ਕਸ਼ਮੀਰ ਦੇ ਕਈ ਹਿੱਸਿਆਂ ’ਚ ਤਾਜ਼ਾ ਬਰਫ਼ਬਾਰੀ
ਸ੍ਰੀਨਗਰ, 5 ਜਨਵਰੀ
ਸ੍ਰੀਨਗਰ ਸਮੇਤ ਕਸ਼ਮੀਰ ਦੀਆਂ ਕਈ ਥਾਵਾਂ ’ਤੇ ਅੱਜ ਤਾਜ਼ਾ ਬਰਫਬਾਰੀ ਹੋਈ ਅਤੇ ਘਾਟੀ ਵਿੱਚ ਰਾਤ ਦੇ ਪਾਰੇ ’ਚ ਕਮੀ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਸ੍ਰੀਨਗਰ ਸ਼ਹਿਰ ਤੋਂ ਇਲਾਵਾ ਬਾਂਦੀਪੋਰਾ, ਬਾਰਾਮੁੱਲਾ, ਕੁਪਵਾੜਾ, ਬਡਗਾਮ ਤੇ ਗਾਂਦਰਬਲ ਜ਼ਿਲ੍ਹਿਆਂ ਦੀਆਂ ਕਈ ਥਾਵਾਂ ’ਤੇ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ 8.1 ਡਿਗਰੀ ਤਾਪਮਾਨ ਨਾਲ ਦੱਖਣੀ ਕਸ਼ਮੀਰ ਦਾ ਕੋਕਰਨਾਗ ਸ਼ਹਿਰ ਸਭ ਤੋਂ ਠੰਢਾ ਇਲਾਕਾ ਰਿਹਾ। ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਮਨਫੀ 2.5, ਗੁਲਮਰਗ ’ਚ ਮਨਫੀ 4, ਪਹਿਲਗਾਮ ’ਚ ਮਨਫੀ 3.2, ਕਾਜ਼ੀਗੁੰਡ ’ਚ ਮਨਫੀ 3.6 ਅਤੇ ਕੁਪਵਾੜਾ ’ਚ ਘੱਟੋ ਘੱਟ ਤਾਪਮਾਨ ਮਨਫੀ 2.8 ਡਿਗਰੀ ਰਿਹਾ। ਜੰਮੂ ’ਚ ਅੱਜ ਘੱਟੋ ਘੱਟ ਤਾਪਮਾਨ 1.5 ਡਿਗਰੀ ਦਰਜ ਕੀਤਾ ਗਿਆ। -ਪੀਟੀਆਈ
ਸੰਘਣੀ ਧੁੰਦ ਕਾਰਨ ਸੌ ਤੋਂ ਵੱਧ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ: ਖਰਾਬ ਮੌਸਮ ਕਾਰਨ ਅੱਜ ਦਿੱਲੀ ਤੇ ਸ੍ਰੀਨਗਰ ਕੌਮਾਂਤਰੀ ਹਵਾਈ ਅੱਡਿਆਂ ਤੋਂ ਸੌ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕੋਈ ਵੀ ਉਡਾਣ ਨਾ ਤਾਂ ਰੱਦ ਕੀਤੀ ਗਈ ਹੈ ਅਤੇ ਨਾ ਹੀ ਮਾਰਗ ਤਬਦੀਲ ਕੀਤਾ ਗਿਆ ਹੈ। ਸੰਘਣੀ ਧੁੰਦ ਕਾਰਨ ਉਡਾਣਾਂ ਦਾ ਸੰਚਾਲਨ ਦੇਰੀ ਨਾਲ ਹੋ ਰਿਹਾ ਹੈ। ਇਸੇ ਤਰ੍ਹਾਂ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ ਅੱਜ 10 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਹਵਾਈ ਅੱਡੇ ’ਤੇ ਸਵੇਰ ਸਮੇਂ ਦਿਸਣ ਹੱਦ 50 ਮੀਟਰ ਸੀ। -ਪੀਟੀਆਈ