ਧਾਰਮਿਕ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਨਾਲ ਠੱਗੀ
ਗੁਰਦੀਪ ਸਿੰਘ ਟੱਕਰ
ਮਾਛੀਵਾਡ਼ਾ, 3 ਜੁਲਾਈ
ਜੰਮੂ-ਕਸ਼ਮੀਰ ਵਿੱਚ ਸਥਿਤ ਮਾਤਾ ਵੈਸ਼ਨੂੰ ਦੇਵੀ ਦੀ ਯਾਤਰਾ ਲਈ ਹੈਲੀਕਾਪਟਰ ਦੀ ਬੁਕਿੰਗ ਕਰਵਾਉਣ ਵਾਲੇ ਸ਼ਰਧਾਲੂਆਂ ਨਾਲ ਠੱਗੀ ਹੋ ਰਹੀ ਹੈ। ਇਸ ਤਰ੍ਹਾਂ ਦਾ ਹੀ ਘਟਨਾ ਮਾਛੀਵਾਡ਼ਾ ਇਲਾਕੇ ਦੇ ਨਿਤਿਨ ਜੈਨ ਨਾਲ ਵਾਪਰੀ ਹੈ। ਉਸ ਨੇ ਮਾਤਾ ਵੈਸ਼ਨੂੰ ਦੇਵੀ ਸ਼ਰਾਇਨ ਬੋਰਡ ਰਾਹੀਂ 30 ਜੂਨ ਨੂੰ ਮਾਤਾ ਦਰਸ਼ਨਾਂ ਲਈ ਕੱਟਡ਼ਾ ਤੋਂ ਹੈਲੀਕਾਪਟਰ ਦੀ ਸੇਵਾ ਬੁੱਕ ਕਰਵਾਈ ਸੀ। ਇਸ ਸ਼ਰਧਾਲੂ ਨੂੰ ਅਚਾਨਕ ਯਾਤਰਾ ’ਤੇ ਜਾਣ ਲਈ ਆਪਣੇ ਪ੍ਰੋਗਰਾਮ ਵਿੱਚ ਤਬਦੀਲੀ ਕਰਨ ਪਈ। ਇਸ ਸਬੰਧੀ ਜਦੋਂ ਉਸ ਨੇ ਗੂਗਲ ’ਤੇ ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ਤੋਂ ਨੰਬਰ ਲੈ ਕੇ ਫੋਨ ਕੀਤਾ ਤਾਂ ਅੱਗੋਂ ਵਿਅਕਤੀ ਨੇ ਕਿਹਾ ਕਿ ਜਾਣ ਦੇ ਸਮੇਂ ’ਚ ਤਬਦੀਲੀ ਸਬੰਧੀ ਉਸ ਨੂੰ 3500 ਰੁਪਏ ਕੰਪਨੀ ਦੇ ਅਕਾਊਂਟ ਵਿੱਚ ਪਾਉਣੇ ਪੈਣਗੇ। ਨਿਤਿਨ ਨੇ ਅਕਾਊਂਟ ਨੰਬਰ ਵਿੱਚ 3500 ਰੁਪਏ ਪਤਾ ਦਿੱਤਾ ਗਿਅਾ। ਕੁਝ ਘੰਟਿਆਂ ਬਾਅਦ ਫਿਰ ਹੈਲੀਕਾਪਟਰ ਕੰਪਨੀ ਦੇ ਇਸ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਉਹ 4560 ਰੁਪਏ ਹੋਰ ਪਾਣੇ ਪੈਣਗੇ ਤਾਂ ਹੀ ਟਿਕਟ ਜਾਰੀ ਹੋਵੇਗੀ ਜਿਸ ’ਚੋਂ ਉਸ ਨੂੰ 4500 ਰੁਪਏ ਰਿਫੰਡ ਹੋ ਜਾਵੇਗਾ। ਨਿਤਿਨ ਨੂੰ ਜਦੋਂ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਮਾਤਾ ਵੈਸ਼ਨੂੰ ਦੇਵੀ ਸ਼ਰਾਇਨ ਬੋਰਡ ’ਤੇ ਸ਼ਿਕਾਇਤ ਦਰਜ ਕਰਵਾਈ ਕਿ ਇਸ ਪਵਿੱਤਰ ਨਾਮ ਦੀ ਆਡ਼ ਹੇਠ ਠੱਗੀਆਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੇ ਅੱਗੋਂ ਸ਼ਰਧਾਲੂ ਨੂੰ ਕਿਹਾ ਕਿ ਇੱਥੇ ਅਜਿਹੇ ਠੱਗੀ ਦੇ ਬਹੁਤ ਮਾਮਲੇ ਆਉਂਦੇ ਹਨ ਲੋਕ ਆਪ ਸੁਚੇਤ ਰਹਿਣ। ਨਿਤਿਨ ਨੇ ਦੱਸਿਆ ਕਿ ਜਿਸ ਖਾਤੇ ’ਚ ਉਸ ਨੇ ਪੈਸੇ ਭੇਜੇ ਜਮ੍ਹਾਂ ਕਰਵਾਏ ਸਨ ਉਹ ਯੂਪੀ ਨਾਲ ਸਬੰਧਤ ਬ੍ਰਿਜ ਲਾਲ ਦਾ ਹੈ। ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਕੋਲ ਦਰਜ ਕਰਵਾ ਦਿੱਤੀ ਹੈ।