For the best experience, open
https://m.punjabitribuneonline.com
on your mobile browser.
Advertisement

ਸੁਤੰਤਰਤਾ ਸੰਗਰਾਮੀ ਅਤੇ ਸਰਬਾਂਗੀ ਸਾਹਿਤਕਾਰ ਭਾਈ ਮੁਨਸ਼ਾ ਸਿੰਘ ‘ਦੁਖੀ’

07:11 AM Jun 30, 2024 IST
ਸੁਤੰਤਰਤਾ ਸੰਗਰਾਮੀ ਅਤੇ ਸਰਬਾਂਗੀ ਸਾਹਿਤਕਾਰ ਭਾਈ ਮੁਨਸ਼ਾ ਸਿੰਘ ‘ਦੁਖੀ’
Advertisement

ਭਾਈ ਮੁਨਸ਼ਾ ਸਿੰਘ ‘ਦੁਖੀ’ ਨੇ ਕੈਨੇਡਾ ਵਿੱਚ ਗਦਰ ਪਾਰਟੀ ਨੂੰ ਸੰਗਠਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ‘ਗਦਰ’ ਅਖ਼ਬਾਰ ਵਿੱਚ ਛਪਦੀਆਂ ਬਹੁਤੀਆਂ ਕਵਿਤਾਵਾਂ ਉਸ ਦੀਆਂ ਰਚੀਆਂ ਹੋਈਆਂ ਹਨ। ਗਦਰੀਆਂ ਖ਼ਿਲਾਫ਼ ਚੱਲੇ ‘ਲਾਹੌਰ ਸਾਜ਼ਿਸ਼ ਪੂਰਕ ਮੁਕੱਦਮੇ’ ਵਿੱਚ ਉਸ ਨੂੰ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਪਹਿਲੀ ਜੁਲਾਈ 2024 ਨੂੰ ਉਸ ਦਾ 134ਵਾਂ ਜਨਮ ਦਿਨ ਹੈ। ਇਸ ਬਾਰੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਅੱਜ 30 ਜੂਨ ਨੂੰ ਬਰੁਕ ਸਾਈਡ ਗੁਰਦੁਆਰਾ, ਸਰੀ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਇਸ ਵਿੱਚ ‘ਦੁਖੀ’ ਦੇ ਇੰਗਲੈਂਡ ਅਤੇ ਕੈਨੇਡਾ ਵਿੱਚ ਵਸਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Advertisement

ਗੁਰਦੇਵ ਸਿੰਘ ਸਿੱਧੂ

Advertisement

ਗ਼ਦਰ ਲਹਿਰ ਦਾ ਨਿਵੇਕਲਾਪਣ ਇਸ ਗੱਲ ਵਿੱਚ ਵੀ ਹੈ ਕਿ ਇਸ ਦੀਆਂ ਸਫਾਂ ਵਿੱਚੋਂ ਜ਼ਿੰਦਗੀ ਭਰ ਅੰਗਰੇਜ਼ੀ ਸਾਮਰਾਜ ਨਾਲ ਜੂਝਣ ਅਤੇ ਸਾਹਿਤ ਵਿੱਚ ਪੈੜਾਂ ਪਾਉਣ ਵਾਲੇ ਅਨੇਕ ਪੰਜਾਬੀ ਅੱਗੇ ਆਏ ਜਿਨ੍ਹਾਂ ਵਿੱਚੋਂ ਇੱਕ ਮੁਨਸ਼ਾ ਸਿੰਘ ‘ਦੁਖੀ’ ਸੀ।
ਮੁਨਸ਼ਾ ਸਿੰਘ ਦਾ ਜਨਮ 1 ਜੁਲਾਈ 1890 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਵਿੱਚ ਪਿਤਾ ਨਿਹਾਲ ਸਿੰਘ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਅੰਗਰੇਜ਼ੀ ਸੈਨਾ ਵਿੱਚ ਹੌਲਦਾਰ ਵਜੋਂ ਸੇਵਾ ਕਰ ਰਿਹਾ ਨਿਹਾਲ ਸਿੰਘ ਅਕਸਰ ਹੀ ਘਰ ਤੋਂ ਬਾਹਰ ਰਹਿੰਦਾ ਸੀ। ਇਸ ਲਈ ਮੁਨਸ਼ਾ ਸਿੰਘ ਦੀ ਪਾਲਣਾ ਮੁੱਖ ਤੌਰ ਉੱਤੇ ਆਪਣੀ ਮਾਤਾ ਦੇ ਹੱਥਾਂ ਵਿੱਚ ਹੋਈ। ਗੁਰੂਘਰ ਦੀ ਪ੍ਰੇਮਣ ਮਾਤਾ ਨਾਲ ਬਾਲ ਮੁਨਸ਼ਾ ਸਿੰਘ ਪਿੰਡ ਦੀ ਧਰਮਸ਼ਾਲਾ ਵਿੱਚ ਜਾਣ ਲੱਗਾ ਜਿੱਥੇ ਗ੍ਰੰਥੀ ਭਾਈ ਸੋਭਾ ਸਿੰਘ ਨੇ ਸ਼ਰਾਰਤੀ ਬਾਲ ਮੁਨਸ਼ਾ ਸਿੰਘ ਦੀ ਪ੍ਰਤਿਭਾ ਨੂੰ ਪਛਾਣ ਕੇ ਉਸ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਸਿੱਖਿਆ ਦੇਣੀ ਸ਼ੁਰੂ ਕੀਤੀ। ਲਾਹੌਰ ਦਰਬਾਰ ਦੀ ਸਿੱਖ ਸੈਨਾ ਵਿੱਚ ਸੇਵਾ ਕਰ ਚੁੱਕਾ ਭਾਈ ਸੋਭਾ ਸਿੰਘ ਕੱਟੜ ‘ਮਲੇਸ਼’ ਵਿਰੋਧੀ ਹੋਣ ਦੇ ਨਾਲ ਪੁਰਾਤਨ ਸਿੱਖ ਸਾਹਿਤ ਦਾ ਡੂੰਘਾ ਗਿਆਤਾ ਸੀ। ਇੱਥੇ ਮੁਨਸ਼ਾ ਸਿੰਘ ਨੇ ਗੁਰਮੁਖੀ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਇੱਕ ਵਾਰ ਨਿਹਾਲ ਸਿੰਘ ਛੁੱਟੀ ਆਇਆ ਤਾਂ ਮੁਨਸ਼ਾ ਸਿੰਘ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਗਿਆ ਜਿੱਥੇ ਉਸ ਨੇ ਚਾਰ ਜਮਾਤਾਂ ਤੱਕ ਦੀ ਪੜ੍ਹਾਈ ਕਰਦਿਆਂ ਉਰਦੂ ਅਤੇ ਫ਼ਾਰਸੀ ਸਿੱਖੀ। ਸਕੂਲ ਵਿੱਚ ਪੜ੍ਹਦਿਆਂ ਵੀ ਮੁਨਸ਼ਾ ਸਿੰਘ ਭਾਈ ਸੋਭਾ ਸਿੰਘ ਕੋਲ ਜਾਂਦਾ ਰਿਹਾ। ਉਸ ਨੇ ਭਾਈ ਸੋਭਾ ਸਿੰਘ ਤੋਂ ਸਿੱਖ ਇਤਿਹਾਸ ਦੇ ਗ੍ਰੰਥ, ਸਾਰੁਕਤਾਵਲੀ, ਹਨੂਮਾਨ ਨਾਟਕ ਆਦਿ ਪੜ੍ਹੇ। ਮੁਨਸ਼ਾ ਸਿੰਘ ਨੂੰ ਦੇਸ਼ਭਗਤੀ ਅਤੇ ਕਾਵਿ ਰਚਨਾ ਦੀ ਚੇਟਕ ਵੀ ਭਾਈ ਸੋਭਾ ਸਿੰਘ ਦੀ ਸੰਗਤ ਵਿੱਚੋਂ ਲੱਗੀ।
ਮੁਨਸ਼ਾ ਸਿੰਘ ਦੇ ਦੋ ਵੱਡੇ ਭਰਾ ਪਾਲਾ ਸਿੰਘ ਅਤੇ ਬਾਵਾ ਸਿੰਘ ਕਲਕੱਤੇ ਵਿੱਚ ਕੰਮ ਕਰ ਰਹੇ ਸਨ। ਇਸ ਲਈ ਮਾਪਿਆਂ ਨੇ ਮੁੱਛ-ਫੁੱਟ ਮੁਨਸ਼ਾ ਸਿੰਘ ਨੂੰ ਉਨ੍ਹਾਂ ਕੋਲ ਭੇਜ ਦਿੱਤਾ। ਇਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਦੁਆਰਾ ਬੰਗਾਲ ਦੀ ਵੰਡ ਕੀਤੇ ਜਾਣ ਕਾਰਨ ਕਲਕੱਤੇ ਵਿੱਚ ਰਾਜਸੀ ਸਰਗਰਮੀਆਂ ਜ਼ੋਰਾਂ ਉੱਤੇ ਸਨ। ਇਸ ਮਾਹੌਲ ਨੇ ਮੁਨਸ਼ਾ ਸਿੰਘ ਦੇ ਮਨ ਵਿੱਚ ਭਾਈ ਸੋਭਾ ਸਿੰਘ ਦੁਆਰਾ ਬਾਲੀ ਦੇਸ਼ ਪਿਆਰ ਦੀ ਚੰਗਿਆੜੀ ਮਘਾ ਦਿੱਤੀ। ਅਜੇ ਮੁਨਸ਼ਾ ਸਿੰਘ ਦੇ ਕਲਕੱਤੇ ਵਿੱਚ ਪੈਰ ਨਹੀਂ ਸਨ ਲੱਗੇ ਕਿ ਦੋਵਾਂ ਭਰਾਵਾਂ ਨੇ ਆਪ ਕੈਨੇਡਾ ਜਾਣ ਦਾ ਮਨ ਬਣਾ ਕੇ ਮੁਨਸ਼ਾ ਸਿੰਘ ਨੂੰ ਪਿੰਡ ਵਾਪਸ ਭੇਜ ਦਿੱਤਾ। ਪਿੰਡ ਵਿੱਚ ਰਹਿੰਦਿਆਂ ਮੁਨਸ਼ਾ ਸਿੰਘ ਨੇ ਬਾਰ ਦੇ ਇਲਾਕੇ ਵਿੱਚ ਸ. ਅਜੀਤ ਸਿੰਘ ਦੁਆਰਾ ਵਿੱਢੇ ਕਿਸਾਨ ਅੰਦੋਲਨ ਦੀ ਜਿੱਤ ਬਾਰੇ ਜਾਣਿਆ ਅਤੇ ਇਸ ਵਿੱਚ ਦਿਲਚਸਪੀ ਲੈਣ ਲੱਗਾ। ਅਜੇ ਉਸ ਨੇ ਇਸ ਦਿਸ਼ਾ ਵਿੱਚ ਕੁਝ ਨਹੀਂ ਸੀ ਕੀਤਾ ਕਿ ਉਸ ਦਾ ਭਰਾ ਬਾਵਾ ਸਿੰਘ ਪਿੰਡ ਆ ਗਿਆ। ਹਾਂਗਕਾਂਗ ਪਹੁੰਚ ਕੇ ਉੱਤਰੀ ਅਮਰੀਕਾ ਤੋਂ ਆਉਣ ਵਾਲੇ ਯਾਤਰੂਆਂ ਕੋਲੋਂ ਉੱਥੇ ਚੰਗੀ ਚੋਖੀ ਕਮਾਈ ਹੋਣ ਦੀਆਂ ਗੱਲਾਂ ਸੁਣ ਕੇ ਪਾਲਾ ਸਿੰਘ ਖ਼ੁਦ ਕੈਨੇਡਾ ਲਈ ਰਵਾਨਾ ਹੋ ਗਿਆ ਸੀ, ਪਰ ਉਸ ਨੇ ਬਾਵਾ ਸਿੰਘ ਨੂੰ ਪਿੰਡ ਭੇਜਿਆ ਸੀ ਤਾਂ ਜੋ ਉਹ ਮੁਨਸ਼ਾ ਸਿੰਘ ਨੂੰ ਨਾਲ ਲੈ ਕੇ ਕੈਨੇਡਾ ਆਵੇ। ਇਸ ਯੋਜਨਾ ਅਨੁਸਾਰ ਬਾਵਾ ਸਿੰਘ ਅਤੇ ਮੁਨਸ਼ਾ ਸਿੰਘ ਮਈ 1908 ਵਿੱਚ ਪਿੰਡ ਤੋਂ ਰਵਾਨਾ ਹੋਏ। ਕਲਕੱਤੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਨੇਡਾ ਨੇ ਪਰਵਾਸੀਆਂ ਦਾ ਦਾਖਲਾ ਬੰਦ ਕਰ ਦਿੱਤਾ ਹੈ। ਇਸ ਲਈ ਉਨ੍ਹਾਂ ਅਮਰੀਕਾ ਦੀ ਬੰਦਰਗਾਹ ਸਾਂ ਫਰਾਂਸਿਸਕੋ ਜਾਣ ਦਾ ਮਨ ਬਣਾਇਆ ਅਤੇ 5 ਮਈ 1908 ਨੂੰ ਸਮੁੰਦਰੀ ਜਹਾਜ਼ ਉੱਤੇ ਸਵਾਰ ਹੋ ਕੇ ਹਾਂਗਕਾਂਗ ਜਾ ਪੁੱਜੇ। ਇੱਥੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸਾਂ ਫਰਾਂਸਿਸਕੋ ਵਿੱਚ ਉਤਰਨ ਵਾਲੇ ਪਰਵਾਸੀਆਂ ਦਾ ਸਖ਼ਤ ਡਾਕਟਰੀ ਮੁਆਇਨਾ ਹੁੰਦਾ ਹੈ ਜਿਸ ਵਿੱਚ ਅਕਸਰ ਫੇਲ੍ਹ ਕਰਕੇ ਯਾਤਰੂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਅਜਿਹੀਆਂ ਸੂਚਨਾਵਾਂ ਸੁਣ ਕੇ ਬਾਵਾ ਸਿੰਘ ਨੇ ਤਾਂ ਅੱਗੇ ਜਾਣ ਦਾ ਵਿਚਾਰ ਤਿਆਗ ਦਿੱਤਾ, ਪਰ ਮੁਨਸ਼ਾ ਸਿੰਘ ਨੇ ਹੌਸਲਾ ਨਾ ਛੱਡਿਆ। ਉਸ ਨੂੰ ਚੋਰੀ ਛੁਪੇ ਅਮਰੀਕਾ ਜਾਣ ਦੇ ਰਾਹਾਂ ਦੀ ਜਾਣਕਾਰੀ ਮਿਲੀ ਤਾਂ ਉਹ ਹਵਾਈ ਟਾਪੂ ਦੀ ਬੰਦਰਗਾਹ ਹੋਨੋਲੁਲੂ ਪੁੱਜ ਗਿਆ। ਦੋ ਕੁ ਸਾਲ ਇੱਥੇ ਕੰਮ ਕਰਦਿਆਂ ਸਥਾਨਕ ਹਾਲਾਤ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ 1910 ਵਿੱਚ ਪਹਿਲਾਂ ਸਾਂ ਫਰਾਂਸਿਸਕੋ ਅਤੇ ਫਿਰ ਜਨਵਰੀ 1912 ਵਿੱਚ ਵੈਨਕੂਵਰ ਆਪਣੇ ਭਰਾ ਪਾਲਾ ਸਿੰਘ ਕੋਲ ਪੁੱਜਣ ਵਿੱਚ ਸਫਲ ਹੋਇਆ।
ਸਾਂ ਫਰਾਂਸਿਸਕੋ ਤੋਂ ਵੈਨਕੂਵਰ ਜਾਂਦਿਆ ਮੁਨਸ਼ਾ ਸਿੰਘ ਨੂੰ ਆਸਟੋਰੀਆ, ਸੈਕਰਾਮੈਂਟੋ, ਪੋਰਟਲੈਂਡ ਆਦਿ ਸ਼ਹਿਰਾਂ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਉਸ ਨੇ ਇਨ੍ਹਾਂ ਦੇ ਮਨਾਂ ਵਿੱਚ ਬਰਤਾਨਵੀ ਹਿੰਦੋਸਤਾਨ ਸਰਕਾਰ ਖ਼ਿਲਾਫ਼ ਗੁੱਸੇ ਦੀ ਭਾਵਨਾ ਦੇਖੀ ਜੋ ਵੈਨਕੂਵਰ ਪਹੁੰਚ ਕੇ ਹੋਰ ਵੀ ਪ੍ਰਤੱਖ ਦਿਖਾਈ ਦਿੱਤੀ। ਇਨ੍ਹੀਂ ਦਿਨੀਂ ਵੈਨਕੂਵਰ ਦਾ ਗੁਰਦੁਆਰਾ ਇਸ ਗ਼ੈਰ-ਮੁਲਕ ਵਿੱਚ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲੱਭਣ ਵਾਸਤੇ ਹੋਣ ਵਾਲੇ ਵਿਚਾਰ ਵਟਾਂਦਰੇ ਦਾ ਕੇਂਦਰ ਬਣ ਚੁੱਕਾ ਸੀ। ਇਸ ਮਾਹੌਲ ਨੇ ਮੁਨਸ਼ਾ ਸਿੰਘ ਦੇ ਮਨ ਵਿਚਲੀ ਦੇਸ਼ ਪਿਆਰ ਦੀ ਭਾਵਨਾ ਨੂੰ ਹੋਰ ਉਤੇਜਿਤ ਕੀਤਾ। ਉਹ ਬੇਸ਼ੱਕ ਆਪਣੇ ਭਰਾ ਪਾਲਾ ਸਿੰਘ ਨਾਲ ਲੰਬਰ ਮਿੱਲ ਵਿੱਚ ਦਿਹਾੜੀ ਲਾਉਣ ਵੀ ਜਾਂਦਾ, ਪਰ ਗੁਰਦੁਆਰੇ ਵਿੱਚ ਹੋਣ ਵਾਲੀਆਂ ਇਕੱਤਰਤਾਵਾਂ ਵਿੱਚ ਵੀ ਸ਼ਾਮਲ ਹੁੰਦਾ। ਬਚਪਨ ਵਿੱਚ ਉਸ ਨੇ ਛੋਟੀਆਂ ਮੋਟੀਆਂ ਕਵਿਤਾਵਾਂ ਲਿਖੀਆਂ ਸਨ। ਜ਼ਿੰਦਗੀ ਦੀ ਭੱਜ ਨੱਸ ਵਿੱਚ ਮੱਧਮ ਪਏ ਇਸ ਸ਼ੌਕ ਨੇ ਮੁੜ ਅੰਗੜਾਈ ਲਈ ਅਤੇ ਉਹ ਗੁਰਦੁਆਰੇ ਵਿੱਚ ਹੋਣ ਵਾਲੇ ਇਕੱਠਾਂ ਵਿੱਚ ਪੜ੍ਹਨ ਵਾਸਤੇ ਕਵਿਤਾਵਾਂ ਲਿਖਣ ਲੱਗਾ। ਇਨ੍ਹਾਂ ਕਵਿਤਾਵਾਂ ਦਾ ਵਿਸ਼ਾ ਅਕਸਰ ਹੀ ਕੈਨੇਡਾ ਵਿੱਚ ਨਸਲੀ ਵਿਤਕਰੇ ਕਾਰਨ ਹਿੰਦੀਆਂ ਨੂੰ ਹੋਣ ਵਾਲੀਆਂ ਦਿੱਕਤਾਂ ਹੁੰਦਾ ਸੀ ਜਿਸ ਕਾਰਨ ਮੁਨਸ਼ਾ ਸਿੰਘ ਨੇ ਆਪਣਾ ਕਾਵਿ-ਨਾਉਂ ‘ਦੁਖੀ’ ਧਰ ਲਿਆ। ਜੂਨ 1913 ਵਿੱਚ ਗਿਆਨੀ ਭਗਵਾਨ ਸਿੰਘ ‘ਪ੍ਰੀਤਮ’ ਵੈਨਕੂਵਰ ਆਇਆ ਤਾਂ ਮੁਨਸ਼ਾ ਸਿੰਘ ‘ਦੁਖੀ’ ਨੇ ਉਸ ਨਾਲ ਰਲ ਕੇ ਪੰਜਾਬੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਕਰਨ ਦੇ ਕਾਰਜ ਵਿੱਚ ਨਿੱਠ ਕੇ ਕੰਮ ਕੀਤਾ।
ਅਮਰੀਕਾ ਵਿੱਚ ਗਦਰ ਪਾਰਟੀ ਗਠਿਤ ਹੋਣ ਪਿੱਛੋਂ ਪਾਰਟੀ ਦਾ ਅਖ਼ਬਾਰ ‘ਗਦਰ’ ਛਪਣਾ ਸ਼ੁਰੂ ਹੋਇਆ ਤਾਂ ਕੈਨੇਡਾ ਵਿੱਚ ਪਾਰਟੀ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਅਖ਼ਬਾਰ ਥਾਂ ਥਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਮੁਨਸ਼ਾ ਸਿੰਘ ‘ਦੁਖੀ’ ਨੇ ਓਟ ਲਈ। ‘ਗਦਰ’ ਵਿੱਚ ਉਸ ਦੀਆਂ ਕਵਿਤਾਵਾਂ ਨਿਰੰਤਰਤਾ ਨਾਲ ਛਪਣ ਲੱਗੀਆਂ। ਉਸ ਦੀ ਪਹਿਲੀ ਕਿਤਾਬੜੀ ‘‘ਜ਼ੁਲਮ! ਜ਼ੁਲਮ!! ਗੋਰੇਸ਼ਾਹੀ ਜ਼ੁਲਮ’, ਜਿਸ ਵਿੱਚ ਕੈਨੇਡਾ ਸਰਕਾਰ ਵੱਲੋਂ ਦੇਸ਼ਭਗਤ ਭਾਈ ਭਗਵਾਨ ਸਿੰਘ ‘ਪ੍ਰੀਤਮ’ ਨੂੰ ਧਿੰਙੋਜ਼ੋਰੀ ਕੈਨੇਡਾ ਵਿੱਚੋਂ ਕੱਢਣ ਦਾ ਬਿਆਨ ਬੜੇ ਕਰੁਣਾਮਈ ਪਰ ਜੋਸ਼ ਦਿਵਾਉਣ ਵਾਲੇ ਸ਼ਬਦਾਂ ਵਿੱਚ ਕੀਤਾ ਗਿਆ ਸੀ, ਗਦਰ ਪਾਰਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਪਹਿਲੀ ਆਲਮੀ ਜੰਗ ਨੂੰ ਸਾਮਰਾਜੀ ਗ਼ੁਲਾਮੀ ਤੋਂ ਦੇਸ਼ ਨੂੰ ਹਥਿਆਰਬੰਦ ਜੱਦੋਜਹਿਦ ਦੁਆਰਾ ਮੁਕਤੀ ਦਿਵਾਉਣ ਦਾ ਢੁੱਕਵਾਂ ਅਵਸਰ ਮੰਨਦਿਆਂ ਗਦਰ ਪਾਰਟੀ ਵੱਲੋਂ ਆਪਣੇ ਮੈਂਬਰਾਂ ਨੂੰ ਦੇਸ਼ ਪੁੱਜਣ ਦੇ ਦਿੱਤੇ ਸੱਦੇ ਉੱਤੇ ਫੁੱਲ ਚੜ੍ਹਾਉਂਦਿਆਂ ਸਤੰਬਰ 1914 ਵਿੱਚ ਦੇਸ਼ ਪਹੁੰਚੇ ਮੁਨਸ਼ਾ ਸਿੰਘ ‘ਦੁਖੀ’ ਨੂੰ ਪੰਜਾਬ ਪੁਲੀਸ ਨੇ 15 ਜਨਵਰੀ 1915 ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਸਾਜ਼ਿਸ਼ ਮੁਕੱਦਮੇ ਦੇ ਦੂਜੇ ਪੂਰਕ ਮੁਕੱਦਮੇ ਵਿੱਚ ਦੋਸ਼ੀ ਬਣਾਇਆਂ ਤਾਂ ਉਸ ਨੂੰ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਜ਼ਿਕਰਯੋਗ ਹੈ ਕਿ ਮੁੱਖ ਲਾਹੌਰ ਮੁਕੱਦਮੇ ਅਤੇ ਪੂਰਕ ਮੁਕੱਦਮਿਆਂ ਵਿੱਚ ਮੁਲਜ਼ਮਾਂ ਵਿਰੁੱਧ ‘ਬਾਦਸ਼ਾਹ ਖ਼ਿਲਾਫ਼ ਜੰਗ ਛੇੜਨ’ ਦਾ ਦੋਸ਼ ਸਿੱਧ ਕਰਨ ਵਾਸਤੇ ‘ਗਦਰ’ ਅਖ਼ਬਾਰ ਵਿੱਚ ਛਪੀਆਂ ਮੁਨਸ਼ਾ ਸਿੰਘ ‘ਦੁਖੀ’ ਰਚਿਤ ਕਵਿਤਾਵਾਂ ਦਾ ਹਵਾਲਾ ਦਿੱਤਾ ਗਿਆ। ਇਨ੍ਹਾਂ ਕਵਿਤਾਵਾਂ ਵਿੱਚੋਂ ਅਦਾਲਤ ਨੂੰ ਇਤਰਾਜ਼ਯੋਗ ਲੱਗੀਆਂ ਕੁਝ ਪੰਕਤੀਆਂ ਇਹ ਸਨ:
ਮੇਰੇ ਹਾਣੀਓ ਅਤੇ ਬਜ਼ੁਰਗ ਵੀਰੋ, ਗਫਲਤ ਨੀਂਦ ਤੋਂ ਜ਼ਰਾ ਬੇਜ਼ਾਰ ਹੋ ਜਾਓ।
ਖੁਫੀਆ ਰਾਜ ਸੁਸੈਟੀਆਂ ਕਰੋ ਕਾਇਮ, ਰਲ ਮਰਹੱਟੇ ਬੰਗਾਲੇ ਦੇ ਯਾਰ ਹੋ ਜਾਓ।
ਗਾਨੇ ਬੰਨ੍ਹ ਲੋ ਹੱਥ ਸ਼ਹੀਦੀਆਂ ਦੇ, ਲੜ ਕੇ ਮਰੋ ਜਾਂ ਮਾਰਨੇਹਾਰ ਹੋ ਜਾਓ।
ਕਾਫਰ ਕੌਮ ਅੰਗਰੇਜ਼ ਦੀ ਰੱਤ ਪੀ ਕੇ, ਭਰ ਪੇਟ ਸੀਨੇ ਠੰਢੇ ਠਾਰ ਹੋ ਜਾਓ।
* * *
ਕਦੋਂ ਗਦਰ ਵਾਲਾ ਵਕਤ ਆਵੇ ਛੇਤੀ, ਸੁਣੇ ਬੇਨਤੀ ਰੱਬ ਰੈਹਮਾਨ ਲੋਕੋ।
ਔਣ ਸੂਰਮੇ ਹੌਸਲੇ ਨਾਲ ਚੜ੍ਹਕੇ, ਲੇਖਾ ਗੋਰਿਆਂ ਨਾਲ ਮੁਕਾਨ ਲੋਕੋ।
ਉਸ ਨੇ ਕੈਦ ਦਾ ਸਮਾਂ ਮੁਲਤਾਨ, ਕੈਂਬਲਪੁਰ ਅਤੇ ਹਜ਼ਾਰੀਬਾਗ ਜੇਲ੍ਹ ਵਿੱਚ ਗੁਜ਼ਾਰਿਆ। ਆਲਮੀ ਜੰਗ ਵਿੱਚ ਜੇਤੂ ਰਹਿਣ ਦੀ ਖ਼ੁਸ਼ੀ ਵਿੱਚ ਬਰਤਾਨਵੀ ਸਰਕਾਰ ਵੱਲੋਂ ਜਾਰੀ ‘ਸ਼ਾਹੀ ਐਲਾਨਨਾਮੇ’ ਦੀ ਲੋਅ ਵਿੱਚ ਮਾਰਚ 1920 ਵਿੱਚ ਮੁਨਸ਼ਾ ਸਿੰਘ ‘ਦੁਖੀ’ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਰਿਹਾਈ ਤੋਂ ਛੇਤੀ ਪਿੱਛੋਂ ਮੁਨਸ਼ਾ ਸਿੰਘ ‘ਦੁਖੀ’ ਕਲਕੱਤੇ ਚਲਾ ਗਿਆ ਅਤੇ ਅਗਲਾ ਸਾਰਾ ਜੀਵਨ ਉਸ ਨੇ ‘ਕਲਾ ਲੋਕਾਂ ਲਈ’ ਵਿਚਾਰ ਦਾ ਧਾਰਨੀ ਬਣ ਕੇ ਕਲਮਕਾਰ ਅਤੇ ਪੱਤਰਕਾਰ ਵਜੋਂ ਬਤੀਤ ਕੀਤਾ। ਉਹ ਸਰਬਾਂਗੀ ਸਾਹਿਤਕਾਰ ਸੀ ਜਿਸ ਨੇ ਕਵਿਤਾ, ਕਹਾਣੀ, ਨਾਵਲ, ਜੀਵਨੀ, ਨਿਬੰਧ ਆਦਿ ਕਾਵਿ-ਰੂਪਾਂ ਦੀ ਰਚਨਾ ਕੀਤੀ। ਪ੍ਰੇਮ ਕਾਂਗਾਂ, ਪ੍ਰੇਮ ਬਾਂਗਾਂ, ਪ੍ਰੇਮ ਸਾਂਗਾਂ, ਪ੍ਰੇਮ ਤਾਘਾਂ ਆਦਿ ਉਸ ਦੇ ਕਾਵਿ ਸੰਗ੍ਰਹਿ ਹਨ। ਮੁਨਸ਼ਾ ਸਿੰਘ ‘ਦੁਖੀ’ ਲਿਖਤ ‘ਜੀਵਨ ਭਾਈ ਮੋਹਨ ਸਿੰਘ ਵੈਦ’ ਪੰਜਾਬੀ ਦੇ ਜੀਵਨੀ ਸਾਹਿਤ ਵਿੱਚ ਨਿਵੇਕਲੀ ਪੁਸਤਕ ਹੈ। ‘ਦੁਖੀ’ ਦੀਆਂ ਅਨੁਵਾਦਿਤ ਪੁਸਤਕਾਂ ਵਿੱਚੋਂ ਸ੍ਰੀਮਤੀ ਸਟੋਵ ਦੇ ਅੰਗਰੇਜ਼ੀ ਨਾਵਲ ‘ਅੰਕਲ ਟੌਮਜ਼ ਕੈਬਿਨ’ ਅਤੇ ਬੰਕਿਮ ਚੰਦਰ ਚੈਟਰਜੀ ਲਿਖਤ ਬੰਗਾਲੀ ਨਾਵਲ ‘ਆਨੰਦ ਮੱਠ’ ਮਹੱਤਵਪੂਰਨ ਹਨ। ‘ਦੁਖੀ’ ਨੇ ਕਲਕੱਤੇ ਵਸਦੇ ਪੰਜਾਬੀ ਸਾਹਿਤਕਾਰਾਂ ਨੂੰ ਇਕਜੁੱਟ ਕਰਕੇ ‘ਕਵੀ ਕੁਟੀਆ’ ਨਾਂ ਦੀ ਸੰਸਥਾ ਬਣਾਈ ਜਿਸ ਵੱਲੋਂ ਮਾਸਿਕ ਪੱਤਰ ‘ਕਵੀ’ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ। ਕਲਕੱਤੇ ਤੋਂ ਹੀ ‘ਦੁਖੀ’ ਨੇ ‘ਸਿੰਡੀਕੇਟ’ ਅਤੇ ‘ਸਾਂਝੀਵਾਲ’ ਨਾਂ ਦੇ ਪਰਚੇ ਛਾਪਣੇ ਸ਼ੁਰੂ ਕੀਤੇ। ‘ਸਾਂਝੀਵਾਲ’ ਦੀ ਸੁਰ ‘ਗਦਰ’ ਅਖ਼ਬਾਰ ਵਾਲੀ ਸੀ ਜਿਸ ਕਾਰਨ ਬੰਗਾਲ ਸਰਕਾਰ ਨੇ 1931 ਵਿੱਚ ‘ਸਾਂਝੀਵਾਲ’ ਛਾਪਣ ਵਾਲੀ ਪ੍ਰੈੱਸ ਜ਼ਬਤ ਕਰ ਲਈ ਜਿਸ ਕਾਰਨ ਇਹ ਪਰਚੇ ਛਪਣੇ ਬੰਦ ਹੋ ਗਏ। ਪਿੱਛੋਂ ਮੁਨਸ਼ਾ ਸਿੰਘ ‘ਦੁਖੀ’ ‘ਵਿਹਾਰ ਸੁਧਾਰ’ ਮੀਆਂ ਚੰਨੂ/ਰਾਵਲਪਿੰਡੀ, ‘ਜੀਵਨ’ ਬੰਬਈ, ‘ਕੌਮੀ ਸ਼ਹੀਦ’ ਫਗਵਾੜਾ ਦੇ ਸੰਪਾਦਕ ਵੀ ਬਣੇ। ਮੁਨਸ਼ਾ ਸਿੰਘ ‘ਦੁਖੀ’ ਨੇ ਕਵਿਤਾ, ਕਹਾਣੀ, ਨਾਵਲ, ਜੀਵਨੀ ਅਤੇ ਨਿਬੰਧ ਲਿਖ ਕੇ ਸਰਬਾਂਗੀ ਸਾਹਿਤਕਾਰ ਹੋਣ ਦਾ ਫਖ਼ਰ ਹਾਸਲ ਕੀਤਾ।
ਪਿਛਲੀ ਉਮਰ ਵਿੱਚ ਮੁਨਸ਼ਾ ਸਿੰਘ ‘ਦੁਖੀ’ ਅਧਰੰਗ ਦਾ ਸ਼ਿਕਾਰ ਹੋ ਗਿਆ। ਆਪਣੀ ਜੀਵਨ ਲੀਲ੍ਹਾ ਨੂੰ ਸਮਾਪਤੀ ਦੇ ਨੇੜ ਦੇਖ ਕੇ ਇੱਕ ਦਿਨ ਉਸ ਨੇ ਇਹ ਰੁਬਾਈ ਲਿਖੀ:
ਛਾ ਗਿਆ ਬੱਦਲ ਅਜ਼ਲ ਦਾ ਛਾ ਗਿਆ,
ਖਾ ਗਿਆ ਘੁਣ ਦੁੱਖ ਹੱਡਾਂ ਨੂੰ ਖਾ ਗਿਆ,
ਚਾਰ ਦਿਨ ਦਾ ਪ੍ਰਾਹੁਣਾ ਹੁਣ ‘ਦੁਖੀ’,
ਆ ਗਿਆ ਹੁਣ ਵਕਤ ਨੇੜੇ ਆ ਗਿਆ।
ਕੁਝ ਹੀ ਦਿਨ ਪਿੱਛੋਂ 26 ਜਨਵਰੀ 1971 ਦੇ ਦਿਨ ਨਿਧੜਕ ਤੇ ਨਿਡਰ ਦੇਸ਼ਭਗਤ ਅਤੇ ਬਹੁ-ਪੱਖੀ ਸਾਹਿਤਕਾਰ ਮੁਨਸ਼ਾ ਸਿੰਘ ‘ਦੁਖੀ’ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ।
ਸੰਪਰਕ: 9417049417

Advertisement
Author Image

Advertisement