ਅਕਤੂਬਰ 2025 ਤੋਂ ਟਰੱਕਾਂ ਦੇ ਕੈਬਿਨਵਿੱਚ ਏਅਰਕੰਡੀਸ਼ਨਰ ਲਗਾਉਣਾ ਲਾਜ਼ਮੀ ਕਰਾਰ
ਨਵੀਂ ਦਿੱਲੀ: ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟਰੱਕ ਚਾਲਕਾਂ ਲਈ ਸਫ਼ਰ ਨੂੰ ਸੁਖਮਈ ਬਣਾਉਣ ਦੇ ਇਰਾਦੇ ਨਾਲ ਅਕਤੂਬਰ, 2025 ਤੋਂ ਬਣਨ ਵਾਲੇ ਟਰੱਕਾਂ ਦੇ ਕੈਬਿਨ ਵਿੱਚ ਏਅਰਕੰਡੀਸ਼ਨਰ ਲਾਜ਼ਮੀ ਕਰ ਦਿੱਤਾ ਹੈ। ਮੰਤਰਾਲੇ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ, ‘‘ਇੱਕ ਅਕਤੂਬਰ, 2025 ਜਾਂ ਇਸ ਮਗਰੋਂ ਬਣਨ ਵਾਲੇ ਐੱਨ-2 ਅਤੇ ਐੱਨ-3 ਸ਼੍ਰੇਣੀ ਦੇ ਵਾਹਨਾਂ ਦੇ ਕੈਬਿਨ ਵਿੱਚ ਏਅਰ-ਕੰਡੀਸ਼ਨਿੰਗ ਸਿਸਟਮ ਲਗਾਉਣਾ ਜ਼ਰੂਰੀ ਹੋਵੇਗਾ।’’ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜੁਲਾਈ ਵਿੱਚ ਹੀ ਟਰੱਕ ਚਾਲਕਾਂ ਲਈ ਕੈਬਿਨ ਵਿੱਚ ਏਸੀ ਲਗਾਉਣਾ ਲਾਜ਼ਮੀ ਕਰਨ ਦੇ ਸੁਝਾਅ ਨੂੰ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਹਾਲ ਹੀ ਵਿੱਚ ਕਿਹਾ ਸੀ ਕਿ ਮਾਲ ਦੀ ਢੋਆ-ਢੋਆਈ ਵਿੱਚ ਟਰੱਕ ਚਾਲਕ ਅਹਿਮ ਭੂਮਿਕਾ ਨਿਭਾਉਂਦੇ ਹਨ। ਲਿਹਾਜ਼ਾ ਉਨ੍ਹਾਂ ਦੇ ਕੰਮ-ਕਾਰ ਦੇ ਹਾਲਾਤ ਤੇ ਮਾਨਸਿਕ ਸਥਿਤੀ ਠੀਕ ਰੱਖਣ ਲਈ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਜਲਦੀ ਹੀ ਟਰੱਕਾਂ ਦੇ ਕੈਬਿਨ ਵਿੱਚ ਏਸੀ ਲਾਉਣਾ ਜ਼ਰੂਰੀ ਕਰਨ ਦੀ ਗੱਲ ਕਹੀ ਸੀ। ਗਡਕਰੀ ਨੇ ਕਿਹਾ ਸੀ ਕਿ ਕੁੱਝ ਧਿਰਾਂ ਇਹ ਦਲੀਲ ਦੇ ਰਹੀਆਂ ਹਨ ਕਿ ਏਅਰਕੰਡੀਸ਼ਨਰ ਲਗਾਉਣ ਨਾਲ ਟਰੱਕ ਦੀ ਕੀਮਤ ਵਧ ਸਕਦੀ ਹੈ ਪਰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਸ ਨੂੰ ਲਾਜ਼ਮੀ ਬਣਾਉਣ ਦੇ ਪੱਖ ਵਿੱਚ ਰਿਹਾ ਹੈ। -ਪੀਟੀਆਈ