For the best experience, open
https://m.punjabitribuneonline.com
on your mobile browser.
Advertisement

ਕੈਨੇਡਾ : 20,500 ਪਰਵਾਸੀਆਂ ਦੇ ਮਾਪਿਆਂ ਨੂੰ ਮਿਲੇਗੀ ਪੀਆਰ

10:26 PM May 23, 2024 IST
ਕੈਨੇਡਾ   20 500 ਪਰਵਾਸੀਆਂ ਦੇ ਮਾਪਿਆਂ ਨੂੰ ਮਿਲੇਗੀ ਪੀਆਰ
Advertisement

ਸੁਰਿੰਦਰ ਮਾਵੀ

Advertisement

ਵਿੰਨੀਪੈੱਗ, 23 ਮਈ

ਕੈਨੇਡਾ ਰਹਿੰਦੇ ਆਪਣੇ ਬੱਚਿਆਂ ਕੋਲ ਪੱਕੇ ਤੌਰ ’ਤੇ ਆਉਣ ਦੇ ਇੱਛੁਕ ਮਾਪਿਆਂ ਨੂੰ ਪੀਆਰ ਦੇਣ ਵਾਸਤੇ ਸੱਦੇ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਆਉਂਦੇ ਦੋ ਹਫ਼ਤੇ ਦੌਰਾਨ 35,700 ਸੱਦੇ ਭੇਜੇ ਜਾਣਗੇ ਜਿਨ੍ਹਾਂ ਵਿਚੋਂ 20,500 ਬਿਨੈਕਾਰਾਂ ਦੇ ਮਾਪੇ ਜਾਂ ਗਰੈਂਡ ਪੇਰੈਂਟਸ ਨੂੰ ਪੀਆਰ ਦਿੱਤੀ ਜਾਵੇਗੀ। ਯੋਜਨਾ ਅਧੀਨ ਦੋ ਜਣਿਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ 2020 ਦੇ ਟੈਕਸ ਵਰ੍ਹੇ ਦੌਰਾਨ ਘੱਟੋ ਘੱਟ ਸਾਲਾਨਾ ਆਮਦਨ 32,270 ਡਾਲਰ, 2021 ਦੇ ਟੈਕਸ ਵਰ੍ਹੇ ਦੌਰਾਨ 32,898 ਡਾਲਰ ਅਤੇ 2022 ਦੇ ਟੈਕਸ ਵਰ੍ਹੇ ਦੌਰਾਨ ਸਾਲਾਨਾ ਆਮਦਨ 44,530 ਹੋਣੀ ਚਾਹੀਦੀ ਹੈ। ਤਿੰਨ ਜਣਿਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ ਤਿੰਨ ਸਾਲ ਦੀ ਆਮਦਨ ਕ੍ਰਮਵਾਰ 39,672 ਡਾਲਰ, 40,444 ਡਾਲਰ ਅਤੇ 66,466 ਡਾਲਰ ਹੋਣੀ ਚਾਹੀਦੀ ਹੈ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਸੱਦੇ ਸਾਲ 2020 ਵਿਚ ਇੱਛਾ ਦਾ ਪ੍ਰਗਟਾਵਾ ਦਾਖਲ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟ ਨੂੰ ਭੇਜੇ ਜਾ ਰਹੇ ਹਨ। ਬਿਨੈਕਾਰਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਈਮੇਲ ਲਗਾਤਾਰ ਚੈੱਕ ਕਰਦੇ ਰਹਿਣ। ਦੂਜੇ ਪਾਸੇ ਮਾਪਿਆਂ ਨੂੰ ਸੱਦਣ ਲਈ ਇੱਛਾ ਦਾ ਪ੍ਰਗਟਾਵਾ ਨਾ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸਹੂਲਤ ਲੈ ਸਕਦੇ ਹਨ। ਸੁਪਰ ਵੀਜ਼ਾ ਅਧੀਨ ਬਿਨੈਕਾਰ ਦੇ ਮਾਪੇ ਲਗਾਤਾਰ ਪੰਜ ਸਾਲ ਤੱਕ ਕੈਨੇਡਾ ਵਿਚ ਰਹਿਣ ਦੇ ਹੱਕਦਾਰ ਹੁੰਦੇ ਹਨ ਅਤੇ ਇਸ ਮਿਆਦ ਵਿਚ ਦੋ ਸਾਲ ਦਾ ਵਾਧਾ ਵੱਖਰੇ ਤੌਰ ’ਤੇ ਕਰਵਾਇਆ ਜਾ ਸਕਦਾ ਹੈ। ਸੁਪਰ ਵੀਜ਼ਾ ਤਹਿਤ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਨੂੰ ਟੈਂਪਰੇਰੀ ਰੈਜ਼ੀਡੈਂਟ ਦਾ ਦਰਜਾ ਹੀ ਮਿਲਦਾ ਹੈ ਪਰ ਵਿਜ਼ਟਰ ਵੀਜ਼ਾ ਦੇ ਮੁਕਾਬਲੇ ਇਹ ਬਿਹਤਰ ਤਰੀਕਾ ਮੰਨਿਆ ਜਾਂਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਕਤੂਬਰ 2023 ਵਿਚ 24,200 ਇੱਛੁਕ ਸਪਾਂਸਰ ਨੂੰ ਮੁਕੰਮਲ ਅਰਜ਼ੀਆਂ ਦਾਖਲ ਕਰਨ ਲਈ ਸੱਦੇ ਭੇਜੇ ਭੇਜੇ ਗਏ ਤਾਂ ਕਿ 15 ਹਜ਼ਾਰ ਅਰਜ਼ੀਆਂ ਦਾ ਟੀਚਾ ਹਾਸਲ ਕੀਤਾ ਜਾ ਸਕੇ। ਇਸ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਸੰਭਾਵਿਤ ਸਪਾਂਸਰ ਸਮੇਂ ਸਿਰ ਅਰਜ਼ੀ ਦਾਖਲ ਨਹੀਂ ਕਰਦੇ ਅਤੇ ਕਈ ਅਰਜ਼ੀਆਂ ਵਿਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮੰਗੇ ਦਸਤਾਵੇਜ਼ਾਂ ਦੀ ਕਮੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਵਾਧੂ ਸਪਾਂਸਰ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ 2025 ਤੱਕ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਸਾਲਾਨਾ 36 ਹਜ਼ਾਰ ਪੀਆਰ ਦੇਣ ਦਾ ਟੀਚਾ ਮਿਥਿਆ ਗਿਆ ਹੈ।

Advertisement
Author Image

A.S. Walia

View all posts

Advertisement
Advertisement
×