ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਕੀ ਪਕਾਈ ਤਾਜ਼ਾ ਰੋਟੀ

07:54 AM Jan 05, 2024 IST

ਗੁਰਦੀਪ ਢੁੱਡੀ

ਇਹ ਸ਼ਾਇਦ ਮਨੁੱਖ ਦੁਆਰਾ ਕੀਤੇ ਵਿਕਾਸ ਦੀ ਗਤੀ ਦਾ ਅਸਰ ਹੈ ਕਿ ਜਿਸ ਤਬਦੀਲੀ ਬਾਰੇ ਅਸੀਂ ਇੰਨਾ ਸੋਚਿਆ ਨਾ ਹੋਵੇ ਜਾਂ ਫਿਰ ਜੋ ਕੁਝ ਸਾਨੂੰ ਆਚੰਭਤ ਕਰਦਾ ਰਿਹਾ ਹੋਵੇ, ਉਹ ਕੁਝ ਸਾਨੂੰ ਆਪਣੀ ਹੀ ਉਮਰ ਵਿਚ ਦੇਖਣ/ਸੁਣਨ/ਵਰਤਣ ਨੂੰ ਮਿਲ ਜਾਵੇ ਤਾਂ ਫਿਰ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਹਨ। ਇਹ ਸ਼ੰਕੇ ਆਪਣੇ ਆਪ ’ਤੇ ਵੀ ਹੋ ਸਕਦੇ ਹਨ, ਹੋਰਨਾਂ ’ਤੇ ਵੀ ਅਤੇ ਵਿਕਾਸ ਦੇ ਭਰਮ-ਭੁਲੇਖੇ ਵੀ ਬਣ ਸਕਦੇ ਹਨ। ਇਨ੍ਹਾਂ ਸ਼ੰਕਿਆਂ ਦੀ ਨਵਿਰਤੀ ਦੀ ਥਾਂ ਅਸੀਂ ਇਨ੍ਹਾਂ ਨੂੰ ਠੀਕ ਹੀ ਮੰਨਦੇ ਹਾਂ, ਝੂਰਦੇ ਵੀ ਹਾਂ। ਬਹੁਤ ਘੱਟ ਮਨੁੱਖ ਇਸ ਤਰ੍ਹਾਂ ਦੇ
ਮਿਲਣਗੇ ਜਿਹੜੇ ‘ਆਪਨੜੇ ਗਿਰੀਵਾਨ’ ਵੱਲ ਦੇਖਦੇ ਹੋਏ ਹਕੀਕਤ ਵੱਲ ਜਾਣਗੇ। ਅਸੀਂ ਆਪਣੇ ਆਪ ਨੂੰ ਠੀਕ ਮੰਨਣ ਜਾਂ ਫਿਰ ਅਖਵਾਉਣ ਲਈ ਇਸ ਤਰ੍ਹਾਂ ਦੀਆਂ ਤਬਦੀਲੀਆਂ ਵਿਚ ਨੁਕਸ ਕੱਢਣ ਲਈ ਵਿਰਲਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਉਵੇਂ ਹੀ, ਜਿਵੇਂ ਮਨੁੱਖੀ ਸੁਭਾਅ ਵਿਚ ਇਹ ਤੱਥ ਪਏ ਹਨ ਕਿ ਆਪਣੇ ਆਪ ਨੂੰ ਠੀਕ ਦਰਸਾਉਣ ਲਈ ਚੰਗੇ ਜਾਂ ਫਿਰ ਮਾੜੇ ਵਿਚ ਵੱਧ ਤੋਂ ਵੱਧ ਗੁਣ/ਨੁਕਸ ਦਰਸਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ। ਬਹੁਤ ਸਾਰੇ ਬੰਦੇ ਤਾਂ ਵਰਤਮਾਨ ਨਾਲ ਇਕਸੁਰ ਹੋਣ ਦੀ ਥਾਂ ਬੜਾ ਕੁਝ ਉਲਟ ਪੁਲਟ ਸਿਰਜ ਲੈਂਦੇ ਹਨ।
ਗੱਲ ਅੱਧੀ ਸਦੀ ਪਹਿਲਾਂ ਦੀ ਹੈ। ਸੱਤਵੀਂ ਜਾਂ ਫਿਰ ਅੱਠਵੀਂ ਜਮਾਤ ਵਿਚ ਪੜ੍ਹਦਾ ਹੋਵਾਂਗਾ। ਪਿੰਡ ਵਿਚ ਅਜੇ ਬਿਜਲੀ ਨਹੀਂ ਆਈ ਸੀ ਅਤੇ ਬਿਜਲੀ ਨਾਲ ਚੱਲਣ ਵਾਲੇ ਜੰਤਰ ਵੀ ਨਹੀਂ ਦੇਖੇ ਸਨ। ਉਂਝ, ਉਦੋਂ ਕੁਝ ਘਰਾਂ ਵਿਚ ਰੇਡੀਓ ਆ ਗਿਆ ਸੀ। ਜਿਨ੍ਹਾਂ ਮੁੰਡਿਆਂ-ਖੁੰਡਿਆਂ ਨੇ ਰੇਡੀਓ ਲਿਆਂਦੇ ਸਨ, ਉਹ ਆਨ੍ਹੀ-ਬਹਾਨੀ ਇਸ ਦਾ ਦਿਖਾਵਾ ਕਰਨ ਦੀ ਵੀ ਕੋਸ਼ਿਸ਼ ਕਰਦੇ ਸਨ। ਘਰਾਂ ਦੀਆਂ ਕੰਧੋਲ਼ੀਆਂ ’ਤੇ ਜਾਂ ਫਿਰ ਕੋਠਿਆਂ ’ਤੇ ਚੜ੍ਹ ਕੇ ਉੱਚੀ ਆਵਾਜ਼ ਵਿਚ ਰੇਡੀਓ ਉਹ ਅਕਸਰ ਹੀ ਸੁਣਿਆ ਕਰਦੇ ਸਨ। ਜਿਵੇਂ ਅੱਜ ਟੈਲੀਵਿਜ਼ਨ ਦੇਖਦੇ ਹੋਏ ਜਾਂ ਫਿਰ ਮੋਬਾਈਲ ਫੋਨ ’ਤੇ ਗੱਲਬਾਤ ਕਰਦੇ ਜਾਂ ਫਿਰ ਵਟਸਐਪ, ਫੇਸਬੁੱਕ, ਇੰਸਟਾਗਰਾਮ ’ਤੇ ਚੈਟਿੰਗ ਕਰਦੇ ਸਮੇਂ ਇਹ ਜੰਤਰ ਦੇਖਣ ਵਾਲੇ ਵਾਸਤੇ ਸਮਾਂ ਅਤੇ ਬਹੁਤ ਹੀ ਜ਼ਰੂਰੀ ਕੰਮ ਕਿਧਰੇ ਗੁਆਚ ਜਾਂਦਾ ਹੈ, ਇਸ ਦੇ ਉਲਟ ਰੇਡੀਓ ਦੀ ਸਿਫ਼ਤ ਸੀ (ਹੈ ਵੀ) ਕਿ ਇਹ ਸੁਣਦੇ ਸਮੇਂ ਕੰਮ ਛੁੱਟਦਾ ਨਹੀਂ। ਇਸ ਦੇ ਸੁਣਨ ਵਿਚ ਮਨੋਰੰਜਨ ਵੀ ਹੁੰਦਾ ਸੀ/ਹੈ, ਗਿਆਨ ਵੀ ਹਾਸਲ ਹੁੰਦਾ ਸੀ/ਹੈ ਅਤੇ ਸਾਡੇ ਕੰਮ ਤੇ ਵੀ ਕੋਈ ਖਾਸ ਅਸਰ ਨਹੀਂ ਹੁੰਦਾ ਸੀ/ਹੈ। ਸਾਡੀ ਪੀੜ੍ਹੀ ਵਾਸਤੇ ਇਹ ਚੰਗਾ ਹੋਣ ਕਰ ਕੇ ਅਸੀਂ ਅਜਿਹੇ ਜੰਤਰਾਂ/ਕੰਮਾਂ ਦੀ ਅੱਜ ਵੀ ਸਿਫ਼ਤ ਕਰਦੇ ਹਾਂ; ਵਰਤਮਾਨ ਦੀ ਅਸੀਂ ਨੁਕਤਾਚੀਨੀ ਕਰਦੇ ਥੱਕਦੇ ਹੀ ਨਹੀਂ। ਸੇਵਾਮੁਕਤੀ ਤੋਂ ਪਹਿਲਾਂ ਸਕੂਲ ਵਿਚ ਆਪਣੇ ਅਧਿਆਪਕ ਸਾਥੀਆਂ ਨਾਲ ਅਣਬਣ ਹੋਈ ਰਹਿੰਦੀ ਸੀ; ਅਧਿਆਪਕਾਂ ਦੁਆਰਾ ਲੱਗੇ ਹੋਏ ਪੀਰੀਅਡ ਵਿਚ ਮੋਬਾਈਲ ਫੋਨ ਦੀ ਵਰਤੋਂ ਮੈਨੂੰ ਚੁਭਣ ਕਰ ਕੇ ਮੈਂ ਉਨ੍ਹਾਂ ਨੂੰ ਟੋਕ ਦਿੰਦਾ ਸਾਂ। ਕਰੋਨਾ ਕਾਲ ਵਿਚ ਇਸੇ ਮੋਬਾਈਲ ਦੀ ਖੁੱਲ੍ਹ ਕੇ ਵਰਤੋਂ ਹੋਈ ਸੀ। ਇਹ ਵੱਖਰੀ ਗੱਲ ਹੈ ਕਿ ਅੱਜ ਯੂਨੈਸਕੋ ਨੇ ਸਕੂਲੀ ਵਿਦਿਆਰਥੀਆਂ ਦੇ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਦੀ ਗੱਲ ਕੀਤੀ ਹੈ।
ਜਿਹੜੇ ਰੇਡੀਓ ਦੇ ਸੁਣਨ ਦੀ ਗੱਲ ਚੱਲਦੀ ਸੀ, ਉਸ ਰੇਡੀਓ ’ਤੇ ਦੋ ਤਿੰਨ ਸਟੇਸ਼ਨ ਸਾਨੂੰ ਸੁਣਨ ਨੂੰ ਮਿਲਦੇ ਸਨ। ਸਭ ਤੋਂ ਵੱਧ ਲਾਹੌਰ ਸਟੇਸ਼ਨ ਚੱਲਦਾ ਸੀ ਅਤੇ ਇਸ ’ਤੇ ਵੱਜਣ ਵਾਲੇ ਗੀਤ ਵੀ ਬਹੁਤ ਜਿ਼ਆਦਾ ਸੁਣੀਂਦੇ ਸਨ। ਇਸ ਸਟੇਸ਼ਨ ’ਤੇ ਉਦੋਂ ‘ਪੱਕੀ ਪਕਾਈ ਤਾਜ਼ਾ ਰੋਟੀ’ ਦੀ ਮਸ਼ਹੂਰੀ ਆਉਂਦੀ ਸੀ ਜਿਸ ਵਿਚ ਇਸ ਦੇ ਮਿਲਣ ਦੇ ਸਥਾਨ ਬਾਰੇ ਵੀ ਜ਼ਿਕਰ ਹੁੰਦਾ ਸੀ। ‘ਭਲਾ ਕਿਸੇ ਇਕ ਥਾਂ ਤੋਂ ਚੱਲ ਕੇ ਦੂਸਰੇ ਥਾਂ ’ਤੇ ਆਉਣ ਵਾਲੀ ਪੱਕੀ ਪਕਾਈ ਰੋਟੀ ਤਾਜ਼ਾ ਕਿਵੇਂ ਮਿਲ ਸਕਦੀ ਹੈ!’... ਮੇਰੇ ਮਨ ਅੰਦਰਲਾ ਹੈਰਾਨ ਕਰਨ ਵਾਲਾ ਇਹ ਸਵਾਲ ਅਜੇ ਤੱਕ ਬਰਕਰਾਰ ਹੈ। ਇਸੇ ਕਰ ਕੇ ਤਾਂ ਘਰ ਵਿਚ ਆਪਣੇ ਹੀ ‘ਜੁਆਕਾਂ’ ਨਾਲ ਮੈਂ ਇਕਸੁਰ ਨਹੀਂ ਹੋ ਸਕਿਆ ਹਾਂ।
ਵਰਤਮਾਨ ਸਮੇਂ ਦੇ ਰੁਝਾਨ ਵਾਂਗ ਮੇਰੇ ਘਰ ਵਿਚ ਬੜਾ ਕੁਝ ਨਵਾਂ ਹੁੰਦਾ ਹੈ ਜਿਸ ਦੀ ਨੁਕਤਾਚੀਨੀ ਕਰਦਾ ਹੋਇਆ ਮੈਂ ਉਸੇ ਤਰ੍ਹਾਂ ਕਰਨ ਲਈ ਮਜਬੂਰ ਹੁੰਦਾ ਹਾਂ ਜਿਸ ਤਰ੍ਹਾਂ ਬੱਚੇ ਚਾਹੁੰਦੇ ਹਨ। ਅੱਜ ਬਾਹਰ ਲੰਚ ਕਰਾਂਗੇ, ਅੱਜ ਰਾਤ ਨੂੰ ਡਿਨਰ ’ਤੇ ਜਾਣਾ ਹੈ ਇਤਿਆਦਿ, ਅਕਸਰ ਹੀ ਘਰ ਵਿਚ ਸੁਣਦਿਆਂ ਮੈਂ ‘ਚੋਰੀ ਛਿਪੇ’ ਆਪਣੀ ਪਤਨੀ ਨਾਲ ਗੱਲ ਕਰਦਾ ਹਾਂ, “ਭਾਗਵਾਨੇ, ਤੂੰ ਭਾਵੇਂ ਘਰੇ ਕਣਕ ਧੋ ਕੇ ਮੈਨੂੰ ਚੱਕੀ ’ਤੇ ਭੇਜ ਦਿੰਦੀ ਹੈਂ, ਸਾਗ ਸਬਜ਼ੀ ਆਪਾਂ ਘਰੇ ਬਣਾ ਲੈਂਦੇ ਹਾਂ ਪਰ ਇਹ ਗੱਲ ਮੈਂ ਯਕੀਨ ਨਾਲ ਆਖਦਾ ਹਾਂ ਕਿ ਇਹ ਸਾਰੇ ‘ਯੱਭ’ ਸਾਡੇ ਨਾਲ ਹੀ ਸਮਾਪਤ ਹੋ ਜਾਣਗੇ। ਸਾਡੇ ਇਕ ਜਣੇ ਦੇ ਤੁਰ ਜਾਣ ਤੋਂ ਬਾਅਦ ਦੂਸਰਾ ਤਾਂ ਆਪਣੇ ਅੱਖੀਂ ਦੇਖ ਲਵੇਗਾ। ਆਟਾ, ਚੱਕੀ ’ਤੇ ਦਾਣੇ ਪਿਸਵਾ ਕੇ ਲਿਆਉਣ ਦੀ ਥਾਂ ਥੈਲੀਆਂ ਵਿਚ ਆਇਆ ਕਰੇਗਾ।”
“ਨਹੀਂ ਨਹੀਂ, ਇੱਥੇ ਵੀ ਤੁਸੀਂ ਬਹੁਤ ਪਿੱਛੇ ਹੋ, ਥੈਲੀਆਂ ਵਾਲੇ ਆਟੇ ਦੀ ਥਾਂ ਪੱਕੀ ਪਕਾਈ ਤਾਜ਼ਾ ਰੋਟੀ ਆਇਆ ਕਰੇਗੀ।... ਅਵਲ ਤਾਂ ਰੋਟੀ ਦੀ ਥਾਂ ਪੀਜ਼ਾ, ਬਰਗਰ, ਪਾਸਤਾ, ਓਟਸ ਆਇਆ ਕਰਨਗੇ।” ਪਤਨੀ ਮੈਥੋਂ ਵੀ ਅਗੇਰੇ ਦੀ ਸੋਚ ਰਹੀ ਹੈ।
ਇਸੇ ਕਰ ਕੇ ਤਾਂ ਅੱਜ ਤੋਂ ਅੱਧੀ ਸਦੀ ਪਹਿਲਾਂ ਦੀ ਰੇਡੀਓ ’ਤੇ ਸੁਣੀ ਹੋਈ ਇਸ਼ਤਿਹਾਰ ਵਾਲੀ ‘ਪੱਕੀ ਪਕਾਈ ਤਾਜ਼ਾ ਰੋਟੀ’ ਵਾਲੀ ਗੱਲ ਪਿੱਛੇ ਹੁਣ ਮੈਨੂੰ ਵਿਸਮਕ ਚਿੰਨ੍ਹ ਲਾਉਣ ਦੀ ਜ਼ਰੂਰਤ ਨਹੀਂ।

Advertisement

ਸੰਪਰਕ: 95010-20731

Advertisement
Advertisement
Advertisement