ਵਿਧਾਇਕ ਵੱਲੋਂ ਰਿੰਗ ਰੋਡ ਤੇ ਇੰਡਸਟਰੀਅਲ ਗਰੋਥ ਸੈਂਟਰ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਸਤੰਬਰ
ਸ਼ਹਿਰ ਅੰਦਰ ਟ੍ਰੈਫ਼ਿਕ ਦੀ ਸਮੱਸਿਆ ਦੇ ਮੱਦੇਨਜ਼ਰ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਅੱਜ ਰਿੰਗ ਰੋਡ-1 ਅਤੇ ਇੰਡਸਟਰਲ ਏਰੀਆ ਗਰੋਥ ਸੈਂਟਰ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੀ ਹਾਜ਼ਰ ਰਹੇ। ਵਿਧਾਇਕ ਗਿੱਲ ਵੱਲੋਂ ਮਤੀਦਾਸ ਨਗਰ ਦੇ ਲੋਕਾਂ ਵੱਲੋਂ ਮੇਨ ਮਾਨਸਾ ਰੋਡ (ਨਜ਼ਦੀਕ ਫਲਾਈ ਓਵਰ), ਜਿੱਥੇ ਰਿੰਗ ਰੋਡ-1 ਨੇ ਆ ਕੇ ਮਿਲਣਾ ਹੈ, ਵਿਖੇ ਆਉਣ ਵਾਲੀ ਟ੍ਰੈਫ਼ਿਕ ਦੀ ਸਮੱਸਿਆ ਬਾਰੇ ਦੱਸਿਆ। ਇਸ ’ਤੇ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਢੁਕਵੇਂ ਹੱਲ ਕਰਨ ਲਈ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ 400 ਕਿੱਲੇ ਵਿੱਚ ਬਣੇ ਇੰਡਸਟਰੀਅਲ ਗਰੋਥ ਸੈਂਟਰ ਵਿਖੇ ਸਨਅਤਕਾਰਾਂ ਦੀਆਂ ਸੀਵਰੇਜ, ਲਾਈਟਾਂ ਅਤੇ ਪਾਰਕਾਂ ਆਦਿ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ। ਉਨ੍ਹਾਂ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ। ਵਿਸ਼ੇਸ਼ ਤੌਰ ’ਤੇ ਦੋ ਏਕੜ ਵਿੱਚ ਬਣੇ ਪਾਰਕ ਨੂੰ ਜਲਦ ਤੋਂ ਜਲਦ ਵਿਕਸਤ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।ਸ੍ਰੀ ਗਿੱਲ ਨੇ ਗਰੋਥ ਸੈਂਟਰ ਵਿੱਚ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ 12 ਏਕੜ ਵਿੱਚ ਗਰੀਨ ਬੈਲਟ ਨੂੰ ‘ਲੰਗ਼ਜ਼ ਆਫ਼ ਸਿਟੀ’ ਵਜੋਂ ਤਿਆਰ ਕਰਨ ਵਾਸਤੇ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ। ਇਸ ਮੌਕੇ ਪ੍ਰਧਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਰਾਮ ਪ੍ਰਕਾਸ਼ ਜਿੰਦਲ, ਐਮਸੀ ਸੁਖਦੀਪ ਸਿੰਘ ਢਿੱਲੋ, ਲਾਜਪਤ ਗੋਇਲ, ਕਪਿਲ ਗੋਇਲ ਤੇ ਹੋਰ ਹਾਜ਼ਰ ਸਨ।