For the best experience, open
https://m.punjabitribuneonline.com
on your mobile browser.
Advertisement

ਮੁਫ਼ਤ ਸਫ਼ਰ ਨੇ ਘਸਾਏ ਬਠਿੰਡਾ ਡਿੱਪੂ ਦੀਆਂ ਲਾਰੀਆਂ ਦੇ ਟਾਇਰ

08:54 AM Sep 29, 2024 IST
ਮੁਫ਼ਤ ਸਫ਼ਰ ਨੇ ਘਸਾਏ ਬਠਿੰਡਾ ਡਿੱਪੂ ਦੀਆਂ ਲਾਰੀਆਂ ਦੇ ਟਾਇਰ
ਬਠਿੰਡਾ ਸਥਿਤ ਪੀਆਰਟੀਸੀ ਦੇ ਡਿੱਪੂ ’ਚ ਟਾਇਰ ਨਾ ਹੋਣ ਕਾਰਨ ਖੜ੍ਹੀ ਬੱਸ।
Advertisement

ਸ਼ਗਨ ਕਟਾਰੀਆ
ਬਠਿੰਡਾ, 28 ਸਤੰਬਰ
‘ਬੀਬੀਆਂ ਨੂੰ ਮੁਫ਼ਤ ਸਫ਼ਰ ਕਰਾਉਣ ਵਾਲੀਆਂ ਸਰਕਾਰੀ ਲਾਰੀਆਂ ਦੀ ਹਾਲਤ ਚਿੰਤਾਜਨਕ ਹੈ। ਰੋਜ਼ਾਨਾ ਲੱਖਾਂ ਰੁਪਏ ਦੀ ਵੱਟਤ ਕਰਨ ਵਾਲੇ ਪੀਆਰਟੀਸੀ ਡਿੱਪੂ ਬਠਿੰਡਾ ਦੀਆਂ ਕਰੀਬ ਇੱਕ ਦਰਜਨ ਬੱਸਾਂ ਲੋੜੀਂਦੇ ਕਲਪੁਰਜ਼ੇ ਨਾ ਮਿਲਣ ਕਾਰਣ ਡਿੱਪੂ ’ਚ ਆਰਾਮ ਫ਼ਰਮਾ ਰਹੀਆਂ ਹਨ। ਇਹ ਦਾਅਵਾ ਹੈ ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਕੁਲਵੰਤ ਸਿੰਘ ਮਨੇਸ ਅਤੇ ਕੁਲਦੀਪ ਸਿੰਘ ਬਾਦਲ ਨੇ ਕੀਤਾ ਹੈ।
ਇਨ੍ਹਾਂ ਆਗੂਆਂ ਅਨੁਸਾਰ ਬਠਿੰਡਾ ਡਿੱਪੂ ਵਿੱਚ ਕਰੀਬ ਇੱਕ ਦਰਜਨ ਬੱਸਾਂ, ਟਾਇਰ ਅਤੇ ਸਪੇਅਰ ਪਾਰਟਸ ਦੀ ਘਾਟ ਕਾਰਨ ਡਿੱਪੂ ਵਿਚ ਖੜ੍ਹੀਆਂ ਹਨ। ਆਗੂਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਪੰਜਾਹ ਲੱਖ ਰੁਪਏ ਦੇ ਕਰੀਬ ਵੱਟਤ ਕਰਨ ਵਾਲਾ ਬਠਿੰਡਾ ਡਿੱਪੂ, ਸਪੇਅਰ ਪਾਰਟਸ ਦੀ ਘਾਟ ਕਾਰਨ ਲੋਕਾਂ ਨੂੰ ਸਫ਼ਰ ਸਹੂਲਤ ਦੇਣ ਤੋਂ ਅਸਮਰੱਥ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਪਬਲਿਕ ਅਦਾਰੇ ਬੰਦ ਕਰਨ ਵੱਲ ਤੁਰੀ ਹੋਈ ਹੈ, ਜੋ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਨਜ਼ਰ ਆਉਂਦੀ ਹੈ। ਆਗੂਆਂ ਨੇ ਦਾਅਵਾ ਠੋਕਿਆ ਕਿ ਹਰ ਰੋਜ਼ ਇਕ ਦੋ ਬੱਸਾਂ ਸਾਮਾਨ ਦੀ ਘਾਟ ਕਾਰਨ ਡਿੱਪੂ ਵਿੱਚ ਖੜ੍ਹ ਜਾਂਦੀਆਂ ਹਨ ਅਤੇ ਸਵਾਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ
ਵਰਕਸ਼ਪ ਪ੍ਰਧਾਨ ਬਲਕਾਰ ਸਿੰਘ ਗਿੱਲ ਨੇ ਕਿਹਾ ਕਿ ਔਰਤਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਪਰ 52 ਸੀਟਾਂ ਵਾਲੀ ਬੱਸ ਵਿੱਚ 100 ਤੋਂ ਜ਼ਿਆਦਾ ਸਵਾਰੀਆਂ ਹੋਣ ਕਾਰਨ ਆਮ ਲੋਕਾਂ ਨੂੰ ਬੱਸਾਂ ਵਿੱਚ ਸਫ਼ਰ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰੀ ਬੱਸਾਂ ਦੇ ਟਾਈਮ ਘੱਟ ਹੋਣ ਕਰਕੇ ਦੋ-ਦੋ ਘੰਟੇ ਅੱਡਿਆਂ ’ਤੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਆਗੂਆਂ ਨੇ ਸਰਕਾਰ ਅਤੇ ਸਰਕਾਰੀ ਟਰਾਂਸਪੋਰਟ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਾਰੇ ਡਿੱਪੂਆਂ ਵਿੱਚ ਸਪੇਅਰ ਪਾਰਟ ਅਤੇ ਟਾਇਰ ਜਲਦੀ ਭੇਜ ਕੇ ਡਿੱਪੂਆਂ ’ਚ ਖੜ੍ਹੀਆਂ ਬੱਸਾਂ ਸੜਕਾਂ ’ਤੇ ਲਿਆਂਦੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ ਦੇ ਲਿਹਾਜ਼ ਨਾਲ ਘੱਟੋ-ਘੱਟ ਦਸ ਹਜ਼ਾਰ ਨਵੀਆਂ ਬੱਸਾਂ ਪਾਈਆਂ ਸਰਕਾਰੀ ਬੇੜੇ ਵਿੱਚ ਪਾਈਆਂ ਜਾਣ, ਤਾਂ ਜੋ ਲੋਕਾਂ ਨੂੰ ਸਹੀ ਸਫ਼ਰ ਸਹੂਲਤ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ।

Advertisement

ਬੱਸਾਂ ਲਈ ਟਾਇਰਾਂ ਦੀ ਕੋਈ ਦਿੱਕਤ ਨਹੀਂ: ਜੀਐੱਮ

ਪੀਆਰਟੀਸੀ ਡਿੱਪੂ ਬਠਿੰਡਾ ਦੇ ਜਨਰਲ ਮੈਨੇਜਰ ਪ੍ਰਵੀਨ ਸ਼ਰਮਾ ਨੇ ਸਪਸ਼ਟ ਕੀਤਾ ਕਿ ਬਗ਼ੈਰ ਟਾਇਰਾਂ ਤੋਂ ਡਿੱਪੂ ’ਚ ਖੜ੍ਹੀਆਂ ਬੱਸਾਂ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਬੱਸਾਂ ਕੰਡਮ ਕਰਾਰ ਦਿੱਤੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੇ ਬਿਹਤਰ ਸਥਿਤੀ ਵਾਲੇ ਟਾਇਰ ਹੋਰ ਬੱਸਾਂ ਦੇ ਲਾਏ ਗਏ ਹਨ ਤਾਂ ਜੋ ਚੰਗੀਆਂ ਬੱਸਾਂ ਸੜਕਾਂ ’ਤੇ ਦੌੜਦੀਆਂ ਰਹਿਣ। ਉਨ੍ਹਾਂ ਖੁਲਾਸਾ ਕੀਤਾ ਕਿ ਨਵੇਂ ਟਾਇਰਾਂ ਤੇ ਕਲਪੁਰਜ਼ਿਆਂ ਦੇ ਟੈਂਡਰ ਜਲਦੀ ਹੋਣ ਜਾ ਰਹੇ ਹਨ ਅਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

Advertisement

Advertisement
Author Image

sanam grng

View all posts

Advertisement