋ ਕੇ ਚੱਲਿਆ। ਉਸ ਵੇਲੇ ਦੇ ਸਿਰਕੱਢ ਨਾਮੀਂ ਕਲਾਕਾਰਾਂ ਨਾਲ ਪਰਵਾਨੇ ਦੀ ਚੰਗੀ ਬੈਠਣੀ ਉੱਠਣੀ ਸੀ, ਪਰ ... ‘ਚੜ੍ਹਦੇ ਸੂਰਜ ਨੂੰ ਸਲਾਮਾਂ ’ ਵਾਲੀ ਗੱਲ ਹੁੰਦੀ ਹੈ। ਉਸ ਦੇ ਮਾੜੇ ਵਕਤ ਵਿੱਚ ਕਿਸੇ ਨੇ ਉਸ ਦੀ ਬਾਤ ਨਹੀਂ ਪੁੱਛੀ।
ਪਰਵਾਨੇ ਦੇ ਗੀਤਾਂ ਦੀ ਲਿਸਟ ਬਹੁਤ ਲੰਮੀ ਹੈ। ਉਸ ਦੇ ਰਿਕਾਰਡ ਗੀਤਾਂ ਦੀਆਂ ਛੇ ਕਿਤਾਬਾਂ ਵੀ ਛਪੀਆਂ ਹਨ। ਚਤਰ ਸਿੰਘ ਪਰਵਾਨਾ ਦੇ ਪੰਜ ਮੁੰਡੇ ਤੇ ਤਿੰਨ ਧੀਆਂ ਹਨ। ਸਾਰੇ ਮੁੰਡੇ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਦੇ ਹਨ। ਉਸ ਦਾ ਛੋਟਾ ਮੁੰਡਾ ਬੱਬਲੂ ਹੈ, ਉਹ ਵੀ ਮਿਹਨਤ ਮਜ਼ਦੂਰੀ ਕਰਕੇ ਵਕਤ ਲੰਘਾ ਰਿਹਾ ਹੈ। ਬੱਬਲੂ ਨੇ ਦੱਸਿਆ ਕਿ ਘਰ ’ਚ ਗ਼ਰੀਬੀ ਬਹੁਤ ਹੈ। ਉਹ ਜਿੰਨਾ ਕੁ ਕਮਾਉਂਦੇ ਹਨ, ਉਹ ਖਾ ਲੈਂਦੇ ਹਨ। ਉਸ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਕੋਲ ਆਪਣਾ ਮਕਾਨ, ਦੁਕਾਨਾਂ ਤੇ ਸ਼ਹਿਰ ’ਚ ਕਈ ਪਲਾਟ ਸਨ। ਸਪੇਅਰਪਾਰਟ ਬਣਾਉਣ ਵਾਲੀ ਇੱਕ ਛੋਟੀ ਜਿਹੀ ਫੈਕਟਰੀ ਵੀ ਸੀ, ਡੇਅਰੀ ਵੀ ਸੀ, ਪਰ ਕਬੀਲਦਾਰੀ ਦੇ ਝਮੇਲੇ ਵਿੱਚ ਹੌਲੀ ਹੌਲੀ ਸਭ ਕੁਝ ਵਿਕ ਗਿਆ।
ਉਸ ਦੇ ਪੁੱਤਰ ਨੂੰ ਦੁੱਖ ਹੈ ਕਿ ਉਸ ਦੇ ਬਾਪ ਨੇ ਐਨਾ ਕੁਝ ਹੋਣ ਦੇ ਬਾਵਜੂਦ ਆਪਣੇ ਸਮੇਂ ਨੂੰ ਨਹੀਂ ਸਾਂਭਿਆ। ਮਾੜੀਆਂ ਆਦਤਾਂ ਨਾ ਛੱਡੀਆਂ। ਸ਼ਰਾਬ ਪੀਣ ਦਾ ਉਹ ਮੁੱਢੋਂ ਹੀ ਸ਼ੌਕੀਨ ਸੀ ਜੋ ਹੌਲੀ ਹੌਲੀ ਉਸ ਦੀ ਬਰਬਾਦੀ ਦਾ ਕਾਰਨ ਬਣਿਆ। ਖੈਰ, ਸੰਗੀਤ ਜਗਤ ਵਿੱਚ ਚਤਰ ਸਿੰਘ ਪਰਵਾਨਾ ਨੂੰ ਆਪਣੇ ਗੀਤਾਂ ਨਾਲ ਸਦਾ ਯਾਦ ਕੀਤਾ ਜਾਵੇਗਾ।

Advertisement

ਸੰਪਰਕ: 98146-07737

Advertisement

Advertisement
Author Image

sukhwinder singh

View all posts

Advertisement