ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਰਾਂਸੀਸੀ ਮੰਜੀਆਂ

08:01 AM Oct 09, 2024 IST

ਰਣਜੀਤ ਲਹਿਰਾ

ਫਰਾਂਸੀਸੀ ਮੰਜੀਆਂ ’ਤੇ ਸੌਣ ਨੂੂੰ ਲੈ ਕੇ ਪਏ ਰੱਫੜ ਵਾਲੀ ਘਟਨਾ ਜਿੰਨੀ ਅਲੋਕਾਰੀ ਹੈ, ਓਨੀ ਹੀ ਦਿਲਚਸਪ ਤੇ ਸੱਚੀ ਹੈ। ਹੋਰ ਵੀ ਰੋਮਾਂਚਿਕ ਗੱਲ, ਫਰਾਂਸ ਦੀ ਧਰਤੀ ’ਤੇ ਇਹ ਰੱਫੜ ਪਿਆ ਵੀ ਭਾਰਤੀ ਕਿਸਾਨਾਂ ਦੇ ਦਲ ਵਿੱਚ ਸੀ। ਦੇਖਦੇ-ਦੇਖਦੇ ਇਹ ਰੱਫੜ ਇੰਨੇ ਤਿੱਖੇ ਤਕਰਾਰ ਤੇ ਰੌਲੇ-ਰੱਪੇ ਵਿੱਚ ਬਦਲ ਗਿਆ ਕਿ ਕਿਸੇ ਨੂੰ ਕੰਨ ਪਾਈ ਨਾ ਸੁਣੇ! ਮੰਜੀਆਂ ਥੋੜ੍ਹੀਆਂ ਤੇ ਕਿਸਾਨ ਬਹੁਤੇ ਸਨ; ਜਿਨ੍ਹਾਂ ਨੇ ਮੱਲ ਲਈਆਂ, ਉਹ ਛੱਡਣ ਨਾ ਤੇ ਜਿਹੜੇ ਰਹਿ ਗਏ, ਉਹ ਟਿਕਣ ਨਾ। ਉਹ ਇੱਕ-ਦੂਜੇ ਨੂੰ ਇਉਂ ਝਈਆਂ ਲੈ-ਲੈ ਪੈ ਰਹੇ ਸਨ ਜਿਵੇਂ ਵਾਹਗਾ ਬਾਰਡਰ ’ਤੇ ਰੀਟ੍ਰੀਟ ਸੈਰੇਮਨੀ ਸਮੇਂ ਭਾਰਤੀ ਤੇ ਪਾਕਿਸਤਾਨੀ ਫੌਜੀ ਇੱਕ-ਦੂਜੇ ਨੂੰ ਪੈਂਦੇ ਹਨ। ਜਿਹੜੇ ਸਿਆਣੇ ਸੱਜਣ ਟਿਕ-ਟਿਕਾਅ ਦੀ ਗੱਲ ਕਰਨ, ਉਨ੍ਹਾਂ ਦੀ ਕੋਈ ਸੁਣੇ ਨਾ। ਇਸ ਅਣਕਿਆਸੇ ਵਿਹਾਰ ਨੂੰ ਦੇਖ ਕੇ ਯੂਰੋਪੀਅਨ ਮੇਜ਼ਬਾਨ ਦੰਗ ਰਹਿ ਗਏ। ਉਨ੍ਹਾਂ ਨੇ ਵੀ ਭਾਰਤੀ ਕਿਸਾਨਾਂ ਨੂੰ ਟਿਕਾਉਣ ਤੇ ਚੁੱਪ ਕਰਾਉਣ ਦੀ ਵਾਹ ਲਾਈ ਪਰ ਨਾ ਉਨ੍ਹਾਂ ਦੀ ਭਾਸ਼ਾ ਕਿਸੇ ਦੇ ਪਿੜ-ਪੱਲੇ ਪੈ ਰਹੀ ਸੀ ਅਤੇ ਨਾ ਹੀ ਯੂਰੋਪੀਅਨ ਮੇਜ਼ਬਾਨਾਂ ਨੂੰ ਭਾਰਤੀ ਕਿਸਾਨਾਂ ਦੀ ਕਹੀ ਕੋਈ ਗੱਲ ਸਮਝ ਆ ਰਹੀ ਸੀ। ਇਹ ਰੰਗ ਤਮਾਸ਼ਾ ਦੇਖ ਕੇ ਮੇਜ਼ਬਾਨਾਂ ਕੋਲ ਮੱਥਾ ਫੜ ਕੇ ਬੈਠਣ ਤੋਂ ਬਿਨਾਂ ਕੋਈ ਰਾਹ ਨਹੀਂ ਸੀ।
ਇਹ ਘਟਨਾ ਪੱਚੀ ਸਾਲ ਪਹਿਲਾਂ 26 ਮਈ 1999 ਵਾਲੀ ਰਾਤ ਨੂੰ ਫਰਾਂਸ ਦੇ ਛੋਟੇ ਜਿਹੇ ਸ਼ਹਿਰ ਮਾਵੇਜ਼ ਵਿੱਚ ਵਾਪਰੀ। ਉਸ ਦਿਨ ਉੱਥੇ ‘ਪੀਪਲਜ਼ ਗਲੋਬਲ ਐਕਸ਼ਨ ਅਗੇਂਸਟ ਡਬਲਿਊਟੀਓ ਐਂਡ ਫਰੀ ਟਰੇਡ’ ਦੇ ਚਲਾਏ ‘ਅੰਤਰ-ਮਹਾਂਦੀਪੀ ਕਾਰਵਾਂ-1999’ ਵਿੱਚ ਸ਼ਾਮਿਲ ਕਿਸਾਨਾਂ ਦੇ ਦਲ ਦਾ ਉਤਾਰਾ ਸੀ। ਇਹ ਕਾਰਵਾਂ 19 ਜੂਨ 1999 ਨੂੰ ਜਰਮਨੀ ਦੇ ਸ਼ਹਿਰ ਕੌਲਨ ਵਿੱਚ ਸਾਮਰਾਜਵਾਦੀ ਦੇਸ਼ਾਂ ਦੇ ਗਰੁੱਪ ਜੀ-8 ਦੀ ਸਿਖਰ ਵਾਰਤਾ ਤੋਂ ਪਹਿਲਾਂ ਇਸ ਸਿਖਰ ਵਾਰਤਾ ਦੇ ਵਿਰੋਧ ਦਾ ਹੋਕਾ 25 ਯੂਰੋਪੀਅਨ ਦੇਸ਼ਾਂ ਵਿੱਚ ਘੁੰਮ-ਘੁੰਮ ਕੇ ਦੇ ਰਿਹਾ ਸੀ।
ਇਸ ਕਾਰਵਾਂ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਦੱਖਣੀ ਅਫਰੀਕਾ, ਬ੍ਰਾਜ਼ੀਲ, ਚਿਲੀ, ਅਰਜਨਟੀਨਾ, ਕੋਸਟਾ ਰੀਕਾ, ਮੈਕਸਿਕੋ, ਕੈਨੇਡਾ ਤੇ ਹੋਰ ਯੂਰੋਪੀਅਨ ਦੇਸ਼ਾਂ ਦੇ ਕਿਸਾਨ ਤੇ ਸੰਘਰਸ਼ਸ਼ੀਲ ਲੋਕ ਸ਼ਾਮਿਲ ਸਨ। ਭਾਰਤ ਦੇ ਕਰਨਾਟਕ, ਯੂਪੀ, ਰਾਜਸਥਾਨ, ਮੱਧ ਪ੍ਰਦੇਸ, ਮਹਾਰਾਸ਼ਟਰ, ਤਾਮਿਲਨਾਡੂ, ਹਰਿਆਣਾ, ਪੰਜਾਬ ਦੇ ਕਿਸਾਨ ਸ਼ਾਮਿਲ ਸਨ। ਸਭ ਤੋਂ ਵੱਧ ਮੈਂਬਰ ਕਰਨਾਟਕ ਦੇ ਆਗੂ ਐੱਮਡੀ ਨੰਜੁੰਡਾਸਵਾਮੀ ਦੀ ਰਾਜਯ ਰਾਯਤਾ ਸੰਘਮ ਦੇ ਸਨ। ਪੰਜਾਬ ਵਿੱਚੋਂ ਅਜਮੇਰ ਸਿੰਘ ਲੱਖੋਵਾਲ ਅਤੇ ਮਨਜੀਤ ਸਿੰਘ ਕਾਦੀਆਂ ਦੀਆਂ ਯੂਨੀਅਨਾਂ ਦੇ 18 ਕਿਸਾਨਾਂ ਤੋਂ ਇਲਾਵਾ ਤਿੰਨ ਮੈਂਬਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਵੀ ਸ਼ਾਮਿਲ ਸਨ। ਮਹਿੰਦਰ ਟਿਕੈਤ ਤੇ ਰਾਕੇਸ਼ ਟਿਕੈਤ ਖੁਦ ਵੀ ਕਾਰਵਾਂ ਵਿੱਚ ਸ਼ਾਮਿਲ ਸਨ।
ਇਹ ਕਾਰਵਾਂ ਪੂਰਬੀ ਜਰਮਨੀ ਦੇ ਪਿੰਡ ਸਾਲਜਵੇਡਲ ਵਿੱਚ ਜੁੜਿਆ ਤੇ ਉੱਥੋਂ 11 ਬੱਸਾਂ ਵਿੱਚ ਸਵਾਰ ਹੋ ਕੇ ਮਹੀਨੇ ਭਰ ਲਈ ਯੂਰੋਪ ਦੇ 25 ਦੇਸ਼ਾਂ ਵਿੱਚ ਰੈਲੀਆਂ, ਮੀਟਿੰਗਾਂ, ਸੈਮੀਨਾਰ ਵਗੈਰਾ ਰਾਹੀਂ ਵਿਰੋਧ ਪ੍ਰਗਟਾਉਣ ਲਈ ਵੱਖ-ਵੱਖ ਥਾਵਾਂ ਨੂੰ ਚੱਲ ਪਿਆ। ਇਸ ਸਾਰੇ ਕਾਰਵਾਂ ਦੀ ਯੋਜਨਾ, ਖਰਚ ਤੇ ਇੰਤਜ਼ਾਮ ਯੂਰੋਪੀਅਨ ਮੇਜ਼ਬਾਨ ਜਥੇਬੰਦੀਆਂ ਜੀ-ਜਾਨ ਨਾਲ ਕਰ ਰਹੀਆਂ ਸਨ। ਹਰ ਬੱਸ ਨਾਲ ਦੋ-ਦੋ ਕੋਆਰਡੀਨੇਟਰ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਸਾਰੇ ਦਿਨਾਂ ਦੇ ਪ੍ਰੋਗਰਾਮਾਂ ਤੇ ਰੂਟਾਂ ਦੀਆਂ ਲਿਸਟਾਂ ਸਨ। ਉਹ ਆਪਣੇ ਮਹਿਮਾਨਾਂ ਦੀ ਨਿੱਕੀ-ਨਿੱਕੀ ਤਕਲੀਫ਼ ਨੂੰ ਵੀ ਆਪਣੀ ਤਕਲੀਫ਼ ਸਮਝਦੇ ਸਨ।
ਉਸ ਦਿਨ ਮਾਵੇਜ਼ ਵਿੱਚ ਚਾਰ ਬੱਸਾਂ ਨੇ ਇੱਕਠੇ ਹੋਣਾ ਸੀ। ਮੇਜ਼ਬਾਨਾਂ ਨੇ ਜਿਮਨੇਜੀਅਮ ਵਿੱਚ ਸਾਰਿਆਂ ਦੇ ਰਹਿਣ ਤੇ ਖਾਣ-ਪੀਣ ਦਾ ਬੜਾ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ। ਉਨ੍ਹਾਂ ਫਰਸ਼ ’ਤੇ ਲਾਏ ਗੱਦਿਆਂ ਤੋਂ ਇਲਾਵਾ ਕੁਝ ਮੰਜੀਆਂ ਵੀ ਲਾ ਦਿੱਤੀਆਂ। ਸ਼ਾਇਦ ਬਜ਼ੁਰਗਾਂ ਤੇ ਕੁਝ ਢਿੱਲੇ-ਮੱਠੇ ਸਾਥੀਆਂ ਲਈ ਜਾਂ ਸ਼ਾਇਦ ਉਨ੍ਹਾਂ ਕੋਲੋਂ ਇੰਤਜ਼ਾਮ ਹੀ ਇੰਨੀਆਂ ਕੁ ਮੰਜੀਆਂ ਦਾ ਹੋ ਸਕਿਆ ਹੋਵੇ! ਪਰ ਜਿਉਂ ਹੀ ਜਿਮਨੇਜੀਅਮ ਦਾ ਦਰਵਾਜ਼ਾ ਖੁੱਲ੍ਹਿਆ, ਕਿਸਾਨ ਮੰਜੀਆਂ ਨੂੰ ਇਉਂ ਟੁੱਟ ਕੇ ਪੈ ਗਏ ਜਿਵੇਂ ਸਾਡੇ ਇੱਥੇ ਬੱਸ ਅੱਡਿਆਂ ਵਿੱਚ ਸਵਾਰੀਆਂ ਬੱਸ ਦੀਆਂ ਸੀਟਾਂ ਨੂੰ ਟੁੱਟ ਕੇ ਪੈਂਦੀਆਂ ਹਨ। ਉਨ੍ਹਾਂ ਮੰਜੀਆਂ ’ਤੇ ਸੌਣ ਨੂੰ ਲੈ ਕੇ ਹੰਗਾਮਾ ਹੋ ਗਿਆ। ਜਿਨ੍ਹਾਂ ਦੱਬ ਲਈਆਂ, ਉਹ ਉੱਠਣ ਨਾ ਤੇ ਜਿਹੜੇ ਰਹਿ ਗਏ, ਉਹ ਰੌਲਾ ਪਾਉਣ।
ਸਾਡੀ ਰਹਿਤਲ ਦੇ ਹਿਸਾਬ ਨਾਲ ਇਹ ਕੋਈ ਵੱਡੀ ਗੱਲ ਨਹੀਂ ਸੀ। ਸਾਡੇ ਤਾਂ ਟਿਕਟ ਖਿੜਕੀ ਹੋਵੇ, ਬੱਸ ’ਚ ਸੀਟ ਮੱਲਣੀ ਹੋਵੇ ਤੇ ਭਾਵੇਂ ਭੰਡਾਰੇ ’ਚ ਲੰਗਰ ਛਕਣਾ ਹੋਵੇ, ਹਰ ਥਾਂ ‘ਜਿਹੜਾ ਲੈ ਗਿਆ ਸੋ ਲੈ ਗਿਆ’ ਵਾਲਾ ਨਿਯਮ ਹੀ ਚੱਲਦਾ ਹੈ ਪਰ ਯੂਰੋਪੀਅਨ ਤਹਿਜ਼ੀਬ ਦੇ ਹਿਸਾਬ ਨਾਲ ਇਹ ਭੱਦਾ ਵਿਹਾਰ ਸੀ। ਉਨ੍ਹਾਂ ਦੇਸ਼ਾਂ ਵਿੱਚ ਤਾਂ ਕੋਈ ਲਾਈਨ ਤੋੜਨ ਜਾਂ ਕਿਸੇ ਵੱਲ ਉਂਗਲ ਕਰ ਕੇ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਸੋਚ ਵੀ ਨਹੀਂ ਸਕਦਾ। ਇਸ ਤੋਂ ਪਹਿਲਾਂ ਮੇਜ਼ਬਾਨਾਂ ਵੱਲੋਂ ਚਾਰੇ ਬੱਸਾਂ ਦੇ ਯਾਤਰੀਆਂ ਲਈ ਡੌਂਗਿਆਂ ਵਿੱਚ ਰੱਖੇ ਡਰਾਈ ਫਰੂਟ ਪਹਿਲੀ ਬੱਸ ਦੇ ਯਾਤਰੀਆਂ ਵੱਲੋਂ ਹੀ ਛਕ ਜਾਣ ਦੀ ਘਟਨਾ ਉਹ ਅੱਖੀਂ ਦੇਖ ਕੇ ਚੁੱਪ ਰਹਿਣ ਦਾ ਕੌੜਾ ਘੁੱਟ ਭਰ ਚੁੱਕੇ ਸਨ। ਮੇਜ਼ਬਾਨਾਂ ਲਈ ਇਹ ਦੁਖਦ ਘਟਨਾ ਸੀ।
ਉਂਝ ਅੰਤਰ-ਮਹਾਂਦੀਪੀ ਕਾਰਵਾਂ-1999 ਦੁਨੀਆ ਭਰ ਦੇ ਲੋਕਾਂ ਨੂੰ ਸਾਮਰਾਜਵਾਦੀ ਲੁਟੇਰਿਆਂ ਖਿਲਾਫ਼ ਬੜਾ ਵੱਡਾ ਸੁਨੇਹਾ ਦੇਣ ਵਿੱਚ ਸਫਲ ਰਿਹਾ ਸੀ ਜਦੋਂ 20ਵੀਂ ਸਦੀ ਦੇ ਇਨ੍ਹਾਂ ਅੰਤਲੇ ਸਾਲਾਂ ਵਿੱਚ ਸਾਮਰਾਜੀ ਦੇਸ਼ਾਂ ਦੀਆਂ ਧੜਵੈਲ ਬਹੁ-ਕੌਮੀ ਕੰਪਨੀਆਂ ਅਤੇ ਸਰਕਾਰਾਂ ਆਪਣੀਆਂ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਰਾਹੀਂ ਤੀਜੀ ਦੁਨੀਆ ਦੇ ਪਛੜੇ ਤੇ ਕਮਜ਼ੋਰ ਦੇਸ਼ਾਂ ਨੂੰ ਸਾਮਰਾਜੀ ਸਰਮਾਏ ਦੇ ਗਲਬੇ ਹੇਠ ਲਿਆਉਣ ਲਈ ਚੜ੍ਹੀਆਂ ਆ ਰਹੀਆਂ ਸਨ। ਕਾਰਵਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਖੁੱਲ੍ਹੀ ਮੰਡੀ ਦੇ ਛਲਾਵੇ ਅਤੇ ਸਾਮਰਾਜਵਾਦੀ ਆਰਥਿਕ ਨੀਤੀਆਂ ਤੇ ਨੀਤੀ-ਘਾੜਾ ਸੰਸਥਾਵਾਂ ਦੀ ਅਸਲੀਅਤ ਬਾਰੇ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾਈ। ਇਹ ਕਾਰਵਾਂ ਦੁਨੀਆ ਭਰ ਦੀਆਂ ਸਾਮਰਾਜਵਾਦ ਵਿਰੋਧੀ ਤੇ ਲੋਕ ਪੱਖੀ ਜਥੇਬੰਦੀਆਂ ਰਲ-ਮਿਲ ਕੇ ਚਲਾ ਰਹੀਆਂ ਸਨ। ਮਹੀਨਾ ਭਰ ਚੱਲੇ ਕਾਰਵਾਂ ਦੌਰਾਨ ਵਾਪਰੀਆਂ ਅਜਿਹੀਆਂ ਕੌੜੀਆਂ-ਕੁਸੈਲੀਆਂ ਘਟਨਾਵਾਂ ਸਮੇਤ ਇਸ ਕਾਰਵਾਂ ਦੇ ਉਦੇਸ਼ਾਂ ਤੇ ਟੀਚਿਆਂ ਦਾ ਵਰਨਣ ਕਾਰਵਾਂ ਵਿੱਚ ਸ਼ਾਮਿਲ ਜਗਦੀਸ਼ ਪਾਪੜਾ ਨੇ ਪੱਚੀ ਸਾਲ ਪਹਿਲਾਂ ਲਿਖੇ ਸਫ਼ਰਨਾਮੇ ‘ਸੁਪਨਿਆਂ ਦੀ ਸੈਰ’ ਵਿੱਚ ਵੀ ਕੀਤਾ ਸੀ। ਹੁਣ ਇਸ ਸਫਰਨਾਮੇ ਦੀ ਦੂਜੀ ਛਾਪ ਨੇ ਉਨ੍ਹਾਂ ਘਟਨਾਵਾਂ ਨੂੰ ਨਵੇਂ ਸਿਰਿਉਂ ਚੇਤੇ ਕਰਵਾ ਦਿੱਤਾ।

Advertisement

ਸੰਪਰਕ: 94175-88616

Advertisement
Advertisement