ਚੌਥਾ ਟੈਸਟ: ਮੇਜ਼ਬਾਨ ਆਸਟਰੇਲੀਆ ਨੇ ਭਾਰਤ ਖ਼ਿਲਾਫ਼ 333 ਦੌੜਾਂ ਦੀ ਲੀਡ ਲਈ
ਮੈਲਬਰਨ, 29 ਦਸੰਬਰ
ਮੇਜ਼ਬਾਨ ਆਸਟਰੇਲੀਆ ਨੇ ਚੌਥੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਮੈਚ ਉੱਤੇ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ। ਮੇਜ਼ਬਾਨ ਟੀਮ ਨੇ ਭਾਰਤ ਖਿਲਾਫ਼ ਦੂਜੀ ਪਾਰੀ ਵਿਚ 333 ਦੌੜਾਂ ਦੀ ਮਜ਼ਬੂਤ ਲੀਡ ਲੈ ਲਈ ਹੈ। ਦਿਨ ਦੀ ਖੇਡ ਖ਼ਤਮ ਹੋਣ ਉੱਤੇ ਆਸਟਰੇਲੀਆ ਨੇ 9 ਵਿਕਟਾਂ ਦੇੇ ਨੁਕਸਾਨ ਨਾਲ 228 ਦੌੜਾਂ ਬਣਾ ਲਈਆਂ ਸਨ।
ਉਧਰ ਭਾਰਤ ਦੇ ਜਸਪ੍ਰੀਤ ਬੁਮਰਾਹ ਨੇ ਟੈਸਟ ਕ੍ਰਿਕਟ ਵਿਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ। ਬੁਮਰਾਹ ਨੇ ਦੂਜੀ ਪਾਰੀ ਵਿਚ 56 ਦੌੜਾਂ ਦੇ ਕੇ ਚਾਰ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਮੁਹੰਮਦ ਸਿਰਾਜ ਨੇ 66 ਦੌੜਾਂ ਬਦਲੇ ਤਿੰਨ ਵਿਕਟ ਲਏ। ਆਸਟਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ 139 ਗੇਂਦਾਂ ਵਿਚ 70 ਦੌੜਾਂ ਦੀ ਪਾਰੀ ਖੇਡੀ। ਕਪਤਾਨ ਪੈਟ ਕਮਿਨਸ ਨੇ ਵੀ 90 ਗੇਂਦਾਂ ’ਤੇ 41 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਨਾਥਨ ਲਾਇਨ ਤੇ ਸਕੌਟ ਬੋਲੈਂਡ ਨੇ ਆਖਰੀ ਵਿਕਟ ਲਈ 55 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਇਸ ਤੋਂ ਪਹਿਲਾਂ ਅੱਜ ਦਿਨੇਂ ਭਾਰਤ ਦੀ ਪਹਿਲੀ ਪਾਰੀ 369 ਦੌੜਾਂ ’ਤੇ ਸਿਮਟ ਗਈ ਸੀ। ਨਿਤੀਸ਼ ਕੁਮਾਰ ਰੈੱਡੀ ਨੇ ਟੀਮ ਲਈ 114 ਦੌੜਾਂ ਬਣਾਈਆਂ ਤੇ ਉਹ ਨਾਥਨ ਲਾਇਨ ਦਾ ਸ਼ਿਕਾਰ ਬਣਿਆ। ਸੰਖੇਪ ਸਕੋਰ: ਆਸਟਰੇਲੀਆ 474 ਤੇ 228/9(82 ਓਵਰਾਂ ’ਚ) ਭਾਰਤ ਪਹਿਲੀ ਪਾਰੀ 369 ਦੌੜਾਂ। -ਪੀਟੀਆਈ