ਚੌਥਾ ਕ੍ਰਿਕਟ ਟੈਸਟ: ਆਸਟਰੇਲੀਆ ਨੇ ਪਹਿਲੇ ਦਿਨ 311 ਦੌੜਾਂ ਬਣਾਈਆਂ
ਮੈਲਬਰਨ, 26 ਦਸੰਬਰ
ਆਸਟਰੇਲੀਆ ਨੇ ਪਲੇਠਾ ਮੈਚ ਖੇਡ ਰਹੇ ਸੈਮ ਕੋਨਸਟਾਸ ਸਣੇ ਚਾਰ ਬੱਲੇਬਾਜ਼ਾਂ ਦੇ ਨੀਮ ਸੈਂਕੜਿਆਂ ਸਦਕਾ ਅੱਜ ਇੱਥੇ ਭਾਰਤ ਖ਼ਿਲਾਫ਼ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ’ਤੇ 311 ਦੌੜਾਂ ਬਣਾ ਲਈਆਂ, ਜਦਕਿ ਭਾਰਤੀ ਗੇਂਦਬਾਜ਼ੀ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕੀਤਾ। ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਮੈਚ ’ਚ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਆਸਟਰੇਲੀਆ ਵੱਲੋਂ ਪਹਿਲਾ ਟੈਸਟ ਖੇਡ ਰਹੇ ਸੈਮ ਕੋਨਸਟਾਸ ਨੇ 65 ਗੇਂਦਾਂ ’ਤੇ 60 ਦੌੜਾਂ, ਉਸਮਾਨ ਖਵਾਜਾ ਨੇ 121 ਗੇਂਦਾਂ ਤੇ 57 ਦੌੜਾਂ ਅਤੇ ਮਾਰਨਸ ਲਾਬੂਸ਼ੇਨ ਨੇ 145 ਗੇਂਦਾਂ ’ਤੇ 72 ਦੌੜਾਂ ਬਣਾਈਆਂ। ਐਲੇਕਸ ਕੈਰੀ 31 ਦੌੜਾਂ ਤੇ ਐੱਮ. ਮਾਰਸ਼ 4 ਦੌੜਾਂ ਬਣਾ ਆਊੁਟ ਹੋਏ। ਹਾਲਾਂਕਿ ਲਗਾਤਾਰ ਦੋ ਸੈਂਕੜੇ ਮਾਰਨ ਵਾਲਾ ਟਰੈਵਿਸ ਹੈੱਡ ਬੁਮਰਾਹ ਦੀ ਗੇਂਦ ਦਾ ਸਹੀ ਅੰਦਾਜ਼ਾ ਨਾ ਲਾ ਸਕਿਆ ਅਤੇ ਬਿਨਾਂ ਖਾਤਾ ਖੋਲ੍ਹੇ ਕੇ ਬੋਲਡ ਹੋ ਕੇ ਪਵੈਲੀਅਨ ਪਰਤ ਗਿਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਸਟੀਵ ਸਮਿਥ 68 ਦੌੜਾਂ ਅਤੇ ਕਪਤਾਨ ਪੈਟ ਕਮਿਨਸ 8 ਦੌੜਾਂ ਬਣਾ ਕੇ ਨਾਬਾਦ ਸਨ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 75 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਅਕਾਸ਼ਦੀਪ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ
ਆਸਟਰੇਲਿਆਈ ਬੱਲੇਬਾਜ਼ ਨੂੰ ਮੋਢਾ ਮਾਰਨ ’ਤੇ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦ ਜੁਰਮਾਨਾ
ਮੈਲਬਰਨ:
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ’ਤੇ ਆਸਟਰੇਲੀਆ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਇੱਥੇ ਮੇਜ਼ਬਾਨ ਟੀਮ ਦੇ ਸਲਾਮੀ ਬੱਲੇਬਾਜ਼ ਸੈਮ ਕੋਨਸਟਾਸ ਨਾਲ ਭਿੜਨ ਕਾਰਨ ਮੈਚ ਫ਼ੀਸ ਦਾ 20 ਫ਼ੀਸਦ ਜੁਰਮਾਨਾ ਲਾਇਆ ਤੇ ਉਸ ਦੇ ਖਾਤੇ ’ਚ ਡੀਮੈਰਿਟ ਅੰਕ ਵੀ ਜੋੜਿਆ ਹੈ। ਮੈਲਬਰਨ ਕ੍ਰਿਕਟ ਗਰਾਊਂਡ ’ਚ ਖੇਡੇ ਜਾ ਰਹੇ ਇਸ ਟੈਸਟ ਮੈਚ ਦੇ 10ਵੇਂ ਓਵਰ ’ਚ ਇਹ ਘਟਨਾ ਹੋਈ ਜਦੋਂ ਕੋਹਲੀ ਤੇ ਕੋਨਸਟਾਸ ਨੇ ਇੱਕ ਦੂਜੇ ਨੂੰ ਮੋਢਾ ਮਾਰਿਆ, ਜਿਸ ਮਗਰੋਂ ਦੋਵਾਂ ਵਿਚਾਲੇ ਮਾਮੂਲੀ ਬਹਿਸ ਵੀ ਹੋਈ। ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਜਾਰੀ ਬਿਆਨ ’ਚ ਕਿਹਾ, ‘‘ਆਈਸੀਸੀ ਜ਼ਾਬਤੇ ਦੀ ਧਾਰਾ 2.12 ਕਿਸੇ ਖਿਡਾਰੀ, ਖਿਡਾਰੀ ਦੇ ਸਹਿਯੋਗੀ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ (ਕੌਮਾਂਤਰੀ ਮੈਚ ਦੌਰਾਨ ਇੱਕ ਦਰਸ਼ਕ ਸਣੇ) ਨਾਲ ਅਢੁੱਕਵੇਂ ਸਰੀਰਕ ਸੰਪਰਕ ਨਾਲ ਸਬੰਧਤ ਹੈ।’’ ਕੋਨਸਟਾਸ ਨੇ ਹਾਲਾਂਕਿ ਇਸ ਘਟਨਾ ਨੂੰ ਤਵੱਜੋ ਨਹੀਂ ਦਿੱਤੀ ਅਤੇ ਕਿਹਾ ਇਹ ਕ੍ਰਿਕਟ ਹੈ ਅਤੇ ਤਣਾਅ ਭਰੇ ਸਮੇਂ ’ਚ ਅਜਿਹਾ ਹੋ ਜਾਂਦਾ ਹੈ। -ਪੀਟੀਆਈ