For the best experience, open
https://m.punjabitribuneonline.com
on your mobile browser.
Advertisement

ਨਿੱਝਰ ਕਾਂਡ ’ਚ ਚੌਥੀ ਗ੍ਰਿਫ਼ਤਾਰੀ

06:31 AM May 13, 2024 IST
ਨਿੱਝਰ ਕਾਂਡ ’ਚ ਚੌਥੀ ਗ੍ਰਿਫ਼ਤਾਰੀ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 12 ਮਈ
ਕੈਨੇਡਾ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਚੌਥੇ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਪੁਲੀਸ ਇਸ ਕੇਸ ਵਿਚ ਤਿੰਨ ਭਾਰਤੀ ਨੌਜਵਾਨਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਗਏ ਚੌਥੇ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ (22) ਵਜੋਂ ਦੱਸੀ ਗਈ ਹੈ ਜੋ ਕੈਨੇਡਾ ਦੇ ਬਰੈਂਪਟਨ, ਸਰੀ ਅਤੇ ਐਬਟਸਫੋਰਡ ਇਲਾਕਿਆਂ ਦਾ ਵਸਨੀਕ ਹੈ। ਉਸ ਉੱਤੇ ਪਹਿਲਾ ਦਰਜਾ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਸੂਤਰਾਂ ਮੁਤਾਬਕ ਚਾਰੋਂ ਮੁਲਜ਼ਮਾਂ ਦੇ ਬਿਸ਼ਨੋਈ ਗੈਂਗ ਨਾਲ ਸਬੰਧਾਂ ਦਾ ਸ਼ੱਕ ਹੈ। ਨਿੱਝਰ (45) ਦੀ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੀ ਜਾਂਚ ਟੀਮ ਨੇ ਕਿਹਾ ਕਿ ਅਮਨਦੀਪ ਸਿੰਘ ਨੂੰ ਨਿੱਝਰ ਕਤਲ ਕੇਸ ਵਿਚ ਉਸ ਦੀ ਸ਼ੱਕੀ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਲੀਜ਼ ਮੁਤਾਬਕ ਅਮਨਦੀਪ ਸਿੰਘ ਹਥਿਆਰਾਂ ਨਾਲ ਜੁੜੇ ਇਕ ਮਾਮਲੇ ਵਿਚ ਪਹਿਲਾਂ ਹੀ ਪੀਲ ਰੀਜਨਲ ਪੁਲੀਸ ਦੀ ਹਿਰਾਸਤ ਵਿਚ ਸੀ। ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਮਨਦੀਪ ਮੂਕਰ ਨੇ ਕਿਹਾ ਕਿ ਇਸ ਗ੍ਰਿਫ਼ਤਾਰੀ ਨਾਲ ਸਪੱਸ਼ਟ ਹੁੰਦਾ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਚੱਲ ਰਹੀ ਜਾਂਚ ਨੂੰ ਕਿਸ ਸ਼ਿੱਦਤ ਨਾਲ ਅੰਜਾਮ ਤੱਕ ਪਹੁੰਚਾਇਆ ਜਾ ਰਿਹਾ ਹੈ। ਕੇਸ ਨਾਲ ਸਬੰਧਤ ਇਕ ਸੂਤਰ ਦੇ ਹਵਾਲੇ ਨਾਲ ਗਲੋਬਲ ਨਿਊਜ਼ ਨੇ ਕਿਹਾ ਕਿ ਨਿੱਝਰ ’ਤੇ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ’ਚੋਂ ਇਕ ਅਮਨਦੀਪ ਸਿੰਘ ਵੀ ਸੀ। ਸੂਤਰ ਨੇ ਕਿਹਾ ਕਿ ਅਮਨਦੀਪ ਵੀ ਆਰਜ਼ੀ ਵੀਜ਼ੇ ’ਤੇ ਕੈਨੇਡਾ ਆਇਆ ਸੀ ਪਰ ਉਹ ਹਿੰਸਕ ਅਪਰਾਧਾਂ ਨਾਲ ਕਥਿਤ ਤੌਰ ’ਤੇ ਜੁੜ ਗਿਆ ਸੀ। ਅਮਨਦੀਪ ਸਿੰਘ ਨੂੰ ਪਿਛਲੇ ਸਾਲ 3 ਨਵੰਬਰ ਨੂੰ ਪੀਲ ਪੁਲੀਸ ਨੇ ਬਰੈਂਪਟਨ ’ਚ ਇਕ ਨਾਕੇ ’ਤੇ ਚਾਰ ਹੋਰ ਵਿਅਕਤੀਆਂ ਨਾਲ ਰੋਕਿਆ ਸੀ। ਉਨ੍ਹਾਂ ਦੇ ਕਬਜ਼ੇ ’ਚੋਂ ਇਕ ਪਿਸਟਲ, 24 ਕਾਰਤੂਸਾਂ ਵਾਲਾ ਮੈਗਜ਼ੀਨ ਅਤੇ ਕੁਝ ਹੋਰ ਅਸਲਾ ਬਰਾਮਦ ਹੋਇਆ ਸੀ। ਪੁਲੀਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਦੇ ਸੰਕੇਤ ਮਿਲ ਰਹੇ ਹਨ, ਜਿਨ੍ਹਾਂ ਵਿਰੁੱਧ ਸਬੂਤ ਇਕੱਤਰ ਕਰਕੇ ਉਨ੍ਹਾਂ ਦੀ ਲੁਕਣਗਾਹ ਤੱਕ ਵੀ ਪਹੁੰਚ ਬਣਾ ਲਈ ਜਾਏਗੀ। ਜਾਂਚ ਟੀਮ ਮੁਖੀ ਮੂਕਰ ਨੇ ਭਰੋਸਾ ਪ੍ਰਗਟਾਇਆ ਕਿ ਨਿੱਝਰ ਹੱਤਿਆ ਕਾਂਡ ਨਾਲ ਸਬੰਧਤ ਕਿਸੇ ਵੀ ਦੋਸ਼ੀ ਨਾਲ ਕੋਈ ਲਿਹਾਜ ਨਹੀਂ ਹੋਏਗਾ, ਚਾਹੇ ਉਹ ਕਿਤੇ ਵੀ ਲੁਕੇ ਹੋਣ, ਉੱਥੋਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਨੂੰ ਕਟਹਿਰੇ ਚ ਖੜ੍ਹਾ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×