ਚਾਰ ਮੰਤਰੀਆਂ ਵੱਲੋਂ ਸਿੰਗਾਪੁਰ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਸਿੰਗਾਪੁਰ, 26 ਅਗਸਤ
ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਣਜ ਮੰਤਰੀ ਪਿਯੂਸ਼ ਗੋਇਲ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਤੇ ਪ੍ਰਧਾਨ ਮੰਤਰੀ ਲਾਰੈਂਸ ਵੌਂਗ ਨਾਲ ਮੁਲਾਕਾਤ ਕਰ ਕੇ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਅੱਗੇ ਲਿਜਾਣ ਬਾਰੇ ਚਰਚਾ ਕੀਤੀ। ਭਾਰਤ ਦੇ ਚਾਰੋਂ ਕੈਬਨਿਟ ਮੰਤਰੀ ਦੁਵੱਲੇ ਸਹਿਯੋਗ ਬਾਰੇ ਚਰਚਾ ਕਰਨ ਤੇ ਆਪਸੀ ਹਿੱਤਾਂ ਦੇ ਮੁੱਦਿਆਂ ਸਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਦੂਜੀ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ (ਆਈਐੱਸਐੱਮਆਰ) ਲਈ ਇੱਥੇ ਪੁੱਜੇ। ਉਨ੍ਹਾਂ ਇਹ ਵੀ ਚਰਚਾ ਕੀਤੀ ਕਿ ਕਿਵੇਂ ਦੋਵੇਂ ਦੇਸ਼ ਡਿਜੀਟਲ, ਹੁਨਰ ਵਿਕਾਸ, ਸਥਿਰਤਾ, ਸਿਹਤ ਸੰਭਾਲ, ਸੰਪਰਕ ਅਤੇ ਉੱਨਤ ਨਿਰਮਾਣ ਵਿੱਚ ਦੁਵੱਲੇ ਸਹਿਯੋਗ ਨੂੰ ਵਧਾ ਸਕਦੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਐਕਸ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, ‘ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਐੱਸ ਨਾਲ ਮੁਲਾਕਾਤ ਕਰਨ ’ਤੇ ਮਾਣ ਮਹਿਸੂਸ ਹੋਇਆ। ਉਨ੍ਹਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।’ ਇਸ ਮੀਟਿੰਗ ਤੋਂ ਬਾਅਦ ਭਾਰਤੀ ਵਫਦ ਨੇ ਪ੍ਰਧਾਨ ਮੰਤਰੀ ਵੌਂਗ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇਹ ਚਾਰੋਂ ਭਾਰਤੀ ਮੰਤਰੀ ਸਿੰਗਾਪੁਰ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕਰਨਗੇ ਤੇ ਨਵੀਂ ਦਿੱਲੀ ਵਿੱਚ 2022 ਦੌਰਾਨ ਹੋਈ ਆਈਐੱਸਐੱਮਆਰ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਗਲੇ ਮਹੀਨੇ ਇਸ ਦੇਸ਼ ਦਾ ਦੌਰਾ ਕਰਨਗੇ। ਦੱਸਣਾ ਬਣਦਾ ਹੈ ਕਿ ਆਈਐੱਸਐੱਮਆਰ ਭਾਰਤ-ਸਿੰਗਾਪੁਰ ਦੁਵੱਲੇ ਸਬੰਧਾਂ ਲਈ ਨਵਾਂ ਏਜੰਡਾ ਤੈਅ ਕਰਨ ਲਈ ਸਥਾਪਿਤ ਕੀਤਾ ਗਿਆ ਹੈ। -ਪੀਟੀਆਈ