ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਚਾਰ ਨਕਸਲੀ ਹਲਾਕ
ਦਾਂਤੇਵਾੜਾ, 5 ਜਨਵਰੀ
ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਚਾਰ ਨਕਸਲੀ ਮਾਰੇ ਗਏ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਇੱਕ ਹੈੱਡ ਕਾਂਸਟੇਬਲ ਵੀ ਜਾਨ ਸ਼ਹੀਦ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਲੰਘੀ ਸ਼ਾਮ ਡੀਆਰਜੀ ਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਇਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ਤਹਿਤ ਨਾਰਾਇਣਪੁਰ ਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਹੱਦ ’ਤੇ ਦੱਖਣੀ ਅਬੂਝਮਾੜ ਦੇ ਜੰਗਲ ’ਚ ਗਈ ਸੀ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਲੰਘੀ ਦੇਰ ਰਾਤ ਗੋਲੀਬਾਰੀ ਰੁਕਣ ਮਗਰੋਂ ਘਟਨਾ ਸਥਾਨ ਤੋਂ ਚਾਰ ਨਕਸਲੀਆਂ ਦੀਆਂ ਲਾਸ਼ਾਂ ਅਤੇ ਇੱਕ ਏਕੇ-47 ਰਾਈਫਲ ਤੇ ਸੈਲਫ ਲੋਡਿਡ ਰਾਈਫਲ (ਐੱਸਐੱਲਆਰ) ਸਮੇਤ ਹੋਰ ਕਈ ਹਥਿਆਰ ਬਰਾਮਦ ਕੀਤੇ ਗਏ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ’ਚ ਡੀਆਰਜੀ ਦੇ ਹੈੱਡ ਕਾਂਸਟੇਬਲ ਸੰਨੂ ਕਰਮ ਵੀ ਸ਼ਹੀਦ ਹੋ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਸੂਬੇ ਦੇ ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਪੁਲੀਸ ਮੁਲਾਜ਼ਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਕਸਲੀਆਂ ਦੇ ਖਾਤਮੇ ਤੱਕ ਜੰਗ ਜਾਰੀ ਰਹੇਗੀ। ਉਨ੍ਹਾਂ ਐਕਸ ’ਤੇ ਕਿਹਾ, ‘ਨਾਰਾਇਣਪੁਰ ਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਹੱਦ ਨਾਲ ਲੱਗੇ ਦੱਖਣੀ ਅਬੂਝਮਾੜ ਇਲਾਕੇ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲੇ ’ਚ ਹੁਣ ਤੱਕ ਚਾਰ ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।’ ਮੁੱਖ ਮੰਤਰੀ ਨੇ ਕਿਹਾ, ‘ਡੀਆਰਜੀ ਦੇ ਹੈੱਡ ਕਾਂਸਟੇਬਲ ਸੰਨੂ ਕਰਮ ਮੁਕਾਬਲੇ ’ਚ ਸ਼ਹੀਦ ਹੋ ਗਏ। ਉਨ੍ਹਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਸੁਰੱਖਿਆ ਬਲ ਨਕਸਲਵਾਦ ਖ਼ਿਲਾਫ਼ ਬੜੀ ਮਜ਼ਬੂਤੀ ਨਾਲ ਲੜ ਰਹੇ ਹਨ ਤੇ ਜਦੋਂ ਤੱਕ ਸਮੱਸਿਆ ਖਤਮ ਨਹੀਂ ਹੋ ਜਾਂਦੀ, ਉਦੋਂ ਤੱਕ ਲੜਾਈ ਜਾਰੀ ਰਹੇਗੀ।’ -ਪੀਟੀਆਈ
ਨਕਸਲੀਆਂ ਨਾਲ ਸਬੰਧਤ ਕੇਸ ਵਿੱਚ ਐੱਨਆਈਏ ਵੱਲੋਂ ਛਾਪੇ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੈਸੇ ਤੇ ਇਤਰਾਜ਼ਯੋਗ ਸਮੱਗਰੀ ਦੀ ਬਰਾਮਦਗੀ ਨਾਲ ਜੁੜੇ ਨਕਸਲਵਾਦ ਦੇ ਮਾਮਲੇ ਦੇ ਸਿਲਸਿਲੇ ’ਚ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੀਆਂ ਨੌਂ ਥਾਵਾਂ ’ਤੇ ਛਾਪੇ ਮਾਰੇ। ਅੱਜ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਬੀਤੇ ਦਿਨ ਨੌਂ ਥਾਵਾਂ ’ਤੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਸੀਪੀਆਈ (ਮਾਓਵਾਦੀ) ਨਾਲ ਜੁੜੇ ਮਸ਼ਕੂਕਾਂ ਤੇ ‘ਓਵਰ ਗਰਾਊਂਡ ਵਰਕਰਾਂ’ ਦੇ ਕਈ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਐੱਨਆਈਏ ਨੇ ਮੋਬਾਈਲ ਫੋਨ, ਮੈਮਰੀ ਕਾਰਡ, ਸਿਮ ਕਾਰਡ ਤੇ ਹੋਰ ਵਸਤਾਂ ਬਰਾਮਦ ਕੀਤੀਆਂ। ਇਹ ਮਾਮਲਾ 10.50 ਲੱਖ ਰੁਪਏ ਦੀ ਨਕਦੀ ਤੇ ਹੋਰ ਇਤਰਾਜ਼ਯੋਗ ਵਸਤਾਂ ਦੀ ਬਰਾਮਦਗੀ ਨਾਲ ਜੁੜਿਆ ਹੋਇਆ ਹੈ। -ਪੀਟੀਆਈ