ਦੋਸਤੀ
ਜਗਦੀਸ਼ ਕੌਰ ਮਾਨ
ਨਿਰਸਵਾਰਥ ਦੋਸਤੀ ਪਹਾੜੀ ਚਸ਼ਮੇ ਦੇ ਪਾਕ-ਪਵਿੱਤਰ ਪਾਣੀ ਵਰਗੀ, ਕਿਸੇ ਵੀ ਕਿਸਮ ਦੇ ਲੋਭ ਲਾਲਚ ਦੀ ਮਿਲਾਵਟ ਤੋਂ ਬੇਲਾਗ ਹੁੰਦੀ ਹੈ। ਕਿਸੇ ਅਲਬੇਲੇ ਦੋਸਤ ਦੀ ਤੁਲਨਾ ਨਿੱਕੇ ਜਿਹੇ ਅਣਭੋਲ ਜਾਤਕ ਦੇ ਖਿੱਲਾਂ ਡੋਲ੍ਹਦੇ ਹਾਸੇ ਨਾਲ ਵੀ ਕੀਤੀ ਜਾ ਸਕਦੀ ਹੈ ਜੋ ਅਸਲੋਂ ਹੀ ਨਿਰਛਲ ਤੇ ਨਿਰਮਲ ਹੁੰਦਾ ਹੈ। ਰਾਜ ਸਿੰਘਾਸਨ ਦੇ ਸਭ ਸੁੱਖ ਭੋਗ ਰਹੇ ਸ੍ਰੀ ਕ੍ਰਿਸ਼ਨ ਜੀ ਅਤੇ ਅਤਿ ਦੀ ਗ਼ੁਰਬਤ ਭਰਿਆ ਜੀਵਨ ਹੰਢਾਅ ਰਹੇ ਸ੍ਰੀ ਸੁਦਾਮਾ ਜੀ ਦੀ ਦੋਸਤੀ, ਦੋ ਦੋਸਤਾਂ ਦੇ ਪਿਆਰ, ਵਫ਼ਾਦਾਰੀ ਅਤੇ ਸਮਾਜਿਕ ਭਰਾਤਰੀ ਭਾਵ ਦੀ ਅਦੁੱਤੀ ਮਿਸਾਲ ਹੈ। ਇਸ ਮਿਲਣੀ ਦਾ ਜਿ਼ਕਰ ਭਾਈ ਗੁਰਦਾਸ ਦੀ ਵਾਰ ਵਿਚ ਵੀ ਆਉਂਦਾ ਹੈ: ਦੂਰੋਂ ਦੇਖੁ ਡੰਡੋਤ ਕਰਹਿ ਛੋਡ ਸਿੰਘਾਸਨਿ ਹਰਿ ਜੀ ਆੲ॥ ਸਦੀਆਂ ਬੀਤ ਜਾਣ ਦੇ ਬਾਵਜੂਦ ਬਚਪਨ ਦੇ ਇਨ੍ਹਾਂ ਦੋਸਤਾਂ ਦੀ ਮਿੱਤਰ ਮਿਲਣੀ ਅਜੇ ਵੀ ਤਰੋ-ਤਾਜ਼ਾ ਲਗਦੀ ਹੈ। ਸੁਦਾਮੇ ਦੇ ਲਿਆਂਦੇ ਸੱਤੂ ਸੁਆਦ ਨਾਲ ਖਾਣੇ, ਤਸਲੇ ਵਿਚ ਪਾਣੀ ਪਾ ਕੇ ਆਪਣੇ ਮਿੱਤਰ ਦੇ ਚਰਨ ਧੋਣੇ- ਅਜਿਹਾ ਮਿੱਤਰ ਪ੍ਰੇਮ, ਨਿਮਰਤਾ ਤੇ ਸੇਵਾ ਭਾਵਨਾ ਦੇਖ ਕੇ ਮਨ ਸ਼ਰਧਾ ਨਾਲ ਝੁਕ ਜਾਂਦਾ ਹੈ ਪਰ ਜਦੋਂ ਦੋਸਤੀ ਉਤੇ ਖੁਦਗਰਜ਼ੀ ਤੇ ਲਾਲਚ ਦਾ ਮੈਲਾ ਗਲਾਫ ਚੜ੍ਹ ਜਾਵੇ, ਉਦੋਂ ਹਾਲਾਤ ਕੁਝ ਹੋਰ ਹੀ ਬਣ ਜਾਂਦੇ ਹਨ। ਦੋਸਤੀ ਦਾ ਵਪਾਰੀਕਰਨ ਹੁੰਦਾ ਅਸੀਂ ਰੋਜ਼ ਦੇਖਦੇ ਹਾਂ, ਅੱਜ ਅਜਿਹੀ ਤਿੰਨ ਸਾਢੇ ਤਿੰਨ ਦਹਾਕੇ ਪੁਰਾਣੀ ਘਟਨਾ ਚੇਤਿਆਂ ਵਿਚ ਗੋਤੇ ਖਾ ਰਹੀ ਹੈ।
ਮੇਰੀ ਇਕ ਸਟਾਫ ਮੈਂਬਰ ਦੇ ਪਤੀ ਫ਼ੌਜ ਵਿਚੋਂ ਆ ਕੇ ਨਹਿਰੀ ਮਹਿਕਮੇ ਵਿਚ ਬਤੌਰ ਐੱਸਡੀਓ ਤਾਇਨਾਤ ਹੋ ਗਏ ਸਨ। ਚਿਰਾਂ ਤੋਂ ਉਨ੍ਹਾਂ ਦੀ ਡਿਊਟੀ ਆਪਣੇ ਪਿੰਡ ਤੋਂ ਤਕਰੀਬਨ ਦੋ ਸੌ ਕਿਲੋਮੀਟਰ ਦੂਰ ਸੀ। ਕਿਰਾਏ ਦਾ ਮਕਾਨ ਲੈ ਕੇ ਆਪਣੀ ਰਿਹਾਇਸ਼ ਵੀ ਉਥੇ ਹੀ ਰੱਖੀ ਹੋਈ ਸੀ। ਅੱਠਵੇਂ ਦਸਵੇਂ ਦਿਨ ਘਰ ਆਉਂਦੇ। ਪਤਨੀ ਘਰ ਅਤੇ ਬੱਚਿਆਂ ਦੀ ਸਾਰੀ ਜਿ਼ੰਮੇਵਾਰੀ ਇਕੱਲੀ ਹੀ ਸੰਭਾਲਦੀ। ਨੌਕਰੀ ਦੀਆਂ ਜਿ਼ੰਮੇਵਾਰੀਆਂ ਇਸ ਤੋਂ ਵੱਖ ਸਨ। ਬੰਦੇ ਤੋਂ ਬਗੈਰ ਘਰ ਪਰਿਵਾਰ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਵਿਚ ਪਤਨੀ ਡਾਢੀ ਔਖ ਝੱਲ ਰਹੀ ਸੀ। ਉਨ੍ਹਾਂ ਬਦਲੀ ਕਰਵਾਉਣ ਦੀ ਬਥੇਰੀ ਕੋਸਿ਼ਸ਼ ਕੀਤੀ ਪਰ ਭਾਰਤ ਵਰਗੇ ਮੁਲਕ ਅੰਦਰ ਜੈੱਕ ਅਤੇ ਚੈੱਕ ਤੋਂ ਬਿਨਾਂ ਤਬਾਦਲੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹ ਅਸੂਲੀ ਬੰਦਾ ਸੀ, ਰਿਸ਼ਵਤਖੋਰੀ ਦੇ ਸਖ਼ਤ ਖਿ਼ਲਾਫ਼ ਸੀ। ਉਸ ਦਾ ਤਰਕ ਸੀ- ਜਦੋਂ ਮੈਂ ਆਲ ਕੰਮ ਕਰਵਾਏ ਦਾ ਕਿਸੇ ਤੋਂ ਨਿੱਕਾ ਪੈਸਾ ਵੀ ਨਹੀਂ ਲੈਂਦਾ ਤਾਂ ਰਿਸ਼ਵਤ ਦੇ ਕੇ ਬਦਲੀ ਕਿਉਂ ਕਰਵਾਵਾਂ? ਵੈਸੇ ਵੀ ਸਾਡਾ ਤਾਂ ਕਪਲ ਕੇਸ ਬਣਦਾ ਹੈ, ਬਦਲੀ ਕਰਵਾ ਕੇ ਆਪਣੇ ਪਰਿਵਾਰ ਵਿਚ ਆਉਣਾ ਮੇਰਾ ਕਨੂੰਨੀ ਹੱਕ ਹੈ।... ਬੱਸ ਇਸੇ ਅੜੀ ਵਿਚ ਉਹ ਕਈ ਸਾਲਾਂ ਤੋਂ ਘਰੋਂ ਦੂਰ ਬੈਠਾ ਸੀ। ਬੜੀ ਮੁਸ਼ਕਿਲ ਨਾਲ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਉਸ ਨੂੰ ਸਮਝਾਇਆ ਕਿ ਇਹ ਫ਼ੌਜ ਨਹੀਂ, ਸਿਵਲ ਦਾ ਮਹਿਕਮਾ ਹੈ; ਇਥੇ ਤਾਂ ਉਵੇਂ ਹੀ ਚੱਲਣਾ ਪੈਣਾ ਜਿਵੇਂ ਦੁਨੀਆ ਚਲਦੀ ਹੈ।
ਉਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤਾਜ਼ੀਆਂ ਤਾਜ਼ੀਆਂ ਹੋਈਆਂ ਸਨ। ਬਹੁਮਤ ਪ੍ਰਾਪਤ ਕਰਨ ਵਾਲੀ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ ਸੀ ਤੇ ਮੰਤਰੀਆਂ ਨੂੰ ਮਹਿਕਮੇ ਵੀ ਸੌਂਪੇ ਜਾ ਚੁੱਕੇ ਸਨ। ਨਹਿਰੀ ਮਹਿਕਮਾ ਜਿਸ ਮੰਤਰੀ ਨੂੰ ਸੌਂਪਿਆ, ਇਤਫ਼ਾਕਵੱਸ ਉਹ ਮੰਤਰੀ ਉਸ ਦਾ ਬਚਪਨ ਦਾ ਦੋਸਤ ਸੀ, ਉਹ ਇਕੱਠੇ ਹੀ ਪੜ੍ਹਦੇ ਤੇ ਖੇਡਦੇ ਰਹੇ ਸਨ।
ਇਕ ਦਿਨ ਉਸ ਅਧਿਆਪਕਾ ਨੇ ਬੜੇ ਚਾਅ ਨਾਲ ਸਾਨੂੰ ਦੱਸਿਆ, “ਹੁਣ ਤਾਂ ‘ਸਾਡੇ ਇਨ੍ਹਾਂ’ ਦੀ ਬਦਲੀ ਵੀ ਤਕਰੀਬਨ ਹੋਈ ਸਮਝੋ। ਇਨ੍ਹਾਂ ਦੇ ਮਹਿਕਮੇ ਦੇ ਮੰਤਰੀ ਇਨ੍ਹਾਂ ਦੇ ਦੋਸਤ ਹੀ ਹਨ। ਇਹ ਤਾਂ ਬੜੇ ਖੁਸ਼ ਹਨ, ਕੱਲ੍ਹ ਫੋਨ ’ਤੇ ਵਧਾਈ ਵੀ ਦਿੱਤੀ ਸੀ। ਮੰਤਰੀ ਨੇ ਬਦਲੀ ਵਾਸਤੇ ਹਾਮੀ ਭਰ ਦਿੱਤੀ ਹੈ। ਦੋਸਤ ਹੋਣ ਕਰ ਕੇ ਸ਼ਾਇਦ ਬਦਲੀ ਵੀ ਫਰੀ ਖਾਤੇ ਹੀ ਹੋ ਜਾਵੇ... ਮੰਤਰੀ ਸਾਹਿਬ ਕਹਿੰਦੇ ਸੀ ਕਿ ਰੁਝੇਵੇਂ ਬਹੁਤ ਹਨ, ਅੱਠਾਂ ਕੁ ਦਿਨਾਂ ਨੂੰ ਮੈਨੂੰ ਫੇਰ ਯਾਦ ਕਰਵਾ ਦੇਈਂ... ਚਲੋ ਵਧੀਆ ਹੋਊ ਇਹ ਵੀ ਘਰ ਦੇ ਨੇੜੇ ਆ ਜਾਣਗੇ, ਮੇਰੇ ਤਾਂ ਅੱਧੇ ਫਿ਼ਕਰ ਉਸੇ ਦਿਨ ਹੀ ਮੁੱਕ ਜਾਣਗੇ।” ਉਹ ਉਸ ਦਿਨ ਖ਼ੁਦ ਵੀ ਗੁਲਾਬ ਦੇ ਫੁੱਲ ਵਾਂਗ ਖਿੜੀ ਜਾਪ ਰਹੀ ਸੀ।
ਅੱਠ ਦਿਨਾਂ ਬਾਅਦ ਮੰਤਰੀ ਸਾਹਿਬ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਹੀ ਨਾ ਚੁੱਕਿਆ। ਦੋ ਤਿੰਨ ਵਾਰ ਕੋਸਿ਼ਸ਼ ਕਰਨ ’ਤੇ ਜਦੋਂ ਫੋਨ ਚੁੱਕਿਆ ਤਾਂ ਜਵਾਬ ਵਿਚੋਂ ਦੋਸਤੀ ਦੀ ਸੁਗੰਧੀ ਨਾਦਾਰਦ ਸੀ। ਮੰਤਰੀ ਸਾਹਿਬ ਸਿੱਧੇ ਹੀ ਸੌਦੇਬਾਜ਼ੀ ’ਤੇ ਉਤਰ ਆਏ ਸਨ, “ਲੈ ਬਈ ਭਰਾਵਾ! ਬਦਲੀ ਤਾਂ ਹੋ ਜਾਊਗੀ ਪਰ ਰੁਪਈਆ ਡੇਢ ਲੱਖ ਲੱਗੇਗਾ।” ਉਨ੍ਹੀਂ ਦਿਨੀਂ ਡੇਢ ਲੱਖ ਰੁਪਏ ਵੱਡੀ ਰਕਮ ਹੁੰਦੀ ਸੀ।
“ਹੈਂ! ਐਨੇ ਪੈਸੇ!!” ਦੂਜੇ ਪਾਸਿਉਂ ਆਵਾਜ਼ ਆਈ, “ਕੁਝ ਵੱਧ ਘੱਟ ਨਹੀਂ ਹੋ ਸਕਦੇ?”
“ਓ ਚੱਲ ਤੂੰ ਇਕ ਲੱਖ ਦੇ’ਦੀਂ, ‘ਦੋਸਤੀ’ ਦਾ ਮਾਣ ਰੱਖ ਲੈਂਦਾ ਹਾਂ, ਮੈਂ ਆਪਣੇ ਹਿੱਸੇ ਦਾ ਪੰਜਾਹ ਹਜ਼ਾਰ ਛੱਡਿਆ। ਬਾਕੀ ਅਮਲੇ ਫੈਲੇ ਨੂੰ ਤਾਂ ਫੇਰ ਵੀ ਦੇਣੇ ਹੀ ਪੈਣਗੇ ਨਾ।... ਹੁਣ ਦੱਸ ਖੁਸ਼ ਏਂ?”
ਇਧਰਲੇ ਪਾਸੇ ਤੋਂ ਫੋਨ ਇਕਦਮ ਬੰਦ ਹੋ ਗਿਆ। ਦੋਸਤੀ ਦਾ ਮਾਣ, ਸਿਆਸਤ ਤੇ ਲਾਲਚ ਦੇ ਦੁਰਗੰਧ ਮਾਰਦੇ ਪਾਣੀ ਵਿਚ ਘੁਲ ਗਿਆ ਸੀ।
ਸੰਪਰਕ: 78146-98117