For the best experience, open
https://m.punjabitribuneonline.com
on your mobile browser.
Advertisement

ਅੱਗ ਲੱਗਣ ਕਾਰਨ ਗਰੀਬ ਪਰਿਵਾਰਾਂ ਦੀਆਂ ਚਾਰ ਝੁੱਗੀਆਂ ਸੜ ਕੇ ਸੁਆਹ

09:37 AM Oct 03, 2023 IST
ਅੱਗ ਲੱਗਣ ਕਾਰਨ ਗਰੀਬ ਪਰਿਵਾਰਾਂ ਦੀਆਂ ਚਾਰ ਝੁੱਗੀਆਂ ਸੜ ਕੇ ਸੁਆਹ
ਅੱਗ ਲੱਗਣ ਤੋਂ ਬਾਅਦ ਸੜ ਕੇ ਸੁਆਹ ਹੋਈਆਂ ਝੁੱਗੀਆਂ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਅਕਤੂਬਰ
ਸਥਾਨਕ ਜੇ.ਐੱਸ. ਨਗਰ ਦੇ ਖਾਲੀ ਪਲਾਟ ਵਿਚ ਦੇਰ ਸ਼ਾਮ ਗਰੀਬ ਪਰਵਾਸੀ ਮਜ਼ਦੂਰਾਂ ਦੀਆਂ 4 ਝੁੱਗੀਆਂ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਚੁਨਚੁਨ ਸ਼ਾਹ ਦਾ ਪਰਿਵਾਰ ਇੱਥੇ ਝੁੱਗੀਆਂ ਬਣਾ ਕੇ ਰਹਿ ਰਿਹਾ ਸੀ ਅਤੇ ਮਿਹਨਤ, ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਇੱਕ ਝੁੱਗੀ ਵਿਚ ਰਹਿੰਦੀ ਔਰਤ ਨੇ ਭਗਵਾਨ ਦੀ ਫੋਟੋ ਅੱਗੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਜੋਤ ਜਗਾਈ ਅਤੇ ਉੱਥੇ ਘੁੰਮਦਾ ਚੂਹਾ ਜੋਤ ਨੂੰ ਖਿੱਚ ਕੇ ਲੈ ਗਿਆ ਜਿਸ ਕਾਰਨ ਅੱਗ ਲੱਗ ਗਈ। ਇੱਕ ਝੁੱਗੀ ਤੋਂ ਸ਼ੁਰੂ ਹੋਈ ਅੱਗ ਕੁਝ ਹੀ ਪਲਾਂ ਵਿਚ ਫੈਲ ਗਈ ਜਿਸ ਨੇ ਆਸ-ਪਾਸ ਬਣੀਆਂ 3 ਝੁੱਗੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਕਾਰਨ ਸਾਰੀਆਂ ਔਰਤਾਂ ਤੇ ਬੱਚੇ ਭੱਜ ਕੇ ਬਾਹਰ ਆ ਗਏ ਜਿਸ ’ਤੇ ਆਸ-ਪਾਸ ਗੁਆਂਢੀਆਂ ਨੇ ਪਾਣੀ ਦੀਆਂ ਪਾਈਪਾਂ ਲਗਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਇਸ ’ਤੇ ਕਾਬੂ ਪਾਇਆ ਗਿਆ ਉਦੋਂ ਤੱਕ ਗਰੀਬ ਮਜ਼ਦੂਰਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ। ਇਹ ਅੱਗ ਐਨੀ ਤੇਜ਼ ਸੀ ਕਿ ਮਜ਼ਦੂਰਾਂ ਦੇ ਟਰੰਕਾਂ ਵਿਚ ਪਏ ਹਜ਼ਾਰਾਂ ਰੁਪਏ ਅਤੇ ਜੋ ਕੁਝ ਨਵੇਂ ਕੀਮਤੀ ਕੱਪੜੇ ਸੰਭਾਲ ਕੇ ਰੱਖੇ ਸਨ, ਉਹ ਵੀ ਸੜ ਕੇ ਸੁਆਹ ਹੋ ਗਏ। ਇਸ ਅੱਗ ਨਾਲ ਗਰੀਬ ਮਜ਼ਦੂਰ ਪਰਿਵਾਰਾਂ ਦਾ ਜਿੱਥੇ ਆਸ਼ਿਆਨਾ ਤਾਂ ਖਤਮ ਹੋ ਗਿਆ ਉੱਥੇ ਕੱਪੜਾ, ਰਾਸ਼ਨ ਤੇ ਪੈਸਾ ਵੀ ਸੜ ਕੇ ਰਾਖ਼ ਹੋ ਗਿਆ। ਬੇਸ਼ੱਕ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਪਰ ਉਦੋਂ ਤੱਕ ਗੁਆਂਢੀਆਂ ਵਲੋਂ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਨੂੰ ਬੁਝਾ ਦਿੱਤਾ ਗਿਆ ਸੀ। ਮਾਛੀਵਾੜਾ ਇਲਾਕੇ ਦੇ ਲੋਕਾਂ ਵਿਚ ਇਸ ਗੱਲ ਦਾ ਰੋਸ ਸੀ ਕਿ ਐਨੀ ਵੱਡੀ ਅਬਾਦੀ ਵਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਜੇਕਰ ਕੋਈ ਅੱਗ ਲੱਗ ਜਾਵੇ ਤਾਂ ਇੱਥੇ ਕੋਈ ਵੀ ਫਾਇਰ ਬ੍ਰਿਗੇਡ ਨਹੀਂ ਬਲਕਿ ਐਮਰਜੈਂਸੀ ਹਾਲਾਤਾਂ ਵਿਚ ਸਮਰਾਲਾ ਤੋਂ ਗੱਡੀਆਂ ਆਉਂਦੀਆਂ ਹਨ ਪਰ ਉਦੋਂ ਤੱਕ ਸਭ ਕੁਝ ਰਾਖ਼ ਹੋ ਚੁੱਕਾ ਹੁੰਦਾ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਗਰੀਬ ਮਜ਼ਦੂਰ ਪਰਿਵਾਰ ਜਨਿ੍ਹਾਂ ਦਾ ਅੱਗ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।

Advertisement

Advertisement
Advertisement
Author Image

Advertisement