ਫਰਾਂਸ: ਗੱਦਾਫ਼ੀ ਤੋਂ ਚੋਣ ਪ੍ਰਚਾਰ ਲਈ ਪੈਸਾ ਲੈਣ ਦੇ ਮਾਮਲੇ ’ਚ ਸਾਬਕਾ ਰਾਸ਼ਟਰਪਤੀ ਸਰਕੋਜ਼ੀ ਖ਼ਿਲਾਫ਼ ਮੁਕੱਦਮਾ ਸ਼ੁਰੂ
ਪੈਰਿਸ, 6 ਜਨਵਰੀ
ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਵੱਲੋਂ 2007 ਵਿਚ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਲਈ ਲਿਬੀਆ ਦੇੇ ਤਤਕਾਲੀ ਸ਼ਾਸਕ ਮੁਆਮਰ ਗੱਦਾਫ਼ੀ ਦੀ ਸਰਕਾਰ ਤੋਂ ਕਥਿਤ ਪੈਸੇ ਲੈਣ ਦੇ ਮਾਮਲੇ ਵਿਚ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਰਕੋਜ਼ੀ (69) ਸਾਲ 2007 ਤੋਂ 2012 ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਸਨ। ਸਰਕੋਜ਼ੀ ਅੱਜ ਸੁਣਵਾਈ ਲਈ ਅਦਾਲਤ ਵਿਚ ਪਹੁੰਚੇ, ਪਰ ਉਨ੍ਹਾਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਉਂਝ ਸਾਬਕਾ ਰਾਸ਼ਟਰਪਤੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਰਕੋਜ਼ੀ ਕਈ ਵਿਵਾਦਾਂ ਵਿਚ ਘਿਰੇ ਹਨ ਤੇ ਲਿਬੀਆ ਦਾ ਮਾਮਲਾ ਸਭ ਤੋਂ ਵੱਡਾ ਤੇ ਹੈਰਾਨ ਕਰਨ ਵਾਲਾ ਹੈ। ਇਸ ਮਾਮਲੇ ਵਿਚ 10 ਅਪਰੈਲ ਤੱਕ ਸੁਣਵਾਈ ਹੋਵੇਗੀ ਤੇ ਉਸ ਮਗਰੋਂ ਫੈਸਲਾ ਆਉਣ ਦੀ ਉਮੀਦ ਹੈ। ਸਰਕੋਜ਼ੀ ਉੱਤੇ ਭ੍ਰਿਸ਼ਟਾਚਾਰ, ਚੋਣ ਪ੍ਰਚਾਰ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਲੈਣ, ਸਰਕਾਰੀ ਪੈਸੇ ਦੇ ਗਬਨ ਨੂੰ ਲੁਕਾਉਣ ਤੇ ਅਪਰਾਧਕ ਗੰਢਤੁਪ ਦੇ ਦੋਸ਼ ਹਨ। ਦੋਸ਼ੀ ਕਰਾਰ ਦਿੱਤੇ ਜਾਣ ’ਤੇ ਸਾਬਕਾ ਰਾਸ਼ਟਰਪਤੀ ਨੂੰ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਵਿਚ ਸਰਕੋਜ਼ੀ ਨਾਲ ਤਿੰਨ ਹੋਰ ਸਾਬਕਾ ਮੰਤਰੀਆਂ ਸਣੇ 11 ਜਣਿਆਂ ਖਿਲਾਫ਼ ਮੁਕੱਦਮਾ ਚੱਲ ਰਿਹਾ ਹੈ। -ਪੀਟੀਆਈ