ਨਵੀਂ ਦਿੱਲੀ, 7 ਜਨਵਰੀਕੇਂਦਰ ਸਰਕਾਰ ਨੇ ਰਾਜਾਂ ਨੂੰ ਆਈਐੱਲਆਈ ਤੇ ਐੱਸਏਆਰਆਈ ਸਣੇ ਸਾਹ ਨਾਲ ਜੁੜੀਆਂ ਬਿਮਾਰੀਆਂ ਬਾਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਰਾਜਾਂ ਨੂੰ ਕਿਹਾ ਕਿ ਉਹ ਹਵਾ ਰਾਹੀਂ ਫੈਲਦੇ ਮਨੁੱਖੀ ਮੈਟਾਨਿਊਮੋਵਾਇਰਸ (ਐੱਚਐੱਮਪੀਵੀ) ਦੀ ਟਰਾਂਸਮਿਸ਼ਨ (ਫੈਲਾਅ) ਨੂੰ ਰੋਕਣ ਲਈ ਲੋਕਾਂ ਨੂੰ ਵਧੇਰੇ ਜਾਗਰੂਕ ਕਰਨ। ਭਾਰਤ ਵਿਚ ਇਸ ਵਾਇਰਸ ਦੀ ਲਾਗ ਦੇ ਪੰਜ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਨਾਗਪੁਰ ਵਿਚ ਵਾਇਰਸ ਦੇ ਦੋ ਸ਼ੱਕੀ ਕੇਸ ਰਿਪੋਰਟ ਹੋਏ ਹਨ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਬੰਧਤ ਮਰੀਜ਼ਾਂ ਨੂੰ ਉਪਚਾਰ ਮਗਰੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਨਮੂਨੇ ਜਾਂਚ ਲਈ ਏਮਸ ਨਾਗਪੁਰ ਤੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵੀਰੋਲੌਜੀ ਵਿਚ ਭੇਜੇ ਗਏ ਹਨ।ਭਾਰਤ ਵਿਚ ਸੋਮਵਾਰ ਨੂੰ ਐੱਚਐੱਮਪੀਵੀ ਦੇ ਪਹਿਲੇ ਕੇਸ ਰਿਪੋਰਟ ਹੋਏ ਸਨ ਜਦੋਂ ਕਰਨਾਟਕ, ਤਾਮਿਲ ਨਾਡੂ ਤੇ ਗੁਜਰਾਤ ਵਿਚ ਪੰਜ ਬੱਚੇ ਇਸ ਵਾਇਰਸ ਲਈ ਪਾਜ਼ੇਟਿਵ ਨਿਕਲੇ ਸਨ। ਕੇਂਦਰੀ ਗ੍ਰਹਿ ਮੰਤਰੀ ਜੇਪੀ ਨੱਢਾ ਨੇ ਲੰਘੇ ਦਿਨ ਕਿਹਾ ਸੀ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਕੇਂਦਰੀ ਗ੍ਰਹਿ ਸਕੱਤਰ ਪੁਨਿਆ ਸਲੀਲਾ ਸ੍ਰੀਵਾਸਤਵਾ ਨੇ ਸੋਮਵਾਰ ਨੂੰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਰਚੁਅਲ ਬੈਠਕ ਕਰਕੇ ਉਨ੍ਹਾਂ ਨੂੰ ਸਾਹ ਨਾਲ ਜੁੜੀਆਂ ਬਿਮਾਰੀਆਂ ਤੇ ਐੱਚਐੱਮਪੀਵੀ ਕੇਸਾਂ ’ਤੇ ਨਜ਼ਰ ਰੱਖਣ ਤੇ ਲੋੜੀਂਦੇ ਸਿਹਤ ਉਪਰਾਲੇ ਕਰਨ ਲਈ ਕਿਹਾ ਸੀ। ਇਹ ਬੈਠਕ ਅਜਿਹੇ ਮੌਕੇ ਹੋਈ ਸੀ ਜਦੋਂਕਿ ਚੀਨ ਵਿਚ ਐੱਚਐੱਮਪੀਵੀ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੀਆਂ ਰਿਪੋਰਟਾਂ ਹਨ। -ਪੀਟੀਆਈ