ਟਰੂਡੋ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਫੌਰੀ ਲਿਬਨਾਨ ਛੱਡਣ ਦੀ ਅਪੀਲ
ਪੈਰਿਸ, 5 ਅਕਤੂਬਰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਲਿਬਨਾਨ ਛੱਡ ਦੇਣ। ਲਿਬਨਾਨ ’ਚ ਜੰਗ ਦੇ ਹਾਲਾਤ ਬਣਨ ਮਗਰੋਂ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਕੈਨੇਡੀਅਨਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਵਤਨ ਲਿਆਂਦਾ ਜਾ ਚੁੱਕਿਆ ਹੈ।
ਟਰੂਡੋ ਨੇ ਕਿਹਾ ਕਿ ਹਿਜ਼ਬੁੱਲਾ ਅਤੇ ਇਜ਼ਰਾਈਲ ਨੂੰ ਤੁਰੰਤ ਗੋਲੀਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਹਾਲਾਤ ਨੂੰ ਸਥਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮਤਿਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਧਰ ਬਰਤਾਨੀਆ ਨੇ ਕਿਹਾ ਕਿ ਉਹ ਐਤਵਾਰ ਨੂੰ ਲਿਬਨਾਨ ਲਈ ਆਖਰੀ ਵਿਸ਼ੇਸ਼ ਉਡਾਣ ਭੇਜੇਗਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਲਿਬਨਾਨ ’ਚ ਰੁਕੇ ਬ੍ਰਿਟਿਸ਼ ਨਾਗਰਿਕ ਇਸ ਉਡਾਣ ਰਾਹੀਂ ਮੁਲਕ ਪਰਤ ਸਕਦੇ ਹਨ। ਟਰੂਡੋ ਦੇ ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਹੋਰ ਉਡਾਣਾਂ ਲਿਬਨਾਨ ਭੇਜੀਆਂ ਜਾਣਗੀਆਂ ਕਿਉਂਕਿ ਛੇ ਹਜ਼ਾਰ ਕੈਨੇਡੀਅਨਾਂ ਨੇ ਮੁਲਕ ਛੱਡਣ ਦੀ ਅਪੀਲ ਕੀਤੀ ਹੈ। ਮੁਲਕ ਵੱਲੋਂ ਇਕ-ਦੋ ਦਿਨਾਂ ’ਚ 2500 ਨਾਗਰਿਕਾਂ ਕੋਲ ਪਹੁੰਚ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। -ਰਾਇਟਰਜ਼