ਭਾਰਤ ਤੇ ਬ੍ਰਾਜ਼ੀਲ ਵਿਚਾਲੇ ਸਾਂਝ ਲਗਾਤਾਰ ਮਜ਼ਬੂਤ ਹੋਈ: ਜੈਸ਼ੰਕਰ
ਨਵੀਂ ਦਿੱਲੀ, 27 ਅਗਸਤ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਬ੍ਰਾਜ਼ੀਲ ਦੇ ਵਫ਼ਦ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ ਇੱਥੇ 9ਵੀਂ ਭਾਰਤ-ਬ੍ਰਾਜ਼ੀਲ ਜੁਆਇੰਟ ਕਮਿਸ਼ਨ ਮੀਟਿੰਗ (ਜੇਸੀਐੱਮ) ਦੇ ਉਦਘਾਟਨੀ ਭਾਸ਼ਣ ਦੌਰਾਨ ਵਿਦੇਸ਼ ਮੰਤਰੀ ਨੇ ਲਾਤਿਨੀ ਅਮਰੀਕੀ ਮੁਲਕ ਨੂੰ ਜੀ-20 ਮੀਟਿੰਗ ਦੀ ਸਫ਼ਲ ਮੇਜ਼ਬਾਨੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ, ‘ਮੈਂ ਜੀ-20 ਦੀ ਪ੍ਰਧਾਨਗੀ ਲਈ ਭਾਰਤ ਵੱਲੋਂ ਬ੍ਰਾਜ਼ੀਲ ਦੀ ਪੂਰੀ ਹਮਾਇਤ ਦੁਹਰਾਉਣਾ ਚਾਹਾਂਗਾ ਅਤੇ ਇਹ ਵੀ ਯਾਦ ਕਰਾਵਾਂਗਾ ਕਿ ਸਾਡੀ ਪ੍ਰਧਾਨਗੀ ਦੌਰਾਨ ਸਾਨੂੰ ਤਹਾਡੇ ਵੱਲੋਂ ਪੂਰੀ ਹਮਾਇਤ ਮਿਲੀ ਸੀ। ਅਸੀਂ ਇੱਕ ਨਿਆਂਪੂਰਨ ਦੁਨੀਆ ਤੇ ਸਥਿਰ ਗ੍ਰਹਿ ਦੇ ਨਿਰਮਾਣ ਦੀ ਥੀਮ ’ਤੇ ਕੇਂਦਰਿਤ ਵੱਖ ਵੱਖ ਪਹਿਲਕਦਮੀਆਂ ਦੀ ਸ਼ਲਾਘਾ ਕਰਦੇ ਹਾਂ।’ ਇੱਥੇ 25 ਅਗਸਤ ਨੂੰ ਪੁੱਜੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਉਰੋ ਵੀਏਰਾ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਕਿਹਾ ਕਿ ਰਾਸ਼ਟਰਪਤੀ ਲੁਈਜ਼ ਇਨਾਸੀਓ ਲੁਲਾ ਡਾ ਸਿਲਵਾ ਨਵੰਬਰ ਵਿੱਚ ਰੀਓ ਡਿ ਜਨੇਰੋ ’ਚ ਹੋਣ ਜੀ-20 ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਕੇ ਖੁਸ਼ ਹੋਣਗੇ। ਬ੍ਰਾਜ਼ੀਲ ਇਸ ਸਮੇਂ ਜੀ-20 ਸਮੂਹ ਦਾ ਪ੍ਰਧਾਨ ਹੈ। ਜੀ-20 ਦੀ ਪ੍ਰਧਾਨਗੀ ਪਿਛਲੇ ਸਾਲ ਭਾਰਤ ਨੇ ਬ੍ਰਾਜ਼ੀਲ ਨੂੰ ਸੌਂਪੀ ਸੀ।
ਜੈਸ਼ੰਕਰ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਬ੍ਰਾਜ਼ੀਲਿਆਈ ਹਮਰੁਤਬਾ ਤੇ ਉਨ੍ਹਾਂ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਬਹੁਤ ਉਸਾਰੂ ਜੁਆਇੰਟ ਕਮਿਸ਼ਨ ਦੀ ਮੀਟਿੰਗ ਦੀ ਆਸ ਕਰਦੇ ਹਨ। ਉਨ੍ਹਾਂ ਕਿਹਾ, ‘ਸਾਡੀ ਕੂਟਨੀਤਕ ਭਾਈਵਾਲੀ 2006 ’ਚ ਸ਼ੁਰੂ ਹੋਈ ਸੀ ਅਤੇ ਸਮੇਂ ਦੇ ਨਾਲ ਇਹ ਹੋਰ ਡੂੰਘੀ ਤੇ ਮਜ਼ਬੂਤ ਹੁੰਦੀ ਗਈ। ਇਹ ਹੁਣ ਰੱਖਿਆ, ਪੁਲਾੜ, ਸੁਰੱਖਿਆ, ਕਾਰੋਬਾਰ ਤੇ ਨਿਵੇਸ਼ ਸਮੇਤ ਹੋਰ ਕਈ ਖੇਤਰਾਂ ਤੱਕ ਪਹੁੰਚ ਚੁੱਕੀ ਹੈ।’ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਇੱਕ ਬਹੁਤ ਹੀ ਅਹਿਮ ਊਰਜਾ ਸਹਿਯੋਗ ਵੀ ਹੈ ਅਤੇ ਉਨ੍ਹਾਂ ਖਾਸ ਤੌਰ ’ਤੇ ਭਾਰਤ ਤੇ ਬ੍ਰਾਜ਼ੀਲ ਵੱਲੋਂ ਸਥਾਪਤ ਜੈਵਿਕ ਈਂਧਣ ਦੇ ਸਹਿਯੋਗ ਨੂੰ ਮਹੱਤਵ ਦਿੱਤਾ ਹੈ। -ਪੀਟੀਆਈ