ਫਰਾਂਸ: ਨਵੇਂ ਕਾਨੂੰਨਸਾਜ਼ਾਂ ਵੱਲੋਂ ਸਰਕਾਰ ਦੇ ਗਠਨ ਬਾਰੇ ਗੱਲਬਾਤ ਸ਼ੁਰੂ
ਪੈਰਿਸ, 9 ਜੁਲਾਈ
ਫਰਾਂਸ ਦੀਆਂ ਆਮ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਮਗਰੋਂ ਸਾਬਕਾ ਰਾਸ਼ਟਰਪਤੀ ਫਰੈਂਕੋਸ ਓਲਾਂਦ, ਸੋਸ਼ਲਿਸਟ ਪਾਰਟੀ ਅਤੇ ਫਰਾਂਸ ਦੇ ਨਵੇਂ ਚੁਣੇ ਗਏ ਕਾਨੂੰਨਸਾਜ਼ ਅੱਜ ਕੌਮੀ ਅਸੈਂਬਲੀ ਵਿੱਚ ਇਕੱਠੇ ਹੋਏ ਤਾਂ ਜੋ ਤਿੰਨ ਧਿਰੀ ਸੰਸਦ ਬਣਨ ਮਗਰੋਂ ਉਹ ਮਿਲ ਕੇ ਬਹੁਮਤ ਵਾਲੀ ਨਵੀਂ ਸਰਕਾਰ ਦਾ ਗਠਨ ਕਰ ਸਕਣ। ਫਰਾਂਸੀਸੀ ਸੰਸਦ ਦੇ ਹੇਠਲੇ ਸਦਨ ਕੌਮੀ ਅਸੈਂਬਲੀ ਲਈ ਹੋਈਆਂ ਚੋਣਾਂ ’ਚ ਖੱਬੇ ਪੱਖੀ, ਕੇਂਦਰਵਾਦੀ ਅਤੇ ਸੱਜੇ ਪੱਖੀ ਦਲਾਂ ’ਚੋਂ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਹੈ।
ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਲੰਘੇ ਦਿਨ ਪ੍ਰਧਾਨ ਮੰਤਰੀ ਗੈਬਰੀਅਲ ਐਟਲ ਨੂੰ ਸਰਕਾਰ ਦਾ ਕੰਮਕਾਜ ਜਾਰੀ ਰੱਖਣ ਲਈ ਆਖਿਆ ਸੀ। ਵੱਧ ਸੀਟਾਂ ਜਿੱਤਣ ਵਾਲੇ ਖੱਬੇ ਪੱਖੀ ਧੜੇ ਨਿਊ ਪਾਪੂਲਰ ਫਰੰਟ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੀਂ ਸਰਕਾਰ ਬਣਾਉਣੀ ਚਾਹੀਦੀ ਹੈ। ਗੱਠਜੋੜ ’ਚ ਸ਼ਾਮਲ ਤਿੰਨ ਮੁੱਖ ਪਾਰਟੀਆਂ ਕੱਟੜ ਖੱਬੇ ਪੱਖੀ ਫਰਾਂਸ ਅਨਬਾਊਂਡ, ਸੋਸ਼ਲਿਸਟ ਅਤੇ ਗਰੀਨਜ਼ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਲੱਭਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦੀ ਗੱਲਬਾਤ ਅੰਦਰੂਨੀ ਮਤਭੇਦਾਂ ਕਾਰਨ ਗੁੰਝਲਦਾਰ ਬਣ ਗਈ ਹੈ। ਕੁਝ ਲੋਕ ਕੱਟੜ ਖੱਬੇ ਪੱਖੀ ਆਗੂ ਨੂੰ ਪ੍ਰਧਾਨ ਮੰਤਰੀ ਬਣਾਉਣ ’ਤੇ ਜ਼ੋਰ ਦੇ ਰਹੇ ਹਨ ਜਦਕਿ ਕੁਝ ਵੱਲੋਂ ਜੋ ਕੇਂਦਰੀ-ਖੱਬੇ ਪੱਖੀਆਂ ਦੇ ਨੇੜੇ ਹਨ, ਸਭ ਤੋਂ ਵੱਧ ਹਰਮਨਰਪਿਆਰੀ ਸ਼ਖਸੀਅਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਸੰਸਦ ਪ੍ਰਤੀ ਜਵਾਬਦੇਹ ਹਨ ਅਤੇ ਉਨ੍ਹਾਂ ਨੂੰ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਅਨਬਾਊਂਡ ਤੇ ਗਰੀਨਜ਼ ਦੇ ਮੈਂਬਰ ਸਵੇਰ ਵੇਲੇ ਕੌਮੀ ਅਸੈਂਬਲੀ ਪਹੁੰਚੇ ਜਦਕਿ ਸਾਬਕਾ ਰਾਸ਼ਟਰਪਤੀ ਫਰੈਂਕੋਸ ਓਲਾਂਦ ਸਣੇ ਹੋਰ ਸਮਾਜਵਾਦੀ ਕਾਨੂੰਨਸਾਜ਼ ਦੁਪਹਿਰ ਵੇਲੇ ਇਕੱਠੇ ਹੋਏ।
ਸੋਸ਼ਲਿਸਟ ਪਾਰਟੀ ਦੀ ਜੋਹਾਨਾ ਰੋਲਾਂਦ ਨੇ ਕਿਹਾ ਕਿ ਸੰਭਾਵੀ ਪ੍ਰਧਾਨ ਮੰਤਰੀ ਉਮੀਦਵਾਰ ਜੀਨ ਲਿਊਕ ਮੈਲੇਨਚੋਨ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਖੱਬੇ ਪੱਖੀ ਗੱਠਜੋੜ ਸੰਭਾਵੀ ਤੌਰ ’ਤੇ ਮੈਕਰੌਂ ਦੇ ਗੱਠਜੋੜ ਦੇ ਕੇਂਦਰੀ ਖੱਬੇ ਪੱਖੀ ਮੈਂਬਰਾਂ ਨਾਲ ਗੱਲਬਾਤ ਕਰ ਸਕਦਾ ਹੈ। ਜੋਹਾਨਾ ਨੇ ਆਖਿਆ, ‘‘ਸਾਡੇ ਦਰਵਾਜ਼ੇ ਖੁੱਲ੍ਹੇ ਹਨ।’’ ਅਧਿਕਾਰਤ ਨਤੀਜਿਆਂ ਮੁਤਾਬਕ ਤਿੰਨੋਂ ਮੁੱਖ ਪਾਰਟੀਆਂ ਹੀ 577 ਮੈਂਬਰੀ ਕੌਮੀ ਅਸੈਂਬਲੀ ’ਚ ਬਹੁਮਤ ਲਈ 289 ਸੀਟਾਂ ਦੇ ਲੋੜੀਂਦੇ ਅੰਕੜੇ ਤੋਂ ਦੂਰ ਹਨ। ਮੈਕਰੌਂ ਦੇ ਕਾਰਜਕਾਲ ਦੇ ਤਿੰਨ ਸਾਲ ਹਾਲੇ ਬਾਕੀ ਹਨ। -ਏਪੀ