ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਦੁਹਰਾਈ
ਵਾਸ਼ਿੰਗਟਨ, 7 ਜਨਵਰੀ
ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਮਗਰੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਆਪਣੀ ਪੇਸ਼ਕਸ਼ ਦੁਹਰਾਈ ਹੈ। ਟਰੰਪ (78) ਨੇ ਪਿਛਲੇ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਟਰੂਡੋ ਨਾਲ ਮੁਲਾਕਾਤ ਕੀਤੀ ਸੀ, ਜਿਸ ਮਗਰੋਂ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਲਗਾਤਾਰ ਇੱਛਾ ਜਤਾਉਂਦੇ ਆ ਰਹੇ ਹਨ। ਟਰੰਪ ਕਈ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਵੀ ਇਸ ਪੇਸ਼ਕਸ਼ ਦਾ ਜ਼ਿਕਰ ਕਰ ਚੁੱਕੇ ਹਨ। ਟਰੰਪ ਦੇ 2017 ਤੋਂ 2021 ਦੇ ਪਿਛਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਦੇ ਟਰੂਡੋ ਨਾਲ ਸਬੰਧ ਕੋਈ ਬਹੁਤੇ ਚੰਗੇ ਨਹੀਂ ਰਹੇ ਸਨ। ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁਥ ਸੋਸ਼ਲ’ ਉੱਤੇ ਇਕ ਪੋਸਟ ਵਿਚ ਕਿਹਾ, ‘‘ਕੈਨੇਡਾ ਵਿਚ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਇੱਛੁਕ ਹਨ। ਅਮਰੀਕਾ ਵੱਡੇ ਵਪਾਰਕ ਘਾਟੇ ਅਤੇ ਸਬਸਿਡੀਆਂ ਨੂੰ ਸਹਿਣ ਨਹੀਂ ਕਰ ਸਕਦਾ, ਜਿਸ ਦੀ ਕੈਨੇਡਾ ਨੂੰ ਆਪਣਾ ਵੱਕਾਰ ਬਚਾਅ ਕੇ ਰੱਖਣ ਦੀ ਲੋੜ ਹੈ। ਜਸਟਿਨ ਟਰੂਡੋ ਨੂੰ ਇਹ ਪਤਾ ਸੀ ਜਿਸ ਕਾਰਨ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਹੈ। ਜੇ ਕੈਨੇਡਾ, ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਨਾ ਕੋਈ ਨਵਾਂ ਟੈਕਸ ਲੱਗੇਗਾ ਅਤੇ ਬਾਕੀ ਦੇ ਟੈਕਸ ਬਹੁਤ ਘੱਟ ਹੋ ਜਾਣਗੇ। ਉਹ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ, ਜੋ ਲਗਾਤਾਰ ਉਨ੍ਹਾਂ ਨੂੰ ਘੇਰੀ ਰੱਖਦੇ ਹਨ। ਰਲ ਕੇ ਇਹ ਕਿੰਨਾ ਮਹਾਨ ਦੇਸ਼ ਬਣੇਗਾ।’’ ਉਧਰ ਕੈਨੇਡਾ ਵੱਲੋਂ ਟਰੰਪ ਦੀ ਪੇਸ਼ਕਸ਼ ’ਤੇ ਕੋਈ ਪ੍ਰਤੀਕਰਮ ਨਹੀਂ ਮਿਲਿਆ ਹੈ। -ਪੀਟੀਆਈ
ਟਰੰਪ ਵੱਲੋਂ ਨਸ਼ਿਆਂ ਅਤੇ ਪਰਵਾਸੀਆਂ ਦੀ ਆਮਦ ’ਤੇ ਰੋਕ ਲਾਉਣ ਦੇ ਨਿਰਦੇਸ਼
ਡੋਨਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਕੈਨੇਡਾ ਆਪਣੀ ਦੱਖਣੀ ਸਰਹੱਦ ਤੋਂ ਨਸ਼ਿਆਂ ਅਤੇ ਗ਼ੈਰਕਾਨੂੰਨੀ ਪਰਵਾਸੀਆਂ ਦੀ ਆਮਦ ਨੂੰ ਰੋਕਣ ’ਚ ਨਾਕਾਮ ਰਿਹਾ ਤਾਂ ਕੈਨੇਡੀਅਨ ਵਸਤਾਂ ’ਤੇ 25 ਫ਼ੀਸਦੀ ਵਾਧੂ ਦਾ ਟੈਕਸ ਲਗਾਇਆ ਜਾਵੇਗਾ। ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਆਪਣੇ ਮਨਸ਼ੇ ਸਪੱਸ਼ਟ ਕਰ ਦਿੱਤੇ ਸਨ। ਟਰੰਪ ਨੇ ਟਰੂਡੋ ਨੂੰ ਮਖੌਲ ਕਰਦਿਆਂ ਉਸ ਨੂੰ ਕੈਨੇਡਾ ਦਾ ਗਵਰਨਰ ਤੱਕ ਆਖ ਦਿੱਤਾ ਸੀ। -ਪੀਟੀਆਈ
ਬਾਇਡਨ ਸੱਤਾ ਤਬਦੀਲੀ ਮੁਸ਼ਕਲ ਬਣਾਉਣ ਦੀਆਂ ਕਰ ਰਹੇ ਨੇ ਕੋਸ਼ਿਸ਼ਾਂ: ਟਰੰਪ
ਵਾਸ਼ਿੰਗਟਨ: ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਸ਼ ਲਾਇਆ ਹੈ ਕਿ ਜੋਅ ਬਾਇਡਨ ਸੱਤਾ ਤਬਦੀਲੀ ਮੁਸ਼ਕਲ ਬਣਾਉਣ ਲਈ ਹਰ ਹਰਬਾ ਵਰਤ ਰਹੇ ਹਨ। ਉਨ੍ਹਾਂ ਬਾਇਡਨ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਹਫ਼ਤਿਆਂ ’ਚ ਜਲਵਾਯੂ ਅਤੇ ਹੋਰ ਸਰਕਾਰੀ ਮਸਲਿਆਂ ’ਤੇ ਜਾਰੀ ਹੁਕਮਾਂ ਦਾ ਹਵਾਲਾ ਦਿੱਤਾ। ਟਰੰਪ ਨੇ ‘ਟਰੁਥ ਸੋਸ਼ਲ’ ’ਤੇ ਇਕ ਪੋਸਟ ’ਚ ਕਿਹਾ, ‘‘ਬਾਇਡਨ ਸੱਤਾ ਤਬਦੀਲੀ ਨੂੰ ਮੁਸ਼ਕਲ ਬਣਾਉਣ ਦੀ ਹਰਸੰਭਵ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਫ਼ੈਸਲੇ ਲਏ ਜਾ ਰਹੇ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ। ਗਰੀਨ ਨਿਊ ਸਕੈਮ ਅਤੇ ਪੈਸੇ ਦੀ ਬਰਬਾਦੀ ਵਾਲੇ ਹੋਰ ਫ਼ੈਸਲੇ ਇਸ ਦੀ ਮਿਸਾਲ ਹਨ।’’ ਟਰੰਪ ਨੇ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਇਹ ਸਾਰੇ ਹੁਕਮ ਛੇਤੀ ਵਾਪਸ ਲੈ ਲਏ ਜਾਣਗੇ ਅਤੇ ਅਮਰੀਕਾ ਤਾਕਤ ਅਤੇ ਸਮਝ ਵਾਲਾ ਮੁਲਕ ਬਣ ਜਾਵੇਗਾ। -ਪੀਟੀਆਈ