For the best experience, open
https://m.punjabitribuneonline.com
on your mobile browser.
Advertisement

ਰਾਹਾਂ ਨਾਲ ਦੋਸਤੀ

06:59 AM Jul 27, 2020 IST
ਰਾਹਾਂ ਨਾਲ ਦੋਸਤੀ
Advertisement

ਜਿਵੇਂ ਬੰਦਿਆਂ ਨਾਲ ਦੋਸਤੀ ਗੰਢੀਦੀ ਹੈ, ਉਵੇਂ ਰਾਹ ਵੀ ਆਪਣੇ ਨਾਲ ਦੋਸਤੀ ਗੰਢ ਲੈਂਦੇ ਹਨ। ਜੇ ਉਨ੍ਹਾਂ ਰਾਹਾਂ ਉੱਪਰੋਂ ਦੀ ਲੰਮਾ ਸਮਾਂ ਨਾ ਲੰਘੀਏ ਤਾਂ ਉਹ ਨਾਰਾਜ਼ ਵੀ ਹੋ ਜਾਂਦੇ ਹਨ, ਗਿਆਂ ਨੂੰ ਉਲਾਂਭਾ ਵੀ ਦਿੰਦੇ ਹਨ ਪਰ ਛੇਤੀ ਮੰਨ ਵੀ ਜਾਂਦੇ ਹਨ। ਫਿਰ ਲਗਦੇ ਹੱਥ ਛੇਤੀ ਛੇਤੀ ਗੇੜਾ ਮਾਰਨ ਦਾ ਵਾਅਦਾ ਵੀ ਲੈ ਲੈਂਦੇ ਹਨ। ਇਹ ਹੋਰ ਕਿਸੇ ਨੂੰ ਮਹਿਸੂਸ ਹੁੰਦਾ ਹੈ ਜਾਂ ਨਾ, ਪਤਾ ਨਹੀਂ ਪਰ ਮੈਨੂੰ ਜ਼ਰੂਰ ਇੰਝ ਲਗਦਾ ਹੈ।

Advertisement

ਮੇਰੀ ਕਈ ਰਾਹਾਂ ਨਾਲ ਯਾਰੀ ਹੈ। ਉਦਾਸ ਹੋਵਾਂ, ਲਿਖਣ ਨੂੰ ਮਨ ਨਾ ਕਰੇ, ਐਵੇਂ ਭਟਕਣਾ ਜਿਹੀ ਲੱਗ ਜਾਵੇ, ਅੰਦਰ ਖ਼ਾਲੀ ਖ਼ਾਲੀ ਜਾਪੇ, ਫਿਰ ਉਨ੍ਹਾਂ ਰਾਹਾਂ ਵਿਚੋਂ ਹੋ ਆਵਾਂ ਤਾਂ ਭਰਿਆ ਭਰਿਆ ਮਹਿਸੂਸ ਕਰਦਾ ਹਾਂ। ਲਿਖਣ ਲਈ ਅੰਦਰੋਂ ਛੱਲਾਂ ਉੱਠਦੀਆਂ ਹਨ। ਨਵੇਂ ਸ਼ਬਦ, ਹਜ਼ਾਰਾਂ ਬਿੰਬ/ਪ੍ਰਤੀਕ, ਕਿੰਨੀਆਂ ਹੀ ਕਹਾਣੀਆਂ ਜ਼ਿਹਨ ਦੀ ਧਰਤੀ ਤੇ ਉੱਗ ਆਉਂਦੀਆਂ ਹਨ। ਮੇਰੇ ਪਿੰਡੋਂ ਬੀਰ ਖੁਰਦ ਵਿਚੋਂ ਸਿੱਧੀ ਸੜਕ ਭੀਖੀ, ਦਲੇਲ ਸਿੰਘ ਵਾਲਾ ਵਿਚੋਂ ਉਨੱਤੀ ਕਿਲੋਮੀਟਰ ਮਾਨਸਾ ਜਾਣਾ ਚੰਗਾ ਲਗਦਾ ਹੈ। ਮੇਰੇ ਪਿੰਡੋਂ ਬੁਢਲਾਡਾ ਤੇ ਫਿਰ ਨਿੱਕੇ-ਵੱਡੇ ਪਿੰਡਾਂ ਅਤੇ ਵਿੰਗ-ਤੜਿੰਗੀਆਂ ਸੜਕਾਂ ਗਾਹ ਕੇ ਬਵੰਜਾ ਕਿਲੋਮੀਟਰ ਝੁਨੀਰ ਜਾਣਾ ਮੇਰੇ ਲਈ ਬੜਾ ਸੁਖਦਾਈ ਹੈ। ਦੂਰ ਤੱਕ ਉੱਚੇ-ਨੀਵੇਂ ਵਾਹਣਾਂ ਨੂੰ ਵੇਖਣਾ, ਧੂੜ ਉਡਾਉਂਦਾ ਪਹੇ ਵਿਚ ਭੱਜਿਆ ਜਾਂਦਾ ਬਲਦ ਰੇਹੜਾ, ਟੋਭਿਆਂ ਵਿਚ ਤਾਰੀਆਂ ਲਾਉਂਦੀਆਂ ਮੱਝਾਂ, ਮੋਢੇ ਤੇ ਕਹੀ ਚੁੱਕੀ ਜਾਂਦਾ ਤਾਏ ਵਰਗਾ ਕਿਸਾਨ, ਦੁੱਧ ਵਰਗੇ ਚਿੱਟਾ ਨਰਮਾ ਚੁਗਦੀਆਂ ਚੋਣੀਆਂ, ਟਾਹਲੀਆਂ, ਕਿੱਕਰਾਂ, ਨਿੰਮਾਂ ਉੱਪਰ ਟੰਗੇ ਪਏ ਦੁੱਧ, ਚਾਹ, ਰੋਟੀਆਂ ਵਾਲੇ ਡੋਲੂ। ਇਨ੍ਹਾਂ ਦ੍ਰਿਸ਼ਾਂ ਦੀ ਕੀਮਤ ਘੱਟ ਹੈ ਕਿਤੇ?

Advertisement

ਇਨ੍ਹਾਂ ਰਾਹਾਂ ਨਾਲ ਮੇਰੀਆਂ ਚੰਗੀਆਂ-ਮਾੜੀਆਂ ਕਿੰਨੀਆਂ ਹੀ ਯਾਦਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਪਿਆਰੇ ਰਾਹਾਂ ਵਿਚੋਂ ਇੱਕ ਮਨ ਭਾਉਂਦਾ ਰਾਹ ਪਿੰਡੋਂ ਸੈਦੇਵਾਲਾ ਤੱਕ ਦਾ ਵੀ ਹੈ। ਇੱਕ ਵਾਰ ਮੈਂ ਤੇ ਮੇਰੀ ਪਤਨੀ ਸਵੇਰੇ ਪੰਜ ਵਜੇ ਘਰੋਂ ਸੈਦੇਵਾਲਾ ਲਈ ਨਿੱਕਲੇ। ਵਾਪਸ ਆ ਕੇ ਮੈਂ ਲੁਧਿਆਣੇ ਜਾਣਾ ਸੀ। ਰਸਤੇ ਵਿਚ ਇੱਕ ਪਿੰਡ ਵਿਚ ਮੋਟਰਸਾਇਕਲ ਪੈਂਚਰ ਹੋ ਗਿਆ। ਪਤਨੀ ਨੂੰ ਅੱਡੇ ਵਿਚ ਖੜ੍ਹਾ ਕੇ ਪੈਂਚਰ ਲਵਾਉਣ ਲਈ ਪਿੰਡ ਵਿਚ ਚਲਿਆ ਗਿਆ। ਤਿੰਨ ਪੈਂਚਰ ਵਾਲਿਆਂ ਨੂੰ ਮਿਲਿਆ, ਤਿੰਨੇ ਹੀ ਸਿਰੇ ਦੇ ਅਮਲੀ। ਪਹਿਲੇ ਦੋ ਨੇ ਤਾਂ ਨਸ਼ੇ ਦੀ ਤੋਟ ਕਰ ਕੇ ਪੈਂਚਰ ਲਾਉਣ ਤੋਂ ਜਵਾਬ ਹੀ ਦੇ ਦਿੱਤਾ। ਤੀਸਰੇ ਦੇ ਘਰ ਵਾਲਿਆਂ ਨੂੰ ਮਿੰਨਤਾਂ-ਮੁੰਨਤਾਂ ਕੀਤੀਆਂ ਤਾਂ ਉਨ੍ਹਾਂ ਨੇ ਉਸ ਨੂੰ ਕੰਡੇ ਜਿਹੇ ਵਾਲੀ ਚਾਹ ਬਣਾ ਕੇ ਮਸਾਂ ਸਟਾਰਟ ਕੀਤਾ। ਪੈਂਚਰ ਲਾਉਣ ਤੋਂ ਬਾਅਦ ਖੁੱਲ੍ਹੇ ਪੈਸਿਆਂ ਦਾ ਚੱਕਰ ਪੈ ਗਿਆ। ਇੱਕ ਦੁਕਾਨਦਾਰ ਬੀਬੀ ਕਹੇ ਕਿ ਮੈਂ ਤੋੜ ਦਿੰਦੀ ਹਾਂ ਪਰ ਉਹ ਪੈਂਚਰ ਵਾਲਾ ਉਸ ਨੂੰ ਪੈਸੇ ਨਾ ਫੜਾਵੇ। ਜਦੋਂ ਉਹ ਪਿੰਡ ਵਿਚੋਂ ਕਿਸੇ ਹੋਰ ਕੋਲੋਂ ਖੁੱਲ੍ਹੇ ਪੈਸੇ ਲੈਣ ਗਿਆ ਤਾਂ ਮੈਂ ਪੈਂਚਰ ਲਵਾਉਣ ਆਏ ਉਸੇ ਪਿੰਡ ਦੇ ਬਜ਼ੁਰਗ ਤੋਂ ਇਸ ਦਾ ਕਾਰਨ ਜਾਣਿਆ ਤਾਂ ਉਹ ਹੱਸ ਕੇ ਬੋਲਿਆ, “ਜੇ ਇਹ ਇਸ ਮਾਈ ਤੋਂ ਪੈਸੇ ਖੁੱਲ੍ਹੇ ਲੈਂਦਾ ਤਾਂ ਇਹਨੇ ਪੰਚੀ ਰੁਪਏ ਆਪਣੇ ਕੱਟ ਲੈਣੇ ਸੀ। ਪੱਚੀ ਰੁਪਈਆਂ ਦੀ ਇਹ, ਇਸ ਮਾਈ ਤੋਂ ਭੁੱਕੀ ਲੈ ਕੇ ਖਾ ਗਿਆ ਸੀ।”

ਮੈਂ ਹੱਸ ਕੇ ਕਿਹਾ, “ਬਾਬਾ, ਇਹ ਲੋਕ ਤਾਂ ਆਪ ਈ ਪੈਂਚਰ ਹੋਏ ਫਿਰਦੇ ਨੇ, ਮੇਰਾ ਪੈਂਚਰ ਕਿੱਥੋਂ ਸਹੀ ਸਲਾਮਤ ਲਾ ਦਿੰਦੇ।”

ਕਿਸੇ ਨੇ ਮੈਨੂੰ ਪੁੱਛਿਆ, “ਗੁਰੂ ਘਰ ਤਾਂ ਤੇਰੇ ਪਿੰਡ ਵੀ ਹੈ, ਤੂੰ ਸੈਦੇਵਾਲੇ ਕੀ ਕਰਨ ਜਾਨੈ ਫਿਰ?”

ਮੈਂ ਕਿਹਾ, “ਰਾਹ ਵੇਖਣ।” ਉਹ ਮੇਰੇ ਵੱਲ ਇੰਝ ਹੱਸ ਕੇ ਚਲਾ ਗਿਆ ਜਿਵੇਂ ਮੈਂ ਉਸ ਨੂੰ ਮਜ਼ਾਕ ਕਰ ਦਿੱਤਾ ਹੋਵੇ!

ਮੇਰਾ ਪਿੰਡ ਦੋ ਜ਼ਿਲਿਆਂ ਦੀ ਹੱਦ ਤੇ ਪੈ ਜਾਂਦਾ ਹੈ। ਸੰਗਰੂਰ, ਪਟਿਆਲੇ, ਲੁਧਿਆਣੇ ਵੱਲ ਜਾਵਾਂ ਤਾਂ ਉਹ ਰਾਹ ਮੈਨੂੰ ਕਾਹਲ ਭਰੇ, ਭੱਜ-ਨੱਠ ਕਰਦੇ, ਇੱਕ-ਦੂਜੇ ਦੇ ਠਿੱਬੀ ਲਾ ਕੇ ਅੱਗੇ ਨਿੱਕਲਦੇ ਬੜੇ ਚਲਾਕ ਜਿਹੇ ਜਾਪਦੇ ਹਨ। ਜਦੋਂ ਮਾਨਸਾ, ਬਠਿੰਡੇ ਵੱਲ ਜਾਂਦਾ ਹਾਂ ਤਾਂ ਉਹ ਰਾਹ ਮੈਨੂੰ ਠਰੰਮੇ ਨਾਲ ਭਰੇ, ਸ਼ਾਂਤ, ਸਬਰ-ਸੰਤੋਖ ਵਾਲੇ ਤੇ ਭੋਲ਼ੇ-ਭਾਲ਼ੇ ਜਿਹੇ ਲਗਦੇ ਹਨ। ਕਦੇ ਕਦੇ ਲਗਦਾ ਹੈ, ਜਿਵੇਂ ਇਨ੍ਹਾਂ ਰਾਹਾਂ ਵਿਚ ਮੇਰਾ ਆਪਾ ਵਿਛਿਆ ਪਿਆ ਹੋਵੇ।

ਇਨ੍ਹਾਂ ਰਾਹਾਂ ਨਾਲ ਮੋਹ-ਮੁਹੱਬਤ ਦੀ ਗੱਲ ਹੁਣ ਦੀ ਨਹੀਂ, ਜਦੋਂ ਤੋਂ ਮੈਨੂੰ ਰਾਹਾਂ ਦੀ ਪਛਾਣ ਹੋਣ ਲੱਗੀ ਹੈ, ਉਦੋਂ ਤੋਂ ਹੀ ਹੈ। ਜੇ ਕਦੇ ਮੈਨੂੰ ਕੋਈ ਕਾਹਲ ਭਰੇ ਰਾਹਾਂ ਤੇ ਜਾਣ ਲਈ ਕਹਿ ਦੇਵੇ ਤਾਂ ਮੈਂ ਸੌ ਬਹਾਨੇ ਘੜਦਾ ਹਾਂ, ਜਾਣ ਤੋਂ ਹਰ ਹੀਲੇ ਟਲਦਾ ਹਾਂ ਪਰ ਜੇ ਕੋਈ ਮੈਨੂੰ ਮਾਨਸਾ, ਬਠਿੰਡਾ ਵੱਲ ਜਾਣ ਨੂੰ ਕਹਿ ਦੇਵੇ ਤਾਂ ਮੈਂ ਉਸ ਪਾਸੇ ਇੰਝ ਭਜਦਾ ਹਾਂ ਜਿਵੇਂ ਸੌ ਮੀਟਰ ਰੇਸ ਦੇ ਅਥਲੀਟ ਗੋਲੀ ਚੱਲਣ ਤੇ ਭੱਜ ਪੈਂਦੇ ਹਨ। ਇਸ ਪਾਸੇ ਮੈਨੂੰ ਬੱਸ ਜਾਂ ਕਾਰ ਤੇ ਜਾਣਾ ਚੰਗਾ ਨਹੀਂ ਲੱਗਦਾ। ਬੱਸ ਜਾਂ ਕਾਰ ਤੇ ਜਾਣਾ ਇੰਝ ਲਗਦਾ ਹੈ, ਜਿਵੇਂ ਜਹਾਜ਼ ਤੇ ਜਾ ਰਿਹਾ ਹੋਵਾਂ ਤੇ ਮੈਨੂੰ ਮਿਲਣ ਵਾਲੇ ਦੂਰ ਹੇਠਾਂ ਖੜ੍ਹੇ ਟਾਟਾ ਕਰ ਰਹੇ ਹੋਣ। ਮੋਟਰਸਾਇਕਲ ਤੇ ਜਾਣਾ ਇੰਝ ਲਗਦਾ ਹੈ, ਜਿਵੇਂ ਉਨ੍ਹਾਂ ਰਾਹਾਂ ਨੂੰ ਜੱਫੀਆਂ ਪਾ ਪਾ ਮਿਲ ਲਿਆ ਹੋਵੇ।

ਇਨ੍ਹਾਂ ਰਾਹਾਂ ਤੇ ਜਾਣ ਦੇ ਬਹਾਨੇ ਲੱਭਦਾ ਰਹਿੰਦਾ ਹਾਂ। ਬਹਾਨਾ ਨਾ ਮਿਲੇ ਤਾਂ ਵੀ ਜਾ ਆਉਂਦਾ ਹਾਂ। ਜਾਂਦਾ ਹਾਂ ਤਾਂ ਰਾਹਾਂ ਨੂੰ ਰੱਜ ਰੱਜ ਵੇਖਦਾ ਹਾਂ। ਇਨ੍ਹਾਂ ਦੇ ਦ੍ਰਿਸ਼ ਅੱਖਾਂ ਰਾਹੀਂ ਆਪਣੀ ਰੂਹ ਤੇ ਚਿੱਤਰ ਲੈਂਦਾ ਹਾਂ। ਇਨ੍ਹਾਂ ਰਾਹਾਂ ਤੇ ਜਾਣਾ ਖੂਬਸੂਰਤ ਨਾਵਲ ਪੜ੍ਹਨ ਵਰਗਾ, ਦਾਦੇ ਤੋਂ ਸੁਣੀਆਂ ਕਹਾਣੀਆਂ ਵਰਗਾ ਲਗਦਾ ਹੈ। ਜਦੋਂ ਇੱਧਰੋਂ ਪਰਤਦਾ ਹਾਂ ਤਾਂ ਰੂਹ ਖਿੜੀ ਹੁੰਦੀ ਹੈ, ਮਨ ਛਾਲਾਂ ਮਾਰਦਾ ਹੁੰਦਾ ਹੈ। ਮੋਟਰਸਾਇਕਲ ਤੇ ਦੋ ਸੌ ਕਿਲੋਮੀਟਰ ਤੱਕ ਜਾਣਾ ਇੰਝ ਲਗਦਾ ਹੈ, ਜਿਵੇਂ ਖੇਤ ਗੇੜਾ ਮਾਰਨ ਚੱਲਿਆ ਹੋਵਾਂ। ਸਰਸੇ ਜਾਂ ਬਠਿੰਡੇ ਮੋਟਰਸਾਇਕਲ ਤੇ ਜਾਣਾ ਮੈਨੂੰ ਏਨਾ ਕੁ ਔਖਾ ਤੇ ਖੁਸ਼ੀ ਭਰਿਆ ਲਗਦਾ ਹੈ, ਜਿਵੇਂ ਮੈਂ ਤਾਏ ਕੇ ਘਰ ਵਿਆਹ ਦੀ ਕਹਾੜੀ ਤੇ ਆਉਣ ਦਾ ਸੱਦਾ ਦੇਣ ਗਿਆ ਹੋਵਾਂ।

ਜਿੱਥੇ ਖਿੱਚ ਤੇ ਮੋਹ ਹੋਵੇ, ਉੱਥੇ ਦੂਰੀਆਂ ਇੰਝ ਮਿਟ ਜਾਂਦੀਆਂ ਹਨ ਜਿਵੇਂ ਬੱਚੇ ਨੇ ਗ਼ਲਤ ਅੱਖਰ ਰਬੜ ਨਾਲ ਮੇਟ ਦਿੱਤਾ ਹੋਵੇ। ਇੰਝ ਹੀ ਇਨ੍ਹਾਂ ਰਾਹਾਂ ਤੇ ਜਾਣ ਦੀ ਮੈਨੂੰ ਖਿੱਚ ਰਹਿੰਦੀ ਹੈ; ਦੂਰੀ, ਦੂਰੀ ਨਹੀਂ ਲਗਦੀ।

ਮੈਂ ਦਨਿੇ ਵੀ ਤੇ ਰਾਤ ਨੂੰ ਵੀ ਸੁੰਨੇ ਰਾਹਾਂ ’ਤੇ ਸਫ਼ਰ ਨੂੰ ਤਰਜੀਹ ਦਿੰਦਾ ਹਾਂ। ਘਰ ਦੇ ਵਡੇਰੇ ਨਸੀਹਤਾਂ ਦਿੰਦੇ ਨੇ ਕਿ ‘ਵਗਦੇ ਰਾਹ ਆਇਆ ਕਰ, ਸੁੰਨੇ ਰਾਹਾਂ ‘ਚ ਚੋਰ-ਉਚੱਕੇ ਹੁੰਦੇ।’ ਪਰ ਭਰ ਵਗਦੇ ਰਾਹ ਮੈਨੂੰ ਉਸ ਮਸ਼ਹੂਰ ਬੰਦੇ ਵਰਗੇ ਲਗਦੇ ਹਨ ਜਿਸ ਨੂੰ ਮਿਲਣ ਲਈ ਹਰ ਕੋਈ ਨਿੱਕਲਿਆ ਰਹਿੰਦਾ ਹੈ। ਜਿੱਥੇ ਭੀੜ ਹੋਵੇ, ਉੱਥੇ ਦਿਲ ਦੀ ਗੱਲ ਨਹੀਂ ਕੀਤੀ ਜਾ ਸਕਦੀ। ਸੁੰਨੇ ਰਾਹ ਮੈਨੂੰ ਇਕੱਲਤਾ ਭੋਗਦੇ ਉਸ ਬੰਦੇ ਵਰਗੇ ਜਾਪਦੇ ਹਨ ਜਿਸ ਕੋਲ ਕੋਈ ਨਹੀਂ ਜਾਂਦਾ। ਜਨਿ੍ਹਾਂ ਰਾਹਾਂ ਕੋਲ ਇਕੱਲਤਾ ਹੈ, ਉਨ੍ਹਾਂ ਨਾਲ ਦਿਲ ਦੀ ਗੱਲ ਕੀਤੀ ਤੇ ਸੁਣੀ ਵੀ ਜਾ ਸਕਦੀ ਹੈ। ਜਿੱਥੇ ਦਿਲ ਖੋਲ੍ਹ ਕੇ ਸੁਣੀ ਤੇ ਸੁਣਾਈ ਜਾਵੇ, ਉਨ੍ਹਾਂ ਨਾਲ ਮੇਰੀ ਦੋਸਤੀ ਹੈ। ਜਿੱਥੇ ਦੋਸਤੀ ਹੈ, ਉੱਥੇ ਮੇਰਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਰਾਹਾਂ ਨੂੰ ਮਿਲਦਾ-ਗਿਲਦਾ ਰਹਾਂ। ਬੱਸ! ਇਹੀ ਰਾਜ ਹੈ ਕਿ ਸੁੰਨੇ ਰਾਹਾਂ ਦੀ ਦੋਸਤੀ ਰਾਸ ਆ ਜਾਂਦੀ ਹੈ।

ਸੰਪਰਕ: 94172-41787

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement