ਨਵੇਂ ਕਾਵਿ-ਮੁਹਾਵਰੇ ਤੋਂ ਨਵੇਂ ਕਾਵਿ-ਮੁਹਾਂਦਰੇ ਤੱਕ
ਸਵਰਨਜੀਤ ਸਵੀ ਦੀ ਇਨਾਮੀ ਕਾਵਿ-ਪੁਸਤਕ ‘ਮਨ ਦੀ ਚਿੱਪ’ ਖੋਲ੍ਹੀ। ‘ਮਨ ਦੀ ਚਿੱਪ ਖੋਲ੍ਹੀ’ ਦੀ ਕਾਵਿ-ਧੁਨ ਅਚੇਤੇ ਹੀ ‘ਮਨ ਦੀ ਘੁੰਢੀ ਖੋਲ੍ਹੀ’ ਦੀ ਮਨ-ਧੁਨ ਨਾਲ ਮਿਚਦੀ ਲੱਗੀ। ਇਹ ਅਚਾਨਕਤਾ ਦੀ ਘੁੰਢੀ ਵੀ ਬੜੀ ਪੀਢੀ ਏ। ਤੇ ਪੀਢੀ ਗੰਢ ਖੋਲ੍ਹਣੀ ਸੌਖੀ ਨਹੀਂ। ਸਵੀ ਇਹ ਪੀਚਵੀਂ ਗੰਢ ਸਚੇਤੇ ਖੋਲ੍ਹਣ ਦੇ ਆਹਰ ਵਿੱਚ ਮਨ ਦੀ ਚਿੱਪ ਦੀ ਕਾਵਿ ਸਿਰਜਨਾ ਕਰਦਾ ਏ। ਇਹ ਚੇਤਨੀ-ਕਾਵਿ ਏ। ਨਵ-ਚੇਤਨੀ-ਕਾਵਿ ਏ। ਸਮਕਾਲ-ਚੇਤਨੀ-ਕਾਵਿ ਏ। ਸਮਕਾਲ ਸਾਡਾ ਹੁਣ ਏ। ਪਰੰਪਰਾ ਸਾਡਾ ਮੁੱਢ ਏ, ਮੂਲ ਏ; ਸਾਡੇ ਨਾਲ ਨਾਲ ਏ। ਪਰੰਪਰਾ ਸਮਕਾਲ ਤੱਕ ਪਸਰਦੀ ਏ। ਕੁਦਰਤੀ ਏ। ਹੁਣ, ਪਰੰਪਰਾ ਨਾਲੋਂ ਅੱਗੇ, ਲਾਗੇ; ਨੇੜੇ ਏ। ਇਹ ਹੁਣ ਹੁਣੇ ਹੀ ਕੋਲ ਏ। ਘੜੀ ਅੱਗੇ-ਪਿੱਛੋਂ ਇਹ ਕਿੱਥੇ ਹੋਣਾ- ਕੌਣ ਜਾਣੇ? ਸਿਆਣੇ ਜਾਣਦੇ ਨੇ! ਸਵਰਨਜੀਤ ਸਵੀ ਦੀ ਹੁਣਵੀਂ ਕਾਵਿ-ਕਿਤਾਬ ਓਸ ਹੁਣ ਦੀ ਕਾਵਿਕਾਰੀ ਏ, ਜਿਸ ਹੁਣ ਵਿੱਚ ਇਹ ਰਚੀ ਗਈ; ਇਸ ਹੁਣ ਵਿੱਚ ਇਹ ਪੜ੍ਹੀ ਗਈ ਏ। ਸਿਆਣਿਆਂ ਦਾ ਆਖਣਾ ਏ, ਪੜ੍ਹੀ ਗਈ ਰਚਨਾ ਵੀ ਮੁੜ ਸਿਰਜੀ ਜਾਂਦੀ ਏ। ਖੌਰੇ ਇਹ ਆਲੋਚਨਾ ਵਿਸ਼ਵ-ਵਿਦਿਆਲੀ ਵਿਦਿਆਵਾਨਾਂ ਵੱਲੋਂ ਘੜੀ-ਘੜਾਈ, ਪੜ੍ਹੀ-ਪੜ੍ਹਾਈ; ਸੁਣੀ-ਸੁਣਾਈ ਕੋਈ ਜੁਗਤੀ ਹੀ ਹੋਵੇ- ਅਸਲ ਤਾਂ ਪੜ੍ਹੀ ਰਚਨਾ ਨੂੰ ਮੁੜ ਸਿਰਜਣਾ ਹੀ ਏ ਆਪਣੇ ਦ੍ਰਿਸ਼ਟੀ-ਬਿੰਦੂ ਤੋਂ- ਭੰਨ-ਘੜ੍ਹਕੇ ਸੋਨਾ ਮੁੜ ਢਾਲਣ ਵਾਂਗ!
ਸਵਰਨਜੀਤ ਸਵੀ ਦੀ ਕਾਵਿਕਤਾ ਨਾਲ ਅਵੱਗਿਆ ਤੋਂ ਜੁੜਨ ਦਾ ਬਣਿਆ ਸਬੱਬ ਮਨ ਦੀ ਚਿੱਪ ਤੱਕ ਇਉਂ ਲਗਭਗ ਨਿਰੰਤਰ ਬਣਦਾ ਆਇਆ ਜਿਉਂ ਚੁੱਪ ਤੋਂ ਚਿੱਪ ਤੱਕ ਦਾ ਕਾਵਿ ਪੈਂਡਾ ਹੋਵੇ! ਉਂਜ ਉਸ ਦੀ ਕਾਵਿਕਾਰੀ ਉਸਤੋਂ ਪਹਿਲਾਂ ਤੇ ਇਸਤੋਂ ਬਾਅਦ ਵੀ ਸੁਣੀਂਦੀ ਏ। ਇਹ ਪੰਜਾਬੀ ਕਾਵਿ ਰਚਨ ਵੱਲ ਸ਼ੁੱਭ ਸੰਕੇਤ ਏ! 1987 ਦੇ ਕਰੀਬ ਦੂਰਦਰਸ਼ਨ ਜਲੰਧਰ ਦੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਦੀ ਕੰਪੀਰਿੰਗ, ਪ੍ਰੋਡਿਊਸਰ ਹਰਜੀਤ ਹੋਰਾਂ ਨਾਲ ਕਰਦਿਆਂ; ਬੜੇ ਪਿਆਰੇ ਸ਼ਬਦਾਂ ਤੇ ਖ਼ੂਬਸੂਰਤ ਲਿਖਤ ਵਾਲੇ ਖ਼ਤ ਨਾਲ ਇਕ ਕਿਤਾਬ ਪਿੰਡ ਬੁਰਜਾਂ ਦੇ ਸਿਰਨਾਵੇਂ ’ਤੇ ਮਿਲੀ। ਓਦੋਂ ਡਾਕ ਖੋਲ੍ਹਣ ਦਾ ਵੀ ਆਪਣਾ ਆਨੰਦ ਹੁੰਦਾ। ਲਿਫਾਫਾ ਖੋਲ੍ਹਿਆ। ਸਵੀ ਦੀ ਕਾਵਿ-ਕਿਤਾਬ ਅਵੱਗਿਆ ਮਿਲੀ। ਨਾਂ ਨੇ ਕੀਲ ਲਿਆ। ਅਵੱਗਿਆ ਕੋਈ ਵਿਰਲਾ ਹੀ ਕਰਦਾ। ਕਵੀ ਕੋਈ ਵਿਰਲਾ ਹੀ ਹੁੰਦਾ। ਸਵੀ ਵੀ ਵਿਰਲਾ ਹੀ ਹੋਣਾ! ਹੁਣ ਯਕੀਨ ਪੱਕਾ ਹੋਇਆ ਕਿਤੇ ਜਾ ਕੇ! ਸਵੀ ਦੀ ਇਸ ਕਿਤਾਬ ’ਤੇ ਪ੍ਰੀਤਨਗਰ ਗੋਸ਼ਟੀ ’ਚ ਪੇਪਰ ਪੜ੍ਹਨਾ ਸੀ। ਝੋਲਾ ਰਾਹ ’ਚ ਡਿੱਗ ਪਿਆ। ਜ਼ਬਾਨੀ ਬੁੱਤਾ ਸਾਰਿਆ। ਪੂਨਮ ਪ੍ਰੀਤਲੜੀ ਦਾ ਖ਼ਤ ਆਇਆ: ਅਖੇ, ਤੁਹਾਡੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਪ੍ਰੀਤਲੜੀ ਦਾ ਕਵਿਤਾ ਭਾਗ ਸੰਪਾਦਨ ਕਰਨ ਦਾ ਜ਼ਿੰਮਾ ਸੌਂਪਿਆ। ਸਬੱਬ ਨਾਲ ਸਬੱਬ ਕਿਵੇਂ ਜੁੜਦਾ! ਉਸ ਤੋਂ ਬਾਅਦ ਸਵੀ ਬਾਰੇ ਲਗਾਤਾਰ ਲਿਖਦਿਆਂ, ਦੇਹੀ ਨਾਦ ’ਤੇ ਆਣ ਕੇ ਘੁੰਢੀ ਅੜ ਗਈ। ਤਾਂ ਵੀ ਲਿਖਿਆ- “ਦੇਹੀ ਨਾਦ: ਦੇਹੀ ਨਾਲ”! ਫਿਰ ਲੰਮੇ ਅਰਸੇ ਮਗਰੋਂ ਤੁਰ ਗਏ ਪਿਆਰੇ ਕਵੀ ਮਿੱਤਰ ਦਰਸ਼ਨ ਦਰਵੇਸ਼ ਦੀ ਕਾਵਿ-ਕਿਤਾਬ ‘ਕੁੜੀਆਂ ਨੂੰ ਸਵਾਲ ਨਾ ਕਰੋ’ ਦੀ ਭੂਮਿਕਾ ਲਿਖਣ ਦੇ ਨਾਲ ਲੁਧਿਆਣੇ ਪੇਪਰ ਪੜ੍ਹਨ ਗਿਆਂ; ਸਵੀ ਨੇ ਬੜੇ ਮਾਣ ਨਾਲ ਆਪਣੀਆਂ ਓਦੋਂ ਤੱਕ ਛਪੀਆਂ ਨੌਂ ਕਿਤਾਬਾਂ ਦਾ ਸੈੱਟ ਭੇਂਟ ਕਰਦਿਆਂ ਬੜੇ ਹੱਕ ਨਾਲ ਆਖਿਆ: ਇਨ੍ਹਾਂ ਬਾਰੇ ਤੁਸਾਂ ਲਿਖਣਾ, ਭਾਜੀ! ਓਦੋਂ ਸਾਹਿਤਕ ‘ਏਕਮ’ ਵਾਸਤੇ ਲਗਾਤਾਰ ਕਾਲਮ ‘ਪੜ੍ਹ-ਪੁਸਤਕ’ ਲਿਖਦਿਆਂ ਇਨ੍ਹਾਂ ਬਾਰੇ ਵੇਰਵੇ ਨਾਲ ਲਿਖਿਆ ਗਿਆ। ਹੁਣ ਸੁੱਤੀ ਬਿਰਤੀ ਮੁੜ ਜਾਗੀ ਏ। ਸਵੀ ਦੀ ਕਵਿਤਾ ਨਾਲ ਮੁੜ ਜੁੜਿਆ। ਜੁੜਦਿਆਂ ਸਵੀਕਾਰਦਾ ਹਾਂ, ਸਵਰਨਜੀਤ ਸਵੀ ਦੀ ਇਸ ਉੱਚ-ਮਿਆਰੀ ਕਾਵਿ-ਪਹੁੰਚ ਤੱਕ ਅਪੜਨਾ ਔਖਾ ਏ! ਤਾਂ ਵੀ ਜਤਨ ਕਰਦਾ ਹਾਂ। ਇਸ ਬਾਰੇ ਜਾਣਿਆ ਸਾਂਝਾ ਕਰਦਿਆਂ ਐਤਕਾਂ ਸਵੀ-ਪ੍ਰਕਰਣ ਤੋਂ ਬਾਹਰਾ ਨਾਲ ਜੁੜਦਾ ਵੀ ਪਕੜਦਾ ਹਾਂ। ਇਸ ਨਾਲ ਇਸ ਨਾਜ਼ੁਕ, ਨਿਵੇਲੇ, ਤਤਕਾਲੇ ਕਾਵਿ-ਭਾਸ਼ ਨਾਲ ਸੰਵਾਦ ਰਚਾਉਣਾ ਭਲਾ ਲੱਗਦਾ ਏ।
ਮਨ ਦੀ ਚਿੱਪ ਨਵੀਨ ਕੰਪਿਊਟਰੀ ਭਾਸ਼ਾ ਦਾ ਕਾਵਿਕਰਨ ਏ। ਇਹ ਸਵੀ ਦਾ ਕਾਵਿ-ਭਾਸ਼ਾ ਤੋਂ ਅਵੱਗਿਆ ਕਰਨ ਵਰਗਾ ਨਿਵੇਕਲਾ ਅਨੁਭਵੀ ਪ੍ਰਯੋਗ ਏ। ਇਹ ਆਪਣੇ ਵੇਲੇ ਦੀ ਪ੍ਰਯੋਗਸ਼ੀਲ ਸਾਹਿਤ ਦੀ ਕਾਵਿ-ਪਰੰਪਰਾ ਦੀ ਯਾਦ ਦਿਵਾਉਂਦਾ ਏ। ਦਰਅਸਲ, ਹਰ ਰਚਨਾਤਮਕਤਾ ਆਪਣੇ ਆਪ ਵਿੱਚ; ਆਪਣੇ ਆਪਣੇ ਵੇਲੇ ਦੀ ਪ੍ਰਗਤੀਸ਼ੀਲਤਾ, ਪ੍ਰਯੋਗਸ਼ੀਲਤਾ ਤੇ ਆਧੁਨਿਕਤਾ ਨੂੰ ਆਪਣੇ ਕਲਾਵੇ ਵਿੱਚ; ਆਪਣੇ ਵਿੱਤ ਮੂਜਬ ਵਲਦੀ, ਸੰਜੋਦੀ, ਰਚਾਉਂਦੀ ਏ। ਇਹੋ ਕਵੀ ਸਵਰਨਜੀਤ ਸਵੀ ਮਨ ਦੀ ਚਿੱਪ ਵਿੱਚ ਵਿਚਾਰ-ਭਾਸ਼ਾ, ਭਾਵਿ-ਭਾਸ਼ਾ ਤੇ ਕਾਵਿ-ਭਾਸ਼ਾ ਦੇ ਸੁਚੱਜੇ, ਸਾਵੇਂ; ਸੁਹਜੀ ਸੰਜੋਗ ਨਾਲ ਕਰਨ ਦਾ ਕਲਾਤਮਕ ਉਪਰਾਲਾ ਕਰਦਾ ਏ। ਇਹ ਸਵੀ ਹੀ ਕਿਉਂ ਕਰਦਾ ਏ? ਕਾਰਨ ਲੱਭੀਏ ਤਾਂ ਸਵੀ-ਕਲਾ ਦੀ ਬਹੁ-ਰੂਪਤਾ ਵਿੱਚੋਂ ਲੱਭਦਾ ਏ। ਉਹ ਇੱਕੋ ਵੇਲੇ ਕਾਵਿ, ਚਿਤਰਕਾਰੀ; ਮੂਰਤੀਕਾਰੀ ਨਾਲ ਜੁੜਿਆ ਏ। ਉਸਦੇ ਪੇਸ਼ੇ ਵਿੱਚ ਕੰਪਿਊਟਰੀ-ਜੁਗਤ ਦੀ ਵਰਤੋਂ ਉਸਦੇ ਮਨ ਨੂੰ ਬਣਾਉਟੀ-ਵਾਸਤਵਿਕਤਾ ਨੂੰ ਜਾਣਨ-ਸਮਝਣ-ਹੰਢਾਉਣ ਦਾ ਸਬੱਬ, ਕਾਰਨ, ਬਹਾਨਾ ਬਣਦੀ ਏ। ਅਸਲ ਵਿੱਚ, ਕਾਰਨ ਤਾਂ ਪਹਿਲਾਂ ਮੌਜੂਦ ਹੁੰਦਾ ਏ; ਵਾਪਰਨ ਦਾ ਕੋਈ ਬਹਾਨਾ ਜਾਂ ਸਬੱਬ ਬਣਦਾ ਏ। ਸਵੀ ਦੇ ਧੁਰ ਮਨ ਅੰਤਰ ਦੀ ਕਾਵਿ-ਸੁਰਤ ਉਸ ਨੂੰ ਆਪਣੀ ਕਾਵਿ-ਪੇਸ਼ਕਾਰੀ ਦੇ ਹਾਣ ਦੀ, ਨੇੜਲੀ ਭਾਸ਼ਾ ਘੜਨ ਲਈ ਉਕਸਾਉਂਦੀ ਏ। ਕੰਪਿਊਟਰੀ ਭਾਸ਼ਾ ਦਾ ਉਹ ਪਹਿਲਾਂ ਹੀ ਗਿਆਤਾ ਏ। ਇਸ ਲਈ ਇਸ ਭਾਸ਼ਾ ਨੂੰ ਉਹ ਸਹਿਜੇ ਹੀ ਕਾਵਿ-ਭਾਸ਼ਾ ਵਿੱਚ ਪਰਿਵਰਤ ਕਰਕੇ ਪੰਜਾਬੀ-ਭਾਸ਼ਾ ਲਈ ਗੰਭੀਰ ਚੁਣੌਤੀ ਖੜ੍ਹੀ ਕਰਨ, ਡੂੰਘੇ ਸੁਆਲ ਉਠਾਉਣ ਤੇ ਸੁਹਿਰਦ ਜਾਗ ਲਾਉਣ ਦਾ ਸਮੇਂ-ਸਿਰ ਸੰਜੀਦਾ ਕਾਵਿ-ਉਪਰਾਲਾ ਕਰਦਾ ਏ। ਪੰਜਾਬ-ਪੰਜਾਬੀ ਹਿਤੈਸ਼ੀ ਰਚਨਾਕਾਰ, ਵਿਦਵਾਨ, ਚਿੰਤਕ ਲਈ ਵਿਚਾਰਨ ਦਾ ਇਹ ਢੁਕਵਾਂ ਵੇਲਾ ਏ। ਸੁਆਲ ਏ, ਪੰਜਾਬੀਆਂ ਦੀ ਪੰਜਾਬੀ ਤੇ ਪੰਜਾਬੀਅਤ ਲਈ; ਪੰਜਾਬੀ ਨੂੰ ਮੁੜ ਪੰਜਾਬੀ ਦੀ ਨਿਰੋਲ, ਨਿਵੇਲੀ, ਨਿੱਖਰੀ ਪਰੰਪਰਾ ਨਾਲ ਜੋੜਨਾ ਏ ਜਾਂ ਕਬੂਤਰ ਵਾਂਗ ਅੱਖਾਂ ਮੀਟ ਕੇ ਵਿਦੇਸ਼ੀ, ਅੰਗਰੇਜ਼ੀ-ਹਿੰਦੀ ਤੇ ਕੰਪਿਊਟਰੀ-ਮਸ਼ੀਨੀ-ਬਣਾਉਟੀ ਭਾਸ਼ਾ ਦੇ ਮਿਲਗੋਭੇ ਦੀ ਬਿੱਲੀ ਨੂੰ ਭੋਲੇ-ਭਾਲੇ ਪੰਜਾਬੀ ਕਬੂਤਰ ਨੂੰ ਦਬੋਚ ਲੈਣ ਦੇਣਾ ਏ? ਸਚੇਤ ਕਾਵਿ-ਰਚਨ ਕਰਦਾ ਸਵੀ ਅਚੇਤ ਹੀ ਕਿਤੇ ਇਹ ਵੱਡਾ ਸੰਕੇਤ ਵੀ ਕਰ ਗਿਆ ਲਗਦਾ ਏ- ਪੰਜਾਬੀ ਪਿਆਰਿਆਂ ਲਈ- ਪੂਰਨ ਸਿੰਘ ਦਾ ਪੰਜਾਬ ਮੁੜ ਪੰਜਾਬ ਬਣਾਉਣ ਲਈ- ਸ਼ਿਵ ਦਾ ਪੀੜਾਂ ਦਾ ਪਰਾਗਾ ਮੁੜ ਭੁੰਨਾ ਕੇ ਚੱਬਦਿਆਂ, ਕਦੇ ਮਾਨਾਮੱਤੀ ਪਰ ਹੁਣ ਵਿਚਾਰੀ ਪੰਜਾਬੀ-ਬੋਲੀ ਨੂੰ ਸੰਜੀਦਗੀ, ਸੁਹਿਰਦਤਾ, ਸਹਿਜਤਾ ਨਾਲ ਵਿਚਾਰਨ ਦੀ। ਵਿਚਾਰਿਆਂ ਹੀ ਗਿਆਨ, ਵਿਗਿਆਨ, ਧਿਆਨ ਦੀ ਬੋਲੀ ਦੀ ਪਰਉਪਕਾਰਤਾ, ਮਹੱਤਤਾ, ਅਹਿਮੀਅਤ ਉਘੜਨੀ ਏ। ਹਰ ਭਾਸ਼ਾ ਉੱਤਮ ਏ, ਪਰ ਆਪਣੀ ਭਾਸ਼ਾ ਉੱਤਮਾ-ਉੱਤਮ ਏ; ਮਾਂ-ਭਾਸ਼ਾ ਦੀ ਉੱਤਮਤਾ ਮਾਂ-ਭਾਸ਼ਾ ਲਈ ਤਰਸਦੀ ਔਲਾਦ ਹੀ ਜਾਣਦੀ ਏ। ਮੰਨਣਾ ਔਖਾ ਏ, ਅਸੀਂ ਹੁਣ ਪੰਜਾਬ ਵਿੱਚ ਹੀ, ਆਪਣੀ ਹੀ ਭਾਸ਼ਾ ਲਈ ਤਰਸਦੀ ਪੰਜਾਬੀ ਔਲਾਦ ਹਾਂ! ਸਵਰਨਜੀਤ ਦੀ ਨਵੀਨ ਕੰਪਿਊਟਰੀ ਕਾਵਿ-ਭਾਸ਼ਾ ਨੇ ਅਚੇਤ ਹੀ ਏਧਰ ਸੈਨਤ ਕੀਤੀ ਏ।
ਮਨ ਦੀ ਚਿੱਪ ਵਿਗਿਆਨ ਦੀ ਇਸ ਅਤਿ ਆਧੁਨਿਕੀ ਯੰਤਰੀ ਤਕਨੀਕ ਦੇ ਵਾਸਤਵਿਕ ਵਿਸ਼ਾਲ ਵਿਸ਼ਵੀ ਵਰਤਾਰੇ ਕਾਰਨ ਉਪਜੇ, ਉਪਜ ਰਹੇ ਤੇ ਉਪਜਣ ਵਾਲੇ ਸਿੱਟਿਆਂ ਵੱਲ ਵੀ ਕਾਵਿ-ਪ੍ਰਤੀਕੀ ਸੰਕੇਤ ਕਰਦੀ ਏ। ਇਸ ਤਰ੍ਹਾਂ ਦੀ ਸਮੱਸਿਆ ਨੂੰ ਵਿਸ਼ਵੀ-ਪੱਧਰ ’ਤੇ ਵੇਲੇ ਵੇਲੇ ਹੋਰ ਸਾਹਿਤਕਾਰਾਂ ਨੇ ਵੀ ਆਪਣੇ ਸਾਹਿਤ ਰੂਪਾਂ ਵਿਚਦੀ ਉਭਾਰਦਿਆਂ ਆਧੁਨਿਕ ਮਨੁੱਖ ਨੂੰ ਚੇਤੰਨ ਕਰਨ ਦਾ ਉਪਰਾਲਾ ਕੀਤਾ ਏ। ਕਰਨਲ ਨਰਿੰਦਰਪਾਲ ਸਿੰਘ ਦਾ ਨਾਵਲ ‘ਬਾਮੁਲਾਹਜ਼ਾ ਹੋਸ਼ਿਆਰ’ ਕਿਆਮਤ ਦੇ ਦਿਨ ਵਰਗੀ ਸਥਿਤੀ ਦਾ ਗਲਪੀਕਰਨ ਕਰਦਾ ਏ; ਗੁਰਦਿਆਲ ਸਿੰਘ ਦਾ ਨਾਵਲ ‘ਅਣਹੋਏ’ ਪਿੰਡ ਵਿੱਚ ਕਿਸੇ ਦੇ ਵਰਤੋਂ ਵਾਲੇ ਥਾਂ ਵਿਚਦੀ ਸੜਕ ਨਿਕਲਣ ਦੀ ਘਟਨਾ ਨੂੰ ਸਰਮਾਏਦਾਰੀ ਦੇ ਅੰਨ੍ਹੇ ਵਾਧੇ ਨਾਲ, ਮਾਨਵੀ ਨਿੱਜਤਾ ਦੀ ਖੁਸਦੀ ਆਜ਼ਾਦੀ ਕਰਕੇ ਬੰਦੇ ਦਾ ਅਣਹੋਇਆ ਹੋ ਜਾਣ ਵੱਲ ਸੰਕੇਤ ਕਰਦਾ ਏ; ਜਸਬੀਰ ਮੰਡ ਦਾ ਨਾਵਲ ‘ਆਖਰੀ ਬਾਬੇ’ ਕਾਰਪੋਰੇਟ ਘਰਾਣਿਆਂ ਵੱਲੋਂ ਕਿਰਸਾਨੀ ਨੂੰ ਲੀਹੋਂ ਲਾਹ ਕੇ, ਪੰਜਾਬ ਦੇ ਖੇਤੀ ਆਧਾਰਿਤ ਅਰਥਚਾਰੇ ਤੇ ਸੱਭਿਆਚਾਰ ਦੇ ਪਤਨ ਵੱਲ ਇਸ਼ਾਰਾ ਕਰਦਾ ਏ। ਸਵਰਨਜੀਤ ਸਵੀ ਨੇ ਹੁਣ ਕਾਵਿ-ਵੰਨਗੀ ਵਿੱਚ ਇਹ ਪ੍ਰਕਰਣ ਨਿਭਾਇਆ ਏ। ਚੰਗਾ ਨਿਭਾਇਆ ਏ!
ਸਵਰਨਜੀਤ ਸਵੀ ਦੀ ਕਾਵਿ-ਕਿਤਾਬ ‘ਮਨ ਦੀ ਚਿੱਪ’ ਦੇ ਸਰਵਰਕ ਉੱਤੇ ਉਸ ਦੀ ਚਿਤਰਕਾਰੀ ਦੀ ਝਲਕ ਕਿਸੇ ਸ਼ਿਲਾਲੇਖ ’ਤੇ ਉੱਕਰੀ ਵਿਚਾਰ-ਉਕਤੀ ਵਾਂਗ ਉੱਭਰਦੀ ਏ। ਸਬਦ ਸੁਰਤਿ ਧੁਨਿ ਮੂਰਤਿ ਇਥੇ ਮੂਰਤ ਵਿੱਚ ਮੂਰਤ ਵਾਂਗ ਅਭੇਦ ਨੇ। ਅਭੇਦਤਾ ਰਹੱਸਵਾਦ ਦੀ ਰਮਜ਼ ਏ। ਅਗਲੇ ਪੰਨੇ ’ਤੇ ਕਵੀ ਪਰੰਪਰਾਈ ਕਵੀਆਂ ਵਾਂਗ ਮੰਗਲਾਚਰਣ ਲਈ ਗੁਰਬਾਣੀ ਦੀ ਟੇਕ ਲੈਂਦਾ ਏ: “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਦੀ ਉੱਚੀ-ਸੁੱਚੀ ਟੂਕ ਨਾਲ। ਉਪਰੰਤ ਪੁਸਤਕ ਨੂੰ ਇਨ੍ਹਾਂ ਹੀ ਖੰਡਾਂ ਵਿੱਚ ਵੰਡਦਿਆਂ ਹਰ ਹਿੱਸੇ ਨੂੰ ਢੁਕਵੀਂ ਚਿਤਰਕਲਾ ਨਾਲ ਜਚਾਉਂਦਾ ਏ। ‘ਸ਼ਬਦ’ ਖੰਡ ਨੂੰ ਆਦਿ ਕਾਲ ਤੋਂ ਹੁਣ ਤੱਕ ਦੀ ਲਿੱਪੀ ਯਾਤਰਾ ਦੀ ਅੱਖਰੀ ਮੂਰਤ ਨਾਲ ਸਕਾਰਦਾ ਜਾਪਦਾ ਏ। ‘ਸੁਰਤਿ’ ਚੇਤਨਾ ਦੀ ਲੋਅ ਦੀ ਸਜੀਵ ਮੂਰਤ ਭਾਸਦੀ ਏ। ‘ਧੁਨਿ’ ਖੰਡ ਵਿੱਚ ਧੁਨ ਦਾ ਚਿਤਰ ਉੱਭਰਦਾ ਏ। ‘ਮੂਰਤਿ’ ਭਾਗ ਵਿੱਚ ‘ਹੱਥ ਸਿਰਜਦੇ ਮੂਰਤ’ ਜਿਹੀ ਕਾਵਿ-ਮੂਰਤ ਉੱਭਰਦੀ ਏ। ਇਸ ਤੋਂ ਅੱਗੇ ‘ਆਦਿਕਾ’ ਵਿੱਚ ਆਪਣੀ ਕਾਵਿਕਤਾ ਦਾ ਸ਼ਬਦੀਕਰਨ ਕਰਦਿਆਂ ਕਵਿਤਾ ਨੂੰ ‘ਆਨੰਦੀ ਤੋਰ’ ਆਖਦਾ ਏ! ਇਹ ਅਸਲ ਵਿੱਚ ਕਾਵਿ-ਸੰਕੇਤ ਨੇ ਇਸ ਵਿਚਲੀ ਕਾਵਿਕਤਾ ਦੇ।
ਮਨ ਦੀ ਚਿੱਪ ਵਿਚਲੇ ਚਿੱਪ ਸ਼ਬਦ ਦੀ ਵਰਤੋਂ, ਵਿਹਾਰ ਤੇ ਪ੍ਰਕਾਰਜ ਨੂੰ ਨਵੀਂ ਪੀੜ੍ਹੀ ਤਾਂ ਜਾਣਦੀ ਹੀ ਏ- ਪੁਰਾਣੀ, ਪਹਿਲੀ ਜਾਂ ਆਖ ਲਓ ਸਾਡੀ ਪੀੜ੍ਹੀ ਦੇ ਕਈ ਸਾਡੇ ਵਰਗੇ ਇਸ ਨਾਲ ਅਜੇ ਪੂਰੇ ਰਚੇ-ਮਿਚੇ ਨਹੀਂ। ਪੀੜ੍ਹੀ-ਪਾੜਾ ਹੋਰ ਕੀ ਹੁੰਦਾ ਏ! ਬਦਲਦੀ ਸੋਚ, ਤੋਰ, ਹਵਾ ਨਾਲ ਇਕਦਮ ਰਚਣਾ-ਮਿਚਣਾ ਔਖਾ ਤਾਂ ਹੁੰਦਾ ਹੀ ਆ ਨਾ! ਤਬਦੀਲੀ ਸਮਿਆਂ, ਸਾਲਾਂ, ਸਦੀਆਂ ਦਾ ਠਰ੍ਹੰਮਾ ਮੰਗਦੀ ਏ ਕਦੀ। ਚਿੱਪ, ਸਿੰਮ, ਮੈਮੋਰੀ, ਮੈਮਰੀ-ਕਾਰਡ, ਰੈਮ, ਰੋਬੋਟ ਤੋਂ ਵਾਕਫ਼ ਏ ਹੁਣ ਦੀ ਪੌਦ। ਸੰਭਵ ਏ, ਪੁਰਾਣੀ-ਪੀੜ੍ਹੀ ਨੂੰ ਜਿਵੇਂ ਹੁਣ ਇਹਦੇ ਨਾਲ ਜੁੜਨਾ-ਜੋੜਨਾ ਔਖਾ ਲੱਗਦਾ ਏ; ਕਦੇ ਹੁਣ ਦੀ ਨਵੀਂ ਪੌਦ ਨੂੰ ਇਸ ਨਾਲੋਂ ਟੁੱਟਣਾ-ਤੋੜਨਾ ਔਖਾ ਹੋ ਜਾਵੇ! ਮਿੱਤਰ ਕੀੜੇ-ਦੁਸ਼ਮਣ ਕੀੜੇ, ਸਾਇੰਸ ਦੇ ਹਾਣ-ਲਾਭ, ਪ੍ਰਮਾਣੂ ਊਰਜਾ ਦੀ ਵਰਤੋਂ-ਦੁਰਵਰਤੋਂ ਜਿਹੇ ਵਿਦਿਅਕ ਅਦਾਰੀ ਵਿਸ਼ਿਆਂ ਵਾਂਗ ਹੀ ਮਸ਼ੀਨ, ਯੰਤਰ; ਕੰਪਿਊਟਰ, ਮੋਬਾਈਲ; ਨਵੀਂ ਤਕਨਾਲੋਜੀ; ਬਣਾਉਟੀ ਬੌਧਿਕਤਾ ਦੇ ਚਰਚੇ ਛੇੜਨੇ ਵੀ ਹੁਣ ਬੇਮਾਅਨੀ ਲੱਗਦੇ ਨੇ। ਸਭ ਜਾਣੀ-ਜਾਣ ਨੇ ਹੁਣ ਤਾਂ- ਸੋਸ਼ਲ ਮੀਡੀਆ, ਗੂਗਲ, ਵਟਸਐਪ ਦੀ ਮਿਹਰ ਸਦਕਾ। ਉਂਜ ਕੁਲਦੀਪ ਮਾਣਕ ਦੇ ਕਿਸੇ ਗੌਣ ਵਿਚਲੀ ਗੀਤਕਾਰ ਦੀ ਇਹ ਸਤਰ ਹੁਣ ਬੇਮਾਅਨੀ ਨਹੀਂ ਲੱਗਦੀ: ‘ਗੋਲੀ ਮਾਰੋ ਐਹੋ ਜਿਹੇ ਬਣਾਉਟੀ ਯਾਰ ਦੇ’! ਹੱਦ ਏ, ਯਾਰ ਤੋਂ ਅੱਗੇ, ਦੁੱਧ ਤੋਂ ਵੀ ਅੱਗੇ ਹੁਣ ਗਿਆਨ ਵੀ ਬਣਾਉਟੀ ਹੋ ਗਿਆ! ਕਿਤੇ ਅਸਲ ਲਫ਼ਜ਼ ਦਾ ਅਸਲਾ ਹੀ ਨਾ ਖਾਰਜ ਹੋ ਜਾਵੇ- ਭਾਸ਼ਾ ਦੀ ਮੈਮੋਰੀ ’ਚੋਂ! ਸ਼ਬਦੀ ਗਿਆਨ ਖਾਤਰ ਜੇ ਚਿੱਪ ਦੇ ਅੰਗਰੇਜ਼ੀ/ਪੰਜਾਬੀ ਕੋਸ਼ਗਤ ਅਰਥਾਂ ਵੱਲ ਵੀ ਤਰਦੀ ਜਿਹੀ ਨਿਗਾਹ ਮਾਰੀਏ ਤਾਂ ਰੋਚਿਕ ਤੱਥ ਉੱਘੜਦਾ ਏ। ਅੰਗਰੇਜ਼ੀ ਦੇ ਚਿੱਪ ਸ਼ਬਦ ਦੀ ਪੰਜਾਬੀ ਲਈ ਛਿਲਤਰ, ਠੀਕ੍ਵਰ, ਚਿਪਰ ਸ਼ਬਦ ਵੀ ਧਿਆਨ ਵਿੱਚ ਆਉਂਦੇ ਨੇ। ਪੰਜਾਬੀ ਵਿੱਚ ਫ਼ਕੀਰਾਂ ਦੇ ਕੋਈ ਖਾਣ ਵਾਲੀ ਵਸਤ ਪੁਆਉਣ ਵਾਲੇ ਭਾਂਡੇ ਵਾਸਤੇ ਵੀ ਚਿੱਪ ਜਾਂ ਚਿਪੀਆ ਜਿਹੇ ਸ਼ਬਦ ਮਿਲਦੇ ਨੇ। ਇਨ੍ਹਾਂ ਨੂੰ ਹੱਥੀਂ ਕੰਮ ਕਰਨ ਵੇਲੇ ਦੀ ਮਾਮੂਲੀ, ਬਰੀਕ, ਛੋਟੀ ਇਕਾਈ ਆਖ ਲਈਏ। ਚਿੱਪ ਹੁਣ ਦੇ ਮਸ਼ੀਨੀ-ਯੰਤਰੀ-ਕੰਪਿਊਟਰੀ ਤਕਨੀਕ ਦੀ ਨਿਕਟੀ, ਮਹੱਤਵੀ, ਮਹੀਨਤਰ ਇਕਾਈ ਸੁਣੀਂਦੀ ਏ। ਸਵੀ ਜਦੋਂ ਚਿੱਪ ਨੂੰ ਮਨ ਨਾਲ ਜੋੜਦਾ ਏ ਤਾਂ ਭਾਵੇਂ ਉਹ ਇਹਨੂੰ ਸਮਾਸ ਜਾਂ ਰੂਪਕ ਵਜੋਂ ਨਹੀਂ ਵਰਤਦਾ ਤਾਂ ਵੀ ਇਹ ‘ਮਨ ਚਿੱਪ’ ਦੀ ਧੁਨ ਦੇ ਨੇੜੇ ਜਾਪਦੀ ਏ। ਇਹੋ ਕਵੀ ਦੀ ਕਾਵਿਕਤਾ ਏ। ਕਵੀ ਸਵੀ ਦੀ ਕਾਵਿ-ਜੁਗਤ ਨਿਵੇਕਲੀ ਏ। ਇੱਥੇ ਦੋ ਉਲਟ-ਧਰੁਵੀ ਸ਼ਬਦ ਜੁੜਦੇ ਨੇ। ਇਕ ਮਸ਼ੀਨੀ, ਦੂਜਾ ਮਨੁੱਖੀ। ਮਸ਼ੀਨੀ ਪੁਰਜ਼ਾ ਏ। ਮਾਨਵੀ ਮਨ ਏ। ਤਣਾਓ ਵੀ ਏ, ਟਕਰਾਓ ਵੀ ਤੇ ਤੁਲਨਾਓ ਵੀ ਏ। ਵਿਚਾਰਨ ਵਾਲੀ ਗੱਲ ਏ, ਦੋਵੇਂ ਹੋਂਦਾਂ ਰਲਦੀਆਂ-ਮਿਲਦੀਆਂ ਵੀ ਨੇ; ਵੱਖ-ਵੱਖ ਵੀ ਨੇ। ਦੋਵੇਂ ਸੁਤੰਤਰ ਹੋਂਦਾਂ ਨੇ। ਮਨ ਕੁਦਰਤੋਂ ਖ਼ੁਦਮੁਖਤਿਆਰ ਹੋਂਦ ਏ। ਚਿੱਪ ਮਸ਼ੀਨੋਂ ਖ਼ੁਦਮੁਖਤਿਆਰ ਹੋਂਦ ਧਾਰਦੀ ਏ। ਮਨ ਕੁਦਰਤ ਦੇ ਵੱਸ ਏ। ਚਿੱਪ ਮੁੜ ਮਸ਼ੀਨ ਦੇ ਵੱਸ ਏ। ਸਵੀ-ਕਾਵਿ ਵਿਚੋਂ ਵਾਰ-ਵਾਰ ਤਨਜ਼ੀ-ਕਾਵਿ-ਧੁਨ ਇਹੋ ਉੱਭਰਦੀ ਏ ਭਈ ਕਿਤੇ ਅਵੇਸਲੇ ਹੀ ਉਲਟ ਗੇੜ ਗਿੜਦਿਆਂ, ਮਸ਼ੀਨ ਤੇ ਮਸ਼ੀਨ ਈਜਾਦ ਕਰਦਾ ਮਨੁੱਖ; ਮਸ਼ੀਨ-ਯੰਤਰ-ਕੰਪਿਊਟਰ ਦੇ ਵੱਸ ਹੀ ਨਾ ਹੋ ਜਾਵੇ! ਮਨੁੱਖੀ ਤਕਨੀਕ ਮਨੁੱਖ ’ਤੇ ਹੀ ਭਾਰੂ ਨਾ ਹੋ ਜਾਵੇ! ਮਨੁੱਖ ਆਪਣੀ ਯੰਤਰੀ-ਘਾੜਤ ਦਾ ਹੀ ਗੁਲਾਮ ਨਾ ਹੋ ਜਾਵੇ! ਮਨੁੱਖ ਦਾ ਆਦਿ-ਜੁਗਾਦੀ ਸਦੀਵੀ ਸੁਪਨਾ ਤਾਂ ਪੂਰੀ ਆਜ਼ਾਦੀ ਦਾ ਹੀ ਏ ਨਾ! ਪੰਨਾ 140 ’ਤੇ, ਸਵੀ ਬੜਾ ਲਾਜੁਆਬ ਕਾਵਿ-ਟਕਰਾ ਸਿਰਜ ਕੇ ਪਾਠਕ ਨੂੰ ਇੱਕ ਦਵੰਦੀ ਸੁਆਲ ਦੇ ਸਾਹਮਣੇ ਲਿਆ ਖਲ੍ਹਿਆਰਦਾ ਏ ਕਿ ਘੋੜੇ ਦੀ ਲਿੱਦ ਤੋਂ ਬਚਣ ਲਈ ਇੰਜਣ ਦੀ ਕਾਢ ਕੱਢ ਕੇ ਮਨੁੱਖ ਧੂੰਏਂ ’ਚ ਘਿਰ ਗਿਆ ਏ! ਜੁਆਬ ਨਾਲੋਂ ਸੁਆਲ ਵੱਡਾ ਹੁੰਦਾ ਏ ਕਦੇ! ਪੁਸ਼ਟੀ ਲਈ ਸਵੀ-ਕਾਵਿ ’ਚੋਂ ਲਕੀਰੀਆਂ ਸਤਰਾਂ ਨਬਿੰਧ ਦੇ ਆਕਾਰ ’ਚ ਸਮੋਣੀਆਂ ਔਖੀਆਂ ਲੱਗਦੀਆਂ ਨੇ। ਉਂਜ ਵੀ ਇਹ ਕਾਵਿ-ਕਿਤਾਬ ਸੁਣਾਉਣ ਨਾਲੋਂ ਪੜ੍ਹਨ ਵਾਲੀ ਵਧੇਰੇ ਜਾਪਦੀ ਏ। ਇਹੋ ਤਾਂ ਕਵੀ ਸਵਰਨਜੀਤ ਸਵੀ ਦੀ ਮਨ ਦੀ ਚਿੱਪ ਦੀ ਖ਼ੂਬੀ, ਵਡਿਆਈ ਤੇ ਪ੍ਰਾਪਤੀ ਏ! ਮੂੰਹੋਂ ਬੋਲਦੀ ਏ ਕਵੀ ਦੀ ਕਾਵਿਕਤਾ:
* ਮਨੁੱਖ ਸਟੋਰ ਹੈ/ ਸ਼ਬਦ ਦੇ ਸੰਦੂਕ ਚ... (ਸ਼ਬਦ ’ਚੋਂ)
* ਚੇਤਨ ਮਨ/ ਤਰੱਦਦ ਨਾਲ/ ਕੋਸ਼ਿਸ਼ ਕਰ ਰਿਹੈ/ ਮਸਨੂਈ ਬੁੱਧ ਵਿੱਚ/ ਚੇਤਨਾ ਪੈਦਾ ਕਰਨ ਦੀ...(ਸੁਰਤਿ ’ਚੋਂ)
* ਅੰਤ/ ਸੁਰਾਂ ਦਾ ਬਾਦਸ਼ਾਹ/ ਸੀਨ ਦੇ ਪਿੱਠਵਰਤੀ ਸੰਗੀਤ ਲਈ/ ਲਰਜ਼ਦੇ ਬੁੱਲ੍ਹਾਂ ਥੀਂ/ ਲੇਰੀਂ ਤੇ ਧਾਹੀਂ ਕੁਰਲਾ ਉੱਠਿਆ!... (ਧੁਨ ’ਚੋਂ)
* ਕਿੰਨੀ ਆਜ਼ਾਦੀ ਸੀ/ ਪੱਥਰ ਅੰਦਰ/ ਕਿ ਅਜੇ ਮੂਰਤ ਨਹੀਂ ਬਣਿਆ...(ਮੂਰਤਿ ’ਚੋਂ)
ਗਜ ਦੇ ਛੂਹਣ ਤੋਂ ਰਤਾ
ਕੁ ਪਹਿਲਾਂ ਹੀ
ਲਰਜ਼ ਪੈਂਦੀਆਂ
ਛੂਹ ਦਾ ਪਲ
ਉਡਾ ਦਿੰਦਾ ਪੰਛੀਆਂ ਦੀ ਡਾਰ
ਮੇਰੇ ਸੁੱਤੇ ਮਨ ਚੋਂ
ਸ਼ੁਰੂ ਹੁੰਦਾ
ਤੜਪ
ਵੈਰਾਗ ਦਾ ਪਿਘਲਣਾ
ਲੋਹਾ ਜਿਉਂ ਵਹਿ ਤੁਰਦਾ
ਤਾਬ ਨ ਝਲਦਾ
ਭੱਠੀ ਅੰਦਰਲੇ ਸੇਕ ਦੀ
ਸਾਰੰਗੀ ਦਾ
ਸਿੱਲੀਆਂ ਅੱਖਾਂ
ਮਿੰਨਤਾਂ
ਮੁਸਕੁਰਾਹਟਾਂ
ਅਦਾਵਾਂ ਦਾ ਨਾਚ...
ਜਾਦੂ ਬਣ ਸਿਰ ਚੜ੍ਹ ਬੋਲਦਾ
ਧਰਤ ਤੋਂ ਅਸਮਾਨ ਤੱਕ
ਕਾਇਨਾਤ ਦੇ ਸਭ ਦਿਲਾਂ ਨੂੰ
ਹਸਾਉਂਦਾ ਰੁਆਉਂਦਾ ਨਚਾਉਂਦਾ
ਥੱਈਆ ਥੱਈਆ ਕਰਾਉਂਦਾ
ਉਡੀਕ ਤਾਂ
ਗਜ ਦੇ ਛੂਹਣ ਦੀ ਹੁੰਦੀ
ਤਾਰਾਂ ਨੂੰ...
- ਸਵਰਨਜੀਤ ਸਵੀ
ਸੰਪਰਕ: 98151-77577