For the best experience, open
https://m.punjabitribuneonline.com
on your mobile browser.
Advertisement

ਚੰਦਨ ਕਾ ਬਿਰਵਾ

04:20 AM Jun 19, 2025 IST
ਚੰਦਨ ਕਾ ਬਿਰਵਾ
Advertisement

ਅਵਤਾਰ ਸਿੰਘ

Advertisement

ਚੰਦਨ ਸ਼ਬਦ ਬੋਲਦਿਆਂ ਹੀ ਮਨ ਅੰਦਰ ਠੰਢ ਵਰਤ ਜਾਂਦੀ ਹੈ; ਠੰਢ ਵੀ ਉਹ ਜਿਸ ਵਿੱਚ ਮਿੰਨ੍ਹਾ-ਮਿੰਨ੍ਹਾ ਪ੍ਰਕਾਸ਼ ਵੀ ਸ਼ਾਮਿਲ ਹੁੰਦਾ। ਇਹ ਗੁਣ ਚੰਦਰਮਾ ਦਾ ਹੈ ਤੇ ਚੰਦਰਮਾ ਨੂੰ ਪੇਂਡੂ ਭਾਸ਼ਾ ਵਿੱਚ ਚੰਦ ਕਹਿੰਦੇ ਹਨ। ਸ਼ਾਇਦ ਇਸ ਕਰ ਕੇ ਅਸੀਂ ਆਪਣੇ ਪਿਆਰਿਆਂ ਨੂੰ ਚੰਨ ਤੇ ਚੰਦ ਕਹਿ ਲੈਂਦੇ ਹਾਂ। ਬਸ ਇੰਨਾ ਕੁ ਫ਼ਰਕ ਹੈ ਕਿ ਪਤੀ ਨੂੰ ਚੰਨ ਤੇ ਬੱਚੇ ਨੂੰ ਚੰਦ ਕਹੀਦਾ ਹੈ। ਇਸ ਦੇ ਇਲਾਵਾ ਜਿਥੋਂ ਕਿਤੋਂ ਵੀ ਚੰਨ ਜਾਂ ਚੰਦ ਜਿਹੀ ਤਾਸੀਰ ਦਾ ਅਹਿਸਾਸ ਜਾਗੇ, ਉਹਨੂੰ ਵੀ ਚੰਦ ਨਾਲ ਜੋੜ ਲਿਆ ਜਾਂਦਾ। ਜਿਵੇਂ ਇੱਕ ਰੁੱਖ ਹੈ, ਜਿਸ ਦਾ ਪ੍ਰਭਾਵ ਚੰਦ ਨਾਲ ਮਿਲਦਾ ਹੈ, ਉਸ ਨੂੰ ਵੀ ਚੰਦ ਨਾਲ ਜੋੜ ਕੇ ਚੰਦਨ ਕਿਹਾ ਜਾਂਦਾ ਹੈ। ਚੰਦਨ ਸਾਡੇ ਸੱਭਿਆਚਾਰ ਵਿੱਚ ਇੰਨਾ ਉੱਤਰ ਗਿਆ ਹੈ ਕਿ ਮਾਵਾਂ ਆਪਣੇ ਬੱਚਿਆਂ ਦਾ ਨਾਂ ਚੰਦਨ ਰੱਖਦੀਆਂ ਹਨ; ਚੰਦਨ ਕਹਿ ਕੇ ਮਾਵਾਂ ਦੇ ਕਾਲਜੇ ਠੰਢ ਪੈਂਦੀ ਹੈ।
‘ਧਰਮਾ’ ਫਿਲਮ ਵਿੱਚ ਪ੍ਰਾਣ ਡਾਕੂ ਸੀ, ਜਿਸ ਦਾ ਨਾਂ ਚੰਦਨ ਸੀ ਤੇ ਉਹ ਭੇਸ ਬਦਲ ਕੇ ਮਹਿਫ਼ਲ ਵਿੱਚ ਕੱਵਾਲੀ ਗਾਉਂਦਾ ਹੈ। ਉਸ ਕਵਾਲੀ ਵਿੱਚ ਡਾਕੂ ਚੰਦਨ ਕਹਿੰਦਾ ਹੈ: ‘ਇਸ਼ਾਰੋਂ ਕੋ ਅਗਰ ਸਮਝੋ ਰਾਜ਼ ਕੋ ਰਾਜ਼ ਰਹਿਨੇ ਦੋ’। ਜਵਾਬ ਵਿੱਚ ਕੁੜੀ ਕਹਿੰਦੀ ਹੈ: ‘ਰਾਜ਼ ਕੀ ਬਾਤ ਕਹਿਦੂੰ ਤੋ ਜਾਨੇ ਮਹਿਫ਼ਲ ਮੇਂ ਫਿਰ ਕਿਆ ਹੋ’। ਅਖ਼ੀਰ ਜੁਗਲਬੰਦੀ ਵਿੱਚ ਕੁੜੀ ਕਹਿੰਦੀ ਹੈ: ‘ਬਦਨ ਮੇਰਾ ਹੈ ਕੁੰਦਨ’। ਡਾਕੂ ਕਹਿੰਦਾ ਹੈ: ‘ਦਿਲ ਮੇਰਾ ਹੈ ਚੰਦਨ’। ਕੁੜੀ ਕਹਿੰਦੀ ਹੈ: ‘ਮੈਂ ਚੰਦਨ ਕੀ ਖੁਸ਼ਬੂ ਹੂੰ’। ਡਾਕੂ ਇਕਦਮ ਭੜਕ ਕੇ ਤਲਵਾਰ ਖਿੱਚਦਾ ਹੋਇਆ ਕਹਿੰਦਾ ਹੈ: ‘ਮੈਂ ਚੰਦਨ, ਮੈਂ ਚੰਦਨ ਹੂ-ਬਹੂ ਹੂੰ’। ਇਹ ਜਾਣ ਕੇ ਕੁੜੀ ਦਾ ਦਿਲ ਦਹਿਲ ਜਾਂਦਾ ਹੈ ਤੇ ਕੁੜੀ ਦੀ ਸੁਰ ਨੀਵੀਂ ਹੋ ਜਾਂਦੀ ਹੈ। ਇਥੇ ਹੀ ਕੱਵਾਲੀ ਸਮਾਪਤ ਹੋ ਜਾਂਦੀ ਹੈ।
ਜਿਸ ਬੱਚੇ ਦਾ ਨਾਂ ਮਾਂ ਨੇ ਚੰਦਨ ਰੱਖਿਆ ਹੋਵੇ ਤੇ ਹਾਲਾਤ ਉਹਨੂੰ ਡਾਕੂ ਬਣਾ ਦੇਣ, ਫਿਰ ‘ਧਰਮਾ’ ਫਿਲਮ ਵਾਂਗ ਇਹੀ ਕੁਝ ਹੁੰਦਾ ਹੈ। ਡਾਕੂ ਬਣਿਆ ਚੰਦਨ ਗੱਲ-ਗੱਲ ’ਤੇ ਕੁੱਤੇ ਵਾਂਗ ਵੱਢਣ ਨੂੰ ਪੈਂਦਾ, ਉਹਨੂੰ ਦੇਖਦੇ ਹੀ ਸ਼ਾਂਤ ਦਿਲ ਦਹਿਲ ਜਾਂਦੇ ਹਨ। ਅਜਿਹੇ ਚੰਦਨ ਦੇ ਨੇੜੇ ਸ਼ਾਂਤੀ ਤੇ ਸੁਗੰਧ ਨਹੀਂ, ਬਲਕਿ ਅਸ਼ਾਂਤੀ ਤੇ ਬਦਬੂ ਹੁੰਦੀ ਹੈ। ਅਜਿਹੇ ਸ਼ਖ਼ਸ ਤੋਂ ਹਰ ਕੋਈ ਦੂਰੀ ਬਣਾ ਕੇ ਰੱਖਦਾ ਹੈ।
ਕਬੀਰ ਜੀ ਨੇ ਕਿਹਾ ਹੈ: ‘ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ॥ ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥’ ਅਰਥਾਤ ਚੰਦਨ ਨਿੱਕਾ ਜਿਹਾ ਬੂਟਾ ਵੀ ਭਲਾ ਹੈ; ਬੇਸ਼ਕ ਉਹ ਢੱਕ ਦੇ ਪੱਤਿਆਂ ਵਿੱਚ ਲੁਕਿਆ ਵੀ ਰਹੇ ਤਾਂ ਵੀ ਪਤਾ ਲੱਗ ਜਾਂਦਾ ਹੈ ਕਿਉਂਕਿ ਉਸ ਦੇ ਆਸ-ਪਾਸ ਹਰ ਕਾਸੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਹੈ। ਉਂਝ, ਸਿਰਫ ਚੰਦਨ ਨਾਂ ਰੱਖ ਲੈਣ ਨਾਲ ਹਰ ਕੋਈ ਚੰਦਨ ਨਹੀਂ ਹੋ ਜਾਂਦਾ। ਚੰਦਨ ਨਾਂ ਰੱਖ ਲੈਣਾ ਜਿੰਨਾ ਸੌਖਾ ਹੈ, ਚੰਦਨ ਹੋਣਾ ਓਨਾ ਹੀ ਔਖਾ ਹੈ। ਚੰਦਨ ਦੇ ਗੁਣ ਕਮਾਉਣੇ ਤੇ ਨਿਭਾਉਣੇ ਪੈਂਦੇ ਹਨ।
ਮੇਰੇ ਪ੍ਰਾਇਮਰੀ ਸਕੂਲ ਵਿੱਚ ਇਕ ਮੁੰਡੇ ਦਾ ਨਾਂ ਚੰਦਨ ਸੀ। ਉਹ ਬੜਾ ਸ਼ਾਂਤ ਰਹਿੰਦਾ ਸੀ, ਕਦੇ ਕਿਸੇ ਨਾਲ ਨਹੀਂ ਸੀ ਲੜਦਾ। ਇਕ ਮੁੰਡਾ ਹੋਰ ਸੀ, ਜਿਹਦਾ ਨਾਂ ਤਾਂ ਸ਼ਾਇਦ ਸ਼ਿੰਦਾ ਸੀ, ਪਰ ਉਹਨੂੰ ਸਾਰੇ ਭੜਾਕਾ ਕਹਿੰਦੇ ਸਨ। ਉਹ ਝੱਟ ਭੜਕ ਪੈਂਦਾ ਤੇ ਹਰ ਕਿਸੇ ਦੇ ਗਲ ਪੈ ਜਾਂਦਾ ਸੀ।
ਇਕ ਵਾਰੀ ਚੰਦਨ ਤੇ ਭੜਾਕਾ ਲੜ ਪਏ। ਪਹਿਲਾਂ ਤਾਂ ਚੰਦਨ ਸ਼ਾਂਤ ਰਿਹਾ ਪਰ ਜਦ ਭੜਾਕਾ ਗਲ ਨੂੰ ਪੈਣ ਲੱਗਿਆ ਤਾਂ ਉਹਨੇ ਭੜਾਕੇ ਨੂੰ ਕਿਹਾ- “ਕੁੱਤਾ।” ਭੜਾਕਾ ਤੈਸ਼ ਵਿੱਚ ਆ ਗਿਆ, “ਮੈਂ ਤਾਂ ਕੁੱਤਾ ਹਾਂ, ਤੂੰ ਬਾਂਦਰ ਹੈਂ।” ਫਿਰ ਉਨ੍ਹਾਂ ਵਿਚਕਾਰ ਕਿੰਨੀ ਦੇਰ ‘ਕੁੱਤਾ ਬਾਂਦਰ, ਬਾਂਦਰ ਕੁੱਤਾ’ ਹੋਈ ਗਈ। ਫਿਰ ਕੀ ਹੋਇਆ- ਉਨ੍ਹਾਂ ਦੇ ਨਾਂ ਹੀ ਬਦਲ ਗਏ। ਭੜਾਕੇ ਨੂੰ ਸਾਰੇ ਕੁੱਤਾ ਕਹਿਣ ਲੱਗ ਪਏ ਤੇ ਚੰਦਨ ਨੂੰ ਬਾਂਦਰ। ਉਹ ਦੋਵੇਂ ਪੜ੍ਹਨ ਵਿੱਚ ਇੰਨੇ ਨਾਲਾਇਕ ਸਨ ਕਿ ਪ੍ਰਾਇਮਰੀ ਵੀ ਨਾ ਪਾਸ ਕਰ ਸਕੇ ਪਰ ਉਹ ਚੇਤਿਆਂ ਵਿੱਚ ਇੰਨੇ ਵਸ ਗਏ ਕਿ ਜਦ ਵੀ ਉਸ ਵੇਲੇ ਦਾ ਕੋਈ ਮਿੱਤਰ ਮਿਲਦਾ ਤਾਂ ਉਨ੍ਹਾਂ ਦਾ ਜ਼ਿਕਰ ਹਮੇਸ਼ਾ ਕੁੱਤਾ ਬਾਂਦਰ ਜਾਂ ਬਾਂਦਰ ਕੁੱਤਾ ਕਹਿ ਕੇ ਹੀ ਹੁੰਦਾ।
ਉਦੋਂ ਮੈਂ ਗਿਆਰਾਂ ਬਾਰਾਂ ਸਾਲ ਦਾ ਸੀ ਤੇ ਹੁਣ ਚੌਂਹਟ ਪੈਂਹਟ ਸਾਲ ਦਾ ਹੋ ਗਿਆ ਹਾਂ। ਮੈਂ ਹੁਣ ਆਪਣੇ ਪਿੰਡ ਵੀ ਬਹੁਤ ਘੱਟ ਜਾਂਦਾ ਹਾਂ ਤੇ ਨਾਲ ਦੇ ਪਿੰਡ ਤਾਂ ਹੋਰ ਵੀ ਘੱਟ ਜਾਣ ਦਾ ਮੌਕਾ ਮਿਲਦਾ ਹੈ। ਪਿੱਛੇ ਜਿਹੇ ਇਸ ਜੋੜੀ ਦੇ ਪਿੰਡ ਜਾਣ ਦਾ ਸਬੱਬ ਬਣਿਆ। ਮੈਂ ਉਥੇ ਕਿਸੇ ਤੋਂ ਉਸ ਜੋੜੀ ਬਾਰੇ ਜਾਣਨਾ ਚਾਹਿਆ ਤਾਂ ਮੈਨੂੰ ਉਨ੍ਹਾਂ ਦੇ ਅਸਲ ਨਾਂ ਯਾਦ ਹੀ ਨਾ ਆਉਣ ਤੇ ਬਾਂਦਰ ਕੁੱਤਾ ਕਿਹਾ ਨਹੀਂ ਸੀ ਜਾ ਸਕਦਾ। ਫਿਰ ਮੈਂ ਇਸ਼ਾਰੇ ਜਿਹੇ ਕਰ ਕੇ ਇੰਨਾ ਹੀ ਕਿਹਾ- “ਉਹ ਜਿਹੜੇ ਦੋ ਜਣੇ ਸਨ”। ਇਹ ਕਹਿਣ ਦੀ ਦੇਰ ਸੀ ਕਿ ਅਗਲਾ ਖਿੜ-ਖਿੜਾ ਕੇ ਹੱਸ ਪਿਆ। ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਹਿਣ ਲੱਗਾ ਕਿ ਉਹੀ ਉਹ ਕੁੱਤਾ ਹੈ ਤੇ ਉਹ ਇੱਥੇ ਹੀ ਰਹਿੰਦਾ ਹੈ। ਮੈਂ ਸ਼ਰਮਿੰਦਾ ਜਿਹਾ ਹੋ ਗਿਆ ਤੇ ਫਿਰ ਪੁੱਛਿਆ- ਦੂਜਾ ਕਿਥੇ ਹੈ? ਉਹ ਫਿਰ ਖਿੜ-ਖਿੜਾ ਕੇ ਹੱਸ ਪਿਆ ਤੇ ਕਹਿਣ ਲੱਗਾ- ਸਿੱਧਾ ਕਹਿ ਬਾਂਦਰ ਕਿਥੇ ਗਿਆ? ਫਿਰ ਉਹ ਗੰਭੀਰ ਹੋ ਗਿਆ ਤੇ ਕਹਿਣ ਲੱਗਾ- ਉਹ ਵੀ ਇਥੇ ਹੀ ਹੈ ਤੇ ਹੁਣ ਹਾਲਾਤ ਨੇ ਉਹਨੂੰ ਕੁੱਤਾ ਬਣਾ ਦਿੱਤਾ ਹੈ। ਉਹਨੇ ਦੱਸਿਆ ਕਿ ਉਹ ਆਪਣੇ ਬਾਂਦਰਪੁਣੇ ਕਰ ਕੇ ਕੁਝ ਬਣ ਨਾ ਸਕਿਆ, ਜਿਸ ਕਰ ਕੇ ਉਹ ਹੁਣ ਹਰ ਕਿਸੇ ਨੂੰ ਕੁੱਤਿਆਂ ਵਾਂਗ ਪੈਣ ਲੱਗ ਪਿਆ ਹੈ ਤੇ ਹੁਣ ਬਾਂਦਰ ਵੀ ਉਹੀ ਹੈ ਤੇ ਕੁੱਤਾ ਵੀ ਉਹੀ ਹੈ, ਜਿਸ ਕਰ ਕੇ ਸਾਰੇ ਉਹਨੂੰ ਕੁੱਤਾ ਬਾਂਦਰ ਕਹਿੰਦੇ।
ਮੈਂ ਉਹਦੇ ਸਾਹਮਣੇ ਖੜ੍ਹਾ ਪਾਣੀ-ਪਾਣੀ ਜਿਹਾ ਹੋ ਰਿਹਾ ਸਾਂ। ਮੈਨੂੰ ਲੁਕਣ ਲਈ ਕੋਈ ਥਾਂ ਨਹੀਂ ਸੀ ਮਿਲ ਰਹੀ ਤੇ ਉਥੋਂ ਟਿਭਣ ਲਈ ਕੋਈ ਬਹਾਨਾ ਨਹੀਂ ਸੀ ਮਿਲ ਰਿਹਾ। ਮੈਂ ਉਸ ਕੋਲੋਂ ਮੁਆਫੀ ਮੰਗੀ ਕਿ ਯਾਰ ਤੁਹਾਡੇ ਨਾਂ ਚੇਤੇ ਨਹੀਂ ਸੀ ਰਹੇ ਪਰ ਉਹ ਇੰਨਾ ਦਲੇਰ ਸੀ ਕਿ ਉਹਨੇ ਮੈਨੂੰ ਫਿਰ ਘੁੱਟ ਕੇ ਜੱਫੀ ਪਾ ਲਈ ਤੇ ਕਹਿਣ ਲੱਗਾ- “ਸ਼ੁਕਰ ਕਰ ਇਹ ਮੈਂ ਹੀ ਸੀ, ਤੈਨੂੰ ਕਿਤੇ ਉਹ ਬਾਂਦਰ ਨਹੀਂ ਟੱਕਰ ਪਿਆ।” ਮੈਂ ਉਹਦੀ ਫਰਾਖਦਿਲੀ ’ਤੇ ਹੈਰਾਨ ਰਹਿ ਗਿਆ। ਮੈਂ ਵੀ ਉਹਨੂੰ ਜੱਫੀ ਵਿੱਚ ਲਿਆ ਤੇ ਉਹਨੂੰ ਮਿਲ ਕੇ ਵਾਪਸ ਆਪਣੇ ਘਰ ਆ ਗਿਆ। ਕਦੇ-ਕਦੇ ਇਸ ਤਰ੍ਹਾਂ ਵੀ ਹੋ ਜਾਂਦਾ ਹੈ।
ਸੰਪਰਕ: 94175-18384

Advertisement
Advertisement

Advertisement
Author Image

Jasvir Samar

View all posts

Advertisement