For the best experience, open
https://m.punjabitribuneonline.com
on your mobile browser.
Advertisement

ਚੇਤੇ ਦੀ ਚੰਗੇਰ ’ਚੋਂ

08:23 AM Mar 01, 2024 IST
ਚੇਤੇ ਦੀ ਚੰਗੇਰ ’ਚੋਂ
Advertisement

ਹਰਜਿੰਦਰ ਸਿੰਘ ਗੁਲਪਰ

ਮੇਰੀ ਨਿਯੁਕਤੀ 1988 ਦੇ ਅਖ਼ੀਰ ਨਵੰਬਰ ਵਿਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ (ਬਠਿੰਡਾ) ਦੀ ਹੋਈ। ਇਹ ਸਕੂਲ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ੁਰੂ ਕੀਤੀ ਆਦਰਸ਼ ਸਿੱਖਿਆ ਸਕੀਮ ਅਧੀਨ ਚੱਲ ਰਹੇ 6 ਸਕੂਲਾਂ ਵਿਚੋਂ ਇੱਕ ਸੀ। ਬਾਦਲ ਪਿੰਡ ਉੱਥੋਂ ਤਕਰੀਬਨ 8 ਕਿਲੋਮੀਟਰ ਹੈ। ਪੰਜਾਬ ਦੇ ਪ੍ਰਸੰਗ ਵਿੱਚ ਇਹ ਬਹੁਤ ਬੁਰਾ ਸਮਾਂ ਸੀ। ਮੇਰੇ ਨਾਲ ਜੋ ਵਾਪਰਨਾ ਸੀ, ਉਹ ਵਾਪਰ ਚੁੱਕਿਆ ਸੀ। ਨਿਯੁਕਤੀ ਬਾਅਦ ਬੋਰੀਆ ਬਿਸਤਰਾ ਚੁੱਕ ਕੇ ਬਠਿੰਡੇ ਬੱਸ ਅੱਡੇ ਪਹੁੰਚ ਗਿਆ। ਸ਼ਾਮ ਹੋ ਗਈ ਸੀ, ਨੰਦਗੜ੍ਹ ਲੰਬੀ ਵੱਲ ਜਾਂਦੀ ਮਿੰਨੀ ਬੱਸ ਲੰਘ ਚੁੱਕੀ ਸੀ। ਪਹਿਲੀ ਵਾਰ ਬਠਿੰਡੇ ਗਿਆ ਸੀ। ਅਜੇ ਰਾਤ ਕੱਟਣ ਲਈ ਟਿਕਾਣਾ ਲੱਭ ਹੀ ਰਿਹਾ ਸੀ ਕਿ ਕਿਸੇ ਭਲੇ ਪੁਰਸ਼ ਨੇ ਟੀਚਰ ਹੋਮ ਦਾ ਪਤਾ ਦੇ ਦਿੱਤਾ। ਮੈਂ ਉਥੇ ਪਹੁੰਚ ਗਿਆ। ਸਵੇਰੇ ਨੰਦਗੜ੍ਹ ਵਾਲੀ ਬਸ ਫੜ ਲਈ। ਇਸ ਵਿੱਚ ਜਿ਼ਆਦਾ ਸਟਾਫ ਇਸੇ ਸਕੂਲ ਦਾ ਸੀ। ਇੱਕ ਪਾਸਿਓਂ ਸੂਆ ਚਲਦਾ ਸੀ ਅਤੇ ਬਾਦਲ ਰੋਡ ਦੇ ਛਿਪਦੇ ਪਾਸੇ ਸਕੂਲ ਸੀ। ਜਿਹੋ ਜਿਹਾ ਮੈਂ ਮਾਲਵੇ ਦੀ ਧੁੰਨੀ ਕਹੇ ਜਾਂਦੇ ਇਸ ਇਲਾਕੇ ਵਾਰੇ ਨਾਵਲਾਂ ਅਤੇ ਸਾਹਿਤਕ ਕਿਤਾਬਾਂ ਵਿੱਚ ਪੜ੍ਹਿਆ ਸੀ, ਇਹ ਇਲਾਕਾ ਬਿਲਕੁਲ ਉਸੇ ਨਾਲ ਮਿਲਦਾ ਜੁਲਦਾ ਸੀ।
ਸਕੂਲ ਦੀ ਸ਼ਾਨਦਾਰ ਇਮਾਰਤ ਦੇਖ ਕੇ ਮੈਂ ਦੰਗ ਰਹਿ ਗਿਆ। ਆਦਰਸ਼ ਸਕੂਲਾਂ ਦੀ ਪਹਿਲੀ ਸ਼ਰਤ 25 ਏਕੜ ਰਕਬਾ ਸੀ। ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਸਮਾਘ ਛੁੱਟੀ ’ਤੇ ਸਨ। ਹਾਜ਼ਰ ਇੰਚਾਰਜ ਨੇ ਮੇਰਾ ਡੇਰਾ ਸਕੂਲ ਦੇ ਇੱਕ ਕਮਰੇ ਵਿਚ ਲਗਵਾ ਦਿੱਤਾ। ਸਮਾਘ ਸਾਹਿਬ ਬਾਰੇ ਮੈਨੂੰ ਪਤਾ ਲੱਗ ਗਿਆ ਸੀ ਕਿ ਬਹੁਤ ਸਖ਼ਤ ਪ੍ਰਬੰਧਕ ਹਨ। ਮੈਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਤਿਆਰ ਸੀ ਜਿਵੇਂ ਸੀਆਈਏ ਸਟਾਫ ਅੰਦਰ ਜਾਣ ਸਮੇਂ ਹੋਇਆ ਸੀ। ਦੂਜੇ ਦਿਨ ਉਹ ਦਫ਼ਤਰ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਸਟਾਫ ਨੂੰ ਪੁੱਛਿਆ, “ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ, ਨਵਾਂ ਅਧਿਆਪਕ ਆਇਆ।” ਮੇਰੇ ਮਨ ’ਤੇ ਉੱਕਰਿਆ ਉਨ੍ਹਾਂ ਦਾ ਅਕਸ ਮੋਮ ਵਾਂਗ ਪਿਘਲ ਗਿਆ। ਉਨ੍ਹਾਂ ਦੀ ਅੱਖ ਨੇ ਮੇਰਾ ਅੰਦਰ ਪੜ੍ਹ ਲਿਆ ਸੀ ਅਤੇ ਮੇਰੀ ਅੱਖ ਨੇ ਉਨ੍ਹਾਂ ਦਾ।
ਉਨ੍ਹਾਂ ਮਲਵਈ ਰੰਗ ਵਿਚ ਪੁੱਛਿਆ, “ਕਾਕਾ ਜੀ, ਤੁਹਾਡੀ ਕਿਹੜੀ ਗੇਮ ਵਿੱਚ ਰੁਚੀ ਹੈ?” ਕਾਕਾ ਜੀ ਵਰਗੇ ਸ਼ਬਦ ਨਾਵਲ ਪੜ੍ਹਨ ਅਤੇ ਯੂਪੀ ਦੇ ਜੰਗਲਾਂ ਵਿੱਚ ਰਹਿਣ ਕਰ ਕੇ ਸਿੱਖ ਚੁੱਕਿਆ ਸੀ, ਇਸ ਲਈ ਬਹੁਤੀ ਹੈਰਾਨੀ ਨਹੀਂ ਹੋਈ। ਮੋੜਵੇਂ ਉੱਤਰ ਵਿਚ ਕਿਹਾ, “ਸਪੈਸ਼ਲ ਗੇਮ ਤਾਂ ਫੁੱਟਬਾਲ ਹੈ ਪਰ ਤੁਸੀਂ ਕਿਸੇ ਵੀ ਗੇਮ ਵਿੱਚ ਪਾ ਕੇ ਦੇਖ ਲਿਓ।” “ਬਸ ਤੂੰ ਪੁੱਤਰਾ ਇਥੇ ਫੁੱਟਬਾਲ ਦਾ ਬੀਜ ਖਿਲਾਰ ਦੇ।” ਮੈਂ ‘ਸਤ ਬਚਨ’ ਕਹਿ ਕੇ ਉਠ ਆਇਆ।
ਦੂਜੇ ਦਿਨ ਨਿੱਕੀ ਫੁੱਟਬਾਲ ਪਨੀਰੀ ਵਿਸ਼ਾਲ ਗਰਾਊਂਡ ਵਿੱਚ ਲਾਉਣੀ ਸ਼ੁਰੂ ਕਰ ਦਿੱਤੀ। ਮਹਿਜ਼ 4 ਸਾਲਾਂ ਬਾਅਦ ਅਸੀਂ ਕਿਸੇ ਨੂੰ ਫੁੱਟਬਾਲ ਦਾ ਮੈਚ ਤਾਂ ਕੀ ਜਿੱਤਣ ਦੇਣਾ ਸੀ, ਕਦੇ ਉੱਚੀ ਛਾਲ ਵਰਗੇ ਅਥਲੈਟਿਕਸ ਮੁਕਾਬਲੇ ਵੀ ਨਹੀਂ ਜਿੱਤਣ ਦਿੱਤੇ। ਪ੍ਰਿੰਸੀਪਲ ਦੇ ਕਹਿਣ ’ਤੇ ਉੱਥੇ ਆਪਣੇ ਬੱਚਿਆਂ ਨੂੰ ਵੀ ਲੈ ਆਇਆ। ਉਦੋਂ ਤੱਕ ਆਪਣੇ ਪਰਮ ਮਿੱਤਰ ਗੁਰਨੈਬ ਸਿੰਘ ਕੋਲ ਅਕਸਰ ਬਾਦਲ ਹੀ ਰਹਿੰਦਾ ਸੀ।
ਮੇਰੇ ਕੋਲ ਦਰਜਨ ਭਰ ਬੱਚੇ ਸਕੂਲ ਵਿੱਚ ਰਹਿੰਦੇ ਸਨ ਜੋ ਪੜ੍ਹਨ ਦੇ ਨਾਲ ਨਾਲ ਖੇਡਦੇ ਸਨ। ਮੈਂ ਜਲਦੀ ਹੀ ਪ੍ਰਿੰਸੀਪਲ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਹੋ ਗਿਆ; ਕਾਰਨ ਇਹ ਸੀ ਕਿ ਉਹ ਸਿਲੇਬਸ ਦੀ ਥਾਂ ਆਮ ਗਿਆਨ ਵਾਲੇ ਬੰਦੇ ਨੂੰ ਪਹਿਲ ਦਿੰਦੇ ਸਨ। ਉਹ ਹਰ ਅਧਿਆਪਕ ਦੀ ਡਿਊਟੀ ਲਾਉਂਦੇ ਕਿ ਸਵੇਰ ਦੀ ਸਭਾ ਸਮੇਂ ਕੁਝ ਨਾ ਕੁਝ ਬੋਲਣ। ਬਾਕਾਇਦਾ ਸਪੀਕਰ ਲੱਗਾ ਹੁੰਦਾ ਸੀ। ਜਦੋਂ ਮੇਰੀ ਵਾਰੀ ਆਉਣੀ, ਮੈਂ ਨਵੇਂ ਤੋਂ ਨਵੇਂ ਵਿਸ਼ੇ ’ਤੇ ਬੋਲਣਾ। ਫਿਰ ਉਨ੍ਹਾਂ ਇਹ ਕਹਿੰਦਿਆਂ ਮੇਰੀ ਪੱਕੀ ਡਿਊਟੀ ਲਾ ਦਿੱਤੀ- “ਹਰਜਿੰਦਰ ਬਸ ਹੁਣ ਤੂੰ ਹੀ ਬੋਲਿਆ ਕਰ।” ਉਨ੍ਹਾਂ ਦਾ ਮਿੱਤਰ ਸਰਕਲ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉਨ੍ਹਾਂ ਦੀ ਉਸ ਸਮੇਂ ਇੰਨੀ ਵੁਕਤ ਸੀ ਕਿ ਐਡੇ ਵੱਡੇ ਸ਼ਹਿਰ ਵਿੱਚ ਚਿੱਠੀ ਉੱਤੇ ਸਮਾਘ ਲਿਖਣ ਨਾਲ ਹੀ ਖ਼ਤ ਉਨ੍ਹਾਂ ਦੀ ਭਾਗੂ ਰੋਡ ਸਥਿਤ ਕੋਠੀ ਪਹੁੰਚ ਜਾਂਦਾ। ਉਨ੍ਹਾਂ ਮੇਰਾ ਅਤੇ ਮੇਰੇ ਪਰਿਵਾਰ ਦਾ ਆਪਣੇ ਬੱਚਿਆਂ ਵਾਂਗ ਖਿਆਲ ਰੱਖਿਆ। ਇਨ੍ਹਾਂ 6 ਸਾਲਾ ਦੌਰਾਨ ਮੇਰੇ ਸੰਪਰਕ ਵਿਚ ਕਈ ਬੰਦੇ ਆਏ; ਇਨ੍ਹਾਂ ਵਿੱਚ ਮੇਰੇ ਕੁਲੀਗ ਬਲਵਿੰਦਰ ਬਰਾੜ ਅਤੇ ਪਰਮਿੰਦਰ ਕੌਰ ਸੰਧੂ ਸ਼ਾਮਿਲ ਹਨ।
ਕੁਝ ਸਾਲ ਪਹਿਲਾਂ ਪਰਮਿੰਦਰ ਭੈਣ ਦੇ ਮੇਜਰ ਪੁੱਤਰ ਦੀ ਅਚਾਨਕ ਮੌਤ ਦਾ ਸਦਮਾ ਅੱਜ ਵੀ ਤੰਗ ਕਰਦਾ ਹੈ, ਉਹ ਕਿਸੇ ਦੂਰ ਦੇਸ ਯੂਐੱਨਓ ਮਿਸ਼ਨ ਵਿੱਚ ਗਿਆ ਹੋਇਆ ਸੀ। 1993 ਦੇ ਇੱਕ ਸਵੇਰੇ ਨਹਾ ਰਿਹਾ ਸੀ ਤਾਂ ਪ੍ਰਿੰਸੀਪਲ ਸਮਾਘ ਨੇ ਕੁੰਡਾ ਖੜਕਾਇਆ। ਕੁੰਡਾ ਖੋਲ੍ਹਿਆ ਤਾਂ ਬਾਹਰ ਬਲਤੇਜ ਘੁੱਦਾ ਦੀ ਨਵੀਂ ਮਰੂਤੀ ਕਾਰ ਦੇਖ ਕੇ ਸਮਝ ਗਿਆ ਕਿ ਕੋਈ ਅਣਹੋਣੀ ਵਰਤ ਚੁੱਕੀ ਹੈ। ਮੇਰੇ ਪਿਤਾ ਦੀ ਮੌਤ ਹੋਣ ਦਾ ਅਹਿਸਾਸ ਮੈਨੂੰ ਹੋ ਗਿਆ ਸੀ। ਉਸ ਸਮੇਂ ਵਿਰਲੇ ਟਾਵੇਂ ਟੈਲੀਫੋਨ ਸਨ। ਮੇਰੇ ਬਲਾਚੌਰ ਵਾਲੇ ਪੱਤਰਕਾਰ ਦੋਸਤ (ਮਰਹੂਮ) ਸੁਭਾਸ਼ ਜੋਸ਼ੀ ਨੇ ਆਪਣੇ ਰਸੂਖ ਨਾਲ ਥਾਣਾ ਬਲਾਚੌਰ ਤੋਂ ਵਾਇਰਲੈਸ ਰਾਹੀਂ ਇਹ ਸੁਨੇਹਾ ਪ੍ਰਿੰਸੀਪਲ ਦੇ ਨਾਮ ਆਪਣੇ ਕਿਸੇ ਜਾਣ ਪਛਾਣ ਵਾਲੇ ਪੁਲੀਸ ਅਧਿਕਾਰੀ ਨੂੰ ਭੇਜ ਦਿੱਤਾ ਸੀ ਜੋ ਘੁੰਮਦਾ ਘੁੰਮਾਉਂਦਾ ਸਮਾਘ ਸਾਹਿਬ ਤੱਕ ਪਹੁੰਚ ਗਿਆ ਸੀ। ਸੁਭਾਸ਼ ਜੋਸ਼ੀ ਨੇ ਸਾਨੂੰ ਸਾਰਿਆਂ ਨੂੰ ਲੈ ਕੇ ਸਸਕਾਰ ਤੋਂ ਪਹਿਲਾਂ ਮੇਰੇ ਬਾਪ ਦੇ ਦਰਸ਼ਨ ਕਰਵਾ ਦਿੱਤੇ। ਮਰਹੂਮ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨਾਲ ਮੁਲਾਕਾਤ ਵੀ ਸਮਾਘ ਸਾਹਿਬ ਕਰ ਕੇ ਹੋਈ। ਸਮਾਘ ਸਾਹਿਬ ਵੱਡੇ ਤੋਂ ਵੱਡਾ ਸਮਾਗਮ ਛੱਡ ਕੇ ਵੀ ਤਿੰਨ ਵਾਰ ਮੇਰੇ ਨਿੱਕੇ ਜਿਹੇ ਘਰ ਵਿੱਚ ਰਾਤ ਰਹੇ।
ਇਸ ਸਕੂਲ ਵਿਚ ਮੈਂ ਬਹੁਤ ਨਿਵੇਕਲੇ ਢੰਗ ਨਾਲ ਕੰਮ ਕਰਨਾ ਸ਼ੁਰੂ ਕੀਤਾ। ਸਾਰੇ ਬੱਚੇ, ਸਮੇਤ ਮਾਪਿਆਂ, ਆਪਣੇ ਮਿੱਤਰ ਬਣਾ ਲਏ। ਮੇਰੇ ਕੋਲ ਸ਼ਾਮ ਨੂੰ ਖਿਡਾਰੀ ਬੱਚਿਆਂ ਦਾ ਮੇਲਾ ਲੱਗਾ ਰਹਿੰਦਾ। ਸਮਾਘ ਸਾਹਿਬ ਜਿਹੜਾ ਵੀ ਕੰਮ ਦਿੰਦੇ, ਮੈਂ ਸ਼ੁਗਲ ਸ਼ੁਗਲ ਵਿੱਚ ਪੂਰਾ ਕਰ ਦਿੰਦਾ ਸੀ। ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਪ੍ਰਿੰਸੀਪਲ ਹੋਣ ਦੇ ਬਾਵਜੂਦ ਉਹ ਦਸਵੀਂ ਅਤੇ ਬਾਰਵੀਂ ਦੇ ਹਿਸਾਬ ਦਾ ਵਿਸ਼ਾ ਖੁਦ ਪੜ੍ਹਾਉਂਦੇ ਸਨ। ਉਹ ਜ਼ਬਾਨ ਦੇ ਭਾਵੇਂ ਬਹੁਤ ਸਖ਼ਤ ਸਨ ਪਰ ਦਿਲ ਦੇ ਬਹੁਤ ਕੋਮਲ ਸਨ। ਉਨ੍ਹਾਂ ਦੇ ਮਨ ਵਿਚ ਉਬਾਲ ਉੱਠਦਾ ਸੀ ਕਿ ਜੇ ਪਿੰਡਾਂ ਦੇ ਬੱਚੇ ਨਾ ਪੜ੍ਹੇ ਤਾਂ ਸ਼ਹਿਰ ਬਹੁਤ ਅੱਗੇ ਲੰਘ ਜਾਣਗੇ। ਮਨ ਦੀ ਇਸ ਕਾਹਲ ਵਿਚ ਉਹ ਵਿਦਿਆਰਥੀਆਂ ਪ੍ਰਤੀ ਬਹੁਤ ਸਖ਼ਤੀ ਨਾਲ ਪੇਸ਼ ਆਉਂਦੇ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ ਹੋਣਾ ਜਿੱਥੇ ਉਨ੍ਹਾਂ ਦੇ ਵਿਦਿਆਰਥੀ ਵੱਡੇ ਵੱਡੇ ਅਹੁਦਿਆਂ ’ਤੇ ਤਾਇਨਾਤ ਨਾ ਹੋਣ।

Advertisement

ਸੰਪਰਕ: 79735-01892

Advertisement
Author Image

sukhwinder singh

View all posts

Advertisement
Advertisement
×