ਦਿਲਜੀਤ ਦੋਸਾਂਝ ਦੇ ਸ਼ੋਅ ਲਈ ਟਿਕਟਾਂ ਦੀ ਵਿਕਰੀ ’ਚ ਧੋਖਾਧੜੀ
ਨਵੀਂ ਦਿੱਲੀ, 26 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬ੍ਰਿਟਿਸ਼ ਰੌਕ ਬੈਂਡ ਕੋਲਡਪਲੇਅ ਅਤੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ’ ਸ਼ੋਅ ਦੀਆਂ ਟਿਕਟਾਂ ਦੀ ‘ਕਾਲਾਬਾਜ਼ਾਰੀ’ ਸਬੰਧੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਛਾਪੇ ਮਾਰ ਕੇ ਕਥਿਤ ਬੇਨਿਯਮੀਆਂ ਦਾ ਪਤਾ ਲਗਾਇਆ ਹੈ। ਜਾਂਚ ਏਜੰਸੀ ਨੇ ਇਸ ਸਬੰਧੀ ਪੀਐੱਮਐੱਲਏ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੰਜ ਸੂਬਿਆਂ ਦਿੱਲੀ, ਮਹਾਰਾਸ਼ਟਰ (ਮੁੰਬਈ), ਰਾਜਸਥਾਨ (ਜੈਪੁਰ), ਕਰਨਾਟਕ (ਬੰਗਲੂਰੂ) ਅਤੇ ਪੰਜਾਬ (ਚੰਡੀਗੜ੍ਹ) ਵਿੱਚ 13 ਥਾਈਂ ਛਾਪੇ ਮਾਰੇ। ‘ਦਿਲ-ਲੁਮਿਨਾਟੀ’ ਸ਼ੋਅ ਕੌਮੀ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ (ਜੇਐੱਲਐੱਨ) ਸਟੇਡੀਅਮ ਵਿੱਚ 26-27 ਅਕਤੂੁਬਰ ਨੂੰ ਕਰਵਾਇਆ ਜਾ ਰਿਹਾ ਹੈ, ਜਦਕਿ ‘ਕੋਲਡਪਲੇਅ’ ਸ਼ੋਅ ‘ਮਿਊਜ਼ਿਕ ਆਫ ਦਿ ਸਫੀਅਰਸ ਵਰਲਡ ਟੂਰ’ ਜਨਵਰੀ 2025 ਵਿੱਚ ਨਵੀਂ ਮੁੰਬਈ ’ਚ ਕਰਵਾਇਆ ਜਾਵੇਗਾ। ਈਡੀ ਨੇ ਕਿਹਾ ਕਿ ਆਮ ਤੌਰ ’ਤੇ ਸ਼ੋਅ ਦੀਆਂ ਟਿਕਟਾਂ ਜੋਮੈਟੋ, ਬੁੱਕਮਾਈਸ਼ੋਅ ਅਤੇ ਹੋਰ ਪਲੈਟਫਾਰਮਾਂ ’ਤੇ ਮੌਜੂਦ ਹੁੰਦੀਆਂ ਹਨ ਪਰ ਜਦੋਂ ਮੰਗ ਵਧਦੀ ਹੈ ਤੇ ਟਿਕਟਾਂ ਤੇਜ਼ੀ ਨਾਲ ਵਿਕ ਜਾਂਦੀਆਂ ਹਨ ਤਾਂ ਲੋਕ ਬਦਲਵੇਂ ਸਰੋਤਾਂ ਦੀ ਭਾਲ ਕਰਦੇ ਹਨ। ਈਡੀ ਨੇ ਬਿਆਨ ਵਿੱਚ ਕਿਹਾ, ‘‘ਈਡੀ ਵੱਲੋਂ ਮਾਰੇ ਛਾਪਿਆਂ ਅਤੇ ਜਾਂਚ ਦੌਰਾਨ ਕਈ ਅਜਿਹੇ ਵਿਅਕਤੀਆਂ ਦਾ ਪਤਾ ਲੱਗਿਆ ਹੈ, ਜੋ ਇੰਸਟਾਗ੍ਰਾਮ, ਵ੍ਹਟਸਐਪ ਅਤੇ ਟੈਲੀਗ੍ਰਾਮ ਰਾਹੀਂ ਸੋਸ਼ਲ ਮੀਡੀਆ ਜ਼ਰੀਏ ਅਜਿਹੀਆਂ ਟਿਕਟਾਂ ਉਪਲਬਧ ਕਰਵਾਉਣ ਲਈ ਜਾਣੇ ਜਾਂਦੇ ਹਨ। ਇਨ੍ਹਾਂ ਵਿੱਚ ਜਾਅਲੀ ਟਿਕਟਾਂ ਵੀ ਸ਼ਾਮਲ ਹੁੰਦੀਆਂ ਹਨ।’’ ਬਿਆਨ ਵਿੱਚ ਕਿਹਾ ਗਿਆ ਕਿ ਟਿਕਟ ਵਿਕਰੀ ‘ਘੁਟਾਲੇ’ ਲਈ ਵਰਤੇ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਅਤੇ ਹੋਰ ਸਾਮਾਨ ਜ਼ਬਤ ਕਰ ਲਿਆ ਹੈ, ਜੋ ‘ਅਪਰਾਧ’ ਨੂੰ ਸਾਬਤ ਕਰਦਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਛਾਪਿਆਂ ਦਾ ਉਦੇਸ਼ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ, ਇਨ੍ਹਾਂ ਘੁਟਾਲਿਆਂ ਦਾ ਸਹਿਯੋਗ ਕਰਨ ਵਾਲੇ ਵਿੱਤੀ ਨੈਟਵਰਕ ਦੀ ਜਾਂਚ ਕਰਨਾ ਅਤੇ ਅਜਿਹੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਨਾਲ ਕੀਤੀ ਕਮਾਈ ਬਾਰੇ ਪਤਾ ਲਗਾਉਣਾ ਸੀ। ਦਿੱਲੀ ਹਾਈ ਕੋਰਟ ਨੇ ਅਧਿਕਾਰਤ ਪਲੈਟਫਾਰਮਾਂ ਰਾਹੀਂ ਸ਼ੋਅ ਦੀਆਂ ਟਿਕਟਾਂ ਦੀ ਗ਼ੈਰਕਾਨੂੰਨੀ ਵਿਕਰੀ ਨੂੰ ਰੋਕਣ ਲਈ ਰੈਗੂਲੇਟਰੀ ਫਰੇਮਵਰਕ ਬਣਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਵੀਰਵਾਰ ਨੂੰ ਕੇਂਦਰ ਤੋਂ ਜਵਾਬ ਮੰਗਿਆ ਸੀ। -ਪੀਟੀਆਈ
ਦੇਸ਼ ਭਰ ’ਚ ਦਰਜ ਐੱਫਆਈਆਰਜ਼ ਦਾ ਨੋਟਿਸ ਲਿਆ
ਈਡੀ ਨੇ ਬਿਆਨ ਵਿੱਚ ਦੱਸਿਆ ਕਿ ਟਿਕਟਾਂ ਦੀ ਤੇਜ਼ੀ ਨਾਲ ਵਿਕਰੀ ਮਗਰੋਂ ‘ਜਾਅਲੀ’ ਟਿਕਟਾਂ ਦੀ ਵਿਕਰੀ ਜ਼ਰੀਏ ਪ੍ਰਸ਼ੰਸਕਾਂ ਨੂੰ ‘ਧੋਖਾ’ ਦੇਣ ਦੀਆਂ ਕਈ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਏਜੰਸੀ ਨੇ ਜਾਂਚ ਸ਼ੁਰੂ ਕੀਤੀ। ਏਜੰਸੀ ਨੇ ਦੇਸ਼ ਭਰ ਵਿੱਚ ਇਸ ਮਾਮਲੇ ’ਚ ਦਰਜ ਕਈ ਪੁਲੀਸ ਐੱਫਆਈਆਰਜ਼ ਦਾ ਨੋਟਿਸ ਲਿਆ। ਇਨ੍ਹਾਂ ਵਿੱਚ ਆਨਲਾਈਨ ਟਿਕਟ ਬੁੱਕ ਕਰਨ ਵਾਲੇ ਪੋਰਟਲ ‘ਬੁੱਕਮਾਈਸ਼ੋਅ’ ਦੁਆਰਾ ਕਈ ਮਸ਼ਕੂਕਾਂ ਖ਼ਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਵੀ ਸ਼ਾਮਲ ਹੈ, ਜਿਨ੍ਹਾਂ ਨੇ ਸ਼ੋਅ ਵਿੱਚ ਜਾਣ ਵਾਲਿਆਂ ਦਾ ਸ਼ੋਸ਼ਣ ਕੀਤਾ।