ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਰਾਂਸ ਚੋਣਾਂ: ਕੱਟੜ ਸੱਜੇਪੱਖੀ ਪਾਰਟੀ ਨੈਸ਼ਨਲ ਰੈਲੀ ਦੇ ਜਿੱਤਣ ਦੀ ਸੰਭਾਵਨਾ

07:36 AM Jul 08, 2024 IST
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਆਪਣੇ ਹਮਾਇਤੀਆਂ ਨਾਲ ਸੈਲਫੀ ਖਿੱਚਦੇ ਹੋਏ। -ਫੋਟੋ: ਰਾਇਟਰਜ਼

ਪੈਰਿਸ, 7 ਜੁਲਾਈ
ਫਰਾਂਸ ’ਚ ਅੱਜ ਅਹਿਮ ਸੰਸਦੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ ਜਿਨ੍ਹਾਂ ਵਿੱਚ ਮੈਰੀਨ ਲੇ ਪੈਨ ਦੀ ਕੱਟੜਪੰਥੀ ਪਾਰਟੀ ਨੈਸ਼ਨਲ ਰੈਲੀ ਤੇ ਉਸ ਦੇ ਪਰਵਾਸੀ ਵਿਰੋਧੀ ਨਜ਼ਰੀਏ ਨੂੰ ਜਿੱਤ ਹਾਸਲ ਹੋ ਸਕਦੀ ਹੈ ਜਾਂ ਮੁਲਕ ’ਚ ਲਟਕਵੀਂ ਸੰਸਦ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਪਰਮਾਣੂ ਸ਼ਕਤੀ ਵਾਲੇ ਮੁਲਕ ’ਚ ਹੋ ਰਹੀਆਂ ਚੋਣਾਂ ਦਾ ਯੂਕਰੇਨ ਜੰਗ, ਆਲਮੀ ਕੂਟਨੀਤੀ ਤੇ ਯੂਰਪ ਦੀ ਆਰਥਿਕ ਸਥਿਰਤਾ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਇਨ੍ਹਾਂ ਚੋਣਾਂ ਵਿੱਚ ਜੇ ਨੈਸ਼ਨਲ ਰੈਲੀ ਪੂਰਨ ਬਹੁਮਤ ਨਾਲ ਜਿੱਤਦੀ ਹੈ ਅਤੇ ਇਸ ਦੇ 28 ਸਾਲਾ ਨੇਤਾ ਜੌਰਡਨ ਬਾਰਡੇਲਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਦੂਜੀ ਸੰਸਾਰ ਜੰਗ ’ਚ ਨਾਜ਼ੀਆਂ ਦੇ ਕਬਜ਼ੇ ਤੋਂ ਬਾਅਦ ਫਰਾਂਸ ’ਚ ਪਹਿਲੀ ਵਾਰ ਕੱਟੜ-ਸੱਜੇਪੱਖੀ ਸਰਕਾਰ ਬਣ ਸਕਦੀ ਹੈ। ਇਨ੍ਹਾਂ ਚੋਣਾਂ ਨੂੰ ਨਸਲਵਾਦ ਤੇ ਯਹੂਦੀ ਵਿਰੋਧੀ ਭਾਵਨਾ ਦੇ ਨਾਲ ਨਾਲ ਰੂਸੀ ਸਾਈਬਰ ਮੁਹਿੰਮਾਂ ਨੇ ਪ੍ਰਭਾਵਿਤ ਕੀਤਾ ਹੈ ਅਤੇ 50 ਤੋਂ ਵੱਧ ਉਮੀਦਵਾਰਾਂ ’ਤੇ ਹਮਲਾ ਹੋਣ ਦੀ ਸੂਚਨਾ ਮਿਲੀ ਹੈ ਜੋ ਫਰਾਂਸ ਲਈ ਬਹੁਤ ਅਸਧਾਰਨ ਹੈ। ਸਰਕਾਰ ਨੇ ਇਨ੍ਹਾਂ ਚੋਣਾਂ ਲਈ 30 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ।
ਦੱਖਣੀ ਪ੍ਰਸ਼ਾਂਤ ਤੋਂ ਲੈ ਕੇ ਕੈਰੇਬਿਆਈ, ਹਿੰਦ ਮਹਾਸਾਗਰ ਤੇ ਉੱਤਰੀ ਅਟਲਾਂਟਿਕ ਤੱਕ ਫਰਾਂਸ ਦੇ ਵਿਦੇਸ਼ੀ ਖੇਤਰਾਂ ’ਚ ਦੂਜੇ ਗੇੜ ਦੀ ਵੋਟਿੰਗ ਬੀਤੇ ਦਿਨ ਸ਼ੁਰੂ ਹੋਈ ਸੀ। ਇਹ ਚੋਣਾਂ ਅੱਜ ਰਾਤ ਮੁਕੰਮਲ ਹੋ ਜਾਣਗੀਆਂ ਅਤੇ ਮੁੱਢਲੇ ਚੋਣ ਅਨੁਮਾਨ ਅੱਜ ਰਾਤ ਹੀ ਸਾਹਮਣੇ ਆ ਸਕਦੇ ਹਨ। ਅਧਿਕਾਰਤ ਚੋਣ ਨਤੀਜੇ ਅੱਜ ਦੇਰ ਰਾਤ ਜਾਂ ਭਲਕੇ ਸਵੇਰੇ ਜਾਰੀ ਕੀਤੇ ਜਾ ਸਕਦੇ ਹਨ। ਫਰਾਂਸ ਦੇ ਰਾਸ਼ਟਰਪਤੀ ਨੇ ਵੀ ਅੱਜ ਸੰਸਦੀ ਚੋਣਾਂ ਲਈ ਵੋਟ ਪਾਈ ਹੈ। ਨੈਸ਼ਨਲ ਰੈਲੀ ਪਾਰਟੀ ਨੇ 30 ਜੂਨ ਨੂੰ ਵੋਟਾਂ ਦੇ ਪਹਿਲੇ ਗੇੜ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵੋਟ ਪ੍ਰਤੀਸ਼ਤ ਹਾਸਲ ਕੀਤਾ ਹੈ ਅਤੇ ਪਾਰਟੀ ਲੀਡਰ ਮੈਰੀਨ ਲੇ ਪੈਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਦੂਜੇ ਗੇੜ ਦੀਆਂ ਵੋਟਾਂ ਵਿੱਚ ਪਾਰਟੀ ਨੂੰ ਬਹੁਮਤ ਦਿਵਾਇਆ ਜਾਵੇ। ਫਰਾਂਸ ਦੀਆਂ ਚੋਣਾਂ ਵਿੱਚ ਸ਼ਾਮ ਨੂੰ 59.71 ਫੀਸਦ ਵੋਟਰ ਆਪਣੇ ਹੱਕ ਦੀ ਵਰਤੋਂ ਕਰ ਚੁੱਕੇ ਸਨ। ਇਸ ਅੰਕੜੇ ਦੇ ਹਿਸਾਬ ਨਾਲ 1981 ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਡ ਵੋਟਿੰਗ ਹੋਣ ਦੀ ਸੰਭਾਵਨਾ ਹੈ। ਫਰਾਂਸ ਦੀ ਸੰਸਦ ਦਾ ਕਾਰਜਕਾਲ 2027 ’ਚ ਖਤਮ ਹੋਣਾ ਸੀ ਪਰ ਯੂਰਪੀ ਯੂਨੀਅਨ ਦੀਆਂ ਚੋਣਾਂ ’ਚ ਨੌਂ ਜੂਨ ਨੂੰ ਵੱਡੀ ਹਾਰ ਮਿਲਣ ਮਗਰੋਂ ਰਾਸ਼ਟਰਪਤੀ ਮੈਕਰੌਂ ਨੇ ਸਮੇਂ ਤੋਂ ਪਹਿਲਾਂ ਸੰਸਦ ਭੰਗ ਕਰਕੇ ਵੱਡਾ ਦਾਅ ਖੇਡਿਆ ਹੈ। -ਏਪੀ

Advertisement

Advertisement