ਚਾਰ ਵਿਅਕਤੀ ਇਕ ਕਿਲੋ ਹੈਰੋਇਨ ਸਮੇਤ ਕਾਬੂ
ਪੱਤਰ ਪ੍ਰੇਰਕ
ਤਰਨ ਤਾਰਨ, 11 ਜੁਲਾਈ
ਖਾਲੜਾ ਤੇ ਵਲਟੋਹਾ ਦੀ ਪੁਲੀਸ ਨੇ ਬੀਤੀ ਰਾਤ ਆਪੋ-ਆਪਣੇ ਇਲਾਕੇ ਅੰਦਰੋਂ ਦੋ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ 1.971 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਇਸ ਸਬੰਧੀ ਐੱਸਐੱਸਪੀ ਅਸ਼ਵਨੀ ਕਪੂਰ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥਾਣਾ ਖਾਲੜਾ ਦੇ ਐੱਸਐੱਚਓ ਸੱਤਪਾਲ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਇਲਾਕੇ ਦੇ ਪਿੰਡ ਥੇਹਕਲਾਂ ਨੇੜਿਓਂ ਵਰਿੰਦਰ ਸਿੰਘ ਉਰਫ ਗੱਬਰ ਵਾਸੀ ਭੂਰਾ ਕੋਨਾ (ਤਰਨ ਤਾਰਨ) ਅਤੇ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਰਾਮੂਵਾਲਾ (ਤਰਨ ਤਾਰਨ) ਤੋਂ 990 ਗਰਾਮ ਹੈਰੋਇਨ ਬਰਾਮਦ ਕੀਤੀ। ਉਹ ਮੋਟਰਸਾਈਕਲ ’ਤੇ ਇਲਾਕੇ ਅੰਦਰ ਕਿਧਰੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੁਲੀਸ ਪਾਰਟੀ ਨੇ ਥੇਹ ਕਲਾਂ ਪਿੰਡ ਨੇੜਿਓਂ ਕਾਬੂ ਕਰ ਲਿਆ। ਖਾਲੜਾ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ।
ਇਸ ਤੋਂ ਇਲਾਵਾ ਥਾਣਾ ਵਲਟੋਹਾ ਦੇ ਏਐੱਸਆਈ ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਲਾਕੇ ਅੰਦਰੋਂ ਆਸੜ ਉਤਾੜ ਦੇ ਕੈਂਚੀ ਵਾਲੇ ਮੋੜ ਤੋਂ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਵਿਸ਼ਾਲ ਸਿੰਘ ਵਾਸੀ ਲੁਹਾਰਕਾ ਪਿੰਡ ਅਤੇ ਅਮਨਦੀਪ ਸਿੰਘ ਵਾਸੀ ਰਾਜਾਸਾਂਸੀ ਤੋਂ 981 ਗਰਾਮ ਹੈਰੋਇਨ ਬਰਾਮਦ ਕੀਤੀ। ਉਹ ਇਲਾਕੇ ਅੰਦਰ ਬਿਨਾਂ ਨੰਬਰ ਦੀ ਬਰੇਜ਼ਾ ਗੱਡੀ ’ਤੇ ਜਾ ਰਹੇ ਸਨ। ਇਸ ਸਬੰਧੀ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21 ਸੀ, 61, 85 ਅਧੀਨ ਕੇਸ ਦਰਜ ਕੀਤਾ ਹੈ। ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਨਸ਼ੀਲਾ ਪਦਾਰਥ ਡਰੋਨਾਂ ਦੀ ਮਦਦ ਨਾਲ ਪਾਕਿਸਤਾਨ ਤੋਂ ਮੰਗਵਾਇਆ ਸੀ।
255 ਗ੍ਰਾਮ ਹੈਰੋਇਨ ਬਰਾਮਦ
ਅਟਾਰੀ (ਪੱਤਰ ਪ੍ਰੇਰਕ): ਪੁਲੀਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਦੀ ਤਲਾਸ਼ੀ ਲੈਣ ’ਤੇ 255 ਗ੍ਰਾਮ ਹੈਰੋਇਨ ਬਰਾਮਦ ਕੀਤੀ। ਡੀਐੱਸਪੀ (ਅਟਾਰੀ) ਦੀ ਨਿਗਰਾਨੀ ਹੇਠ ਜਦੋਂ ਲੋਪੋਕੇ ਦੀ ਪੁਲੀਸ ਪਾਰਟੀ ਅੱਡਾ ਚੋਗਾਵਾਂ ਤੋਂ ਪਿੰਡ ਕੋਹਾਲੀ ਰੋਡ ’ਤੇ ਗਸ਼ਤ ਕਰ ਰਹੀ ਸੀ ਤਾਂ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲੀਸ ਪਾਰਟੀ ਨੂੰ ਦੇਖ ਕੇ ਭੱਜ ਕੇ ਨਹਿਰ ਦੀ ਪੱਟੜੀ ’ਤੇ ਕਮਰੇ ਵਿੱਚ ਵੜ ਗਿਆ। ਉਸ ਨੂੰ ਕਾਬੂ ਕਰਨ ’ਤੇ ਉਸ ਨੇ ਆਪਣਾ ਨਾਮ ਸੰਨੀ ਵਾਸੀ ਨੂਰੀ ਮੁੱਹਲਾ ਭਗਤਾਂ ਵਾਲਾ ਅੰਮ੍ਰਿਤਸਰ ਹਾਲ ਵਾਸੀ ਪਿੰਡ ਕੋਹਾਲੀ ਥਾਣਾ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ।