ਖੇਤਾਂ ਵਿੱਚ ਚਾਰ-ਚਾਰ ਫੁੱਟ ਗਾਰ ਜੰਮੀ
ਅਕਾਂਕਸ਼ਾ ਐੱਨ ਭਾਰਦਵਾਜ
ਜਲੰਧਰ, 18 ਜੁਲਾਈ
ਲੋਹੀਆਂ ਨੇੜਲੇ ਪਿੰਡ ਗੱਤਾ ਮੁੰਡੀ ਕਾਸੂ ਦਾ ਵਸਨੀਕ ਕਿਸਾਨ ਦਲੇਰ ਸਿੰਘ ਹੁਣ ਹਿੰਮਤ ਹਾਰ ਚੁੱਕਿਆ ਹੈ। ਉਸ ਨੂੰ ਝੋਰਾ ਹੈ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ ਕਿਉਂਕਿ ਉਸ ਦੀ ਫ਼ਸਲ ਹੜ੍ਹ ਦੇ ਪਾਣੀ ਨਾਲ ਆਈ ਗਾਰ ਨੇ ਤਬਾਹ ਕਰ ਦਿੱਤੀ ਹੈ। ਉਹ ਖੇਤਾਂ ’ਚ ਆਈ ਗਾਰ ਦੀ ਗੱਲ ਕਰਦਿਆਂ ਫੁੱਟ-ਫੁੱਟ ਰੋਣ ਲੱਗ ਜਾਂਦਾ ਹੈ। ਇਸੇ ਪਿੰਡ ਦੇ ਕੁਝ ਹੋਰ ਕਿਸਾਨਾਂ ਨੂੰ ਵੀ ਇਹੀ ਚਿੰਤਾ ਸਤਾ ਰਹੀ ਹੈ ਕਿ ਹੜ੍ਹਾਂ ਦੌਰਾਨ ਪਾਣੀ ਦੇ ਤੇਜ਼ ਵਹਾਅ ਨਾਲ ਆਈ ਗਾਰ ਤੇ ਰੇਤ ਕਾਰਨ ਖੇਤਾਂ ਵਿੱਚ ਹਾਲ ਦੀ ਘੜੀ ਕੁਝ ਵੀ ਬੀਜਣਾ ਸੌਖੀ ਨਹੀਂ ਹੋਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ’ਚ ਫਿਲਹਾਲ ਕੁਝ ਨਹੀਂ ਬੀਜਿਆ ਜਾ ਸਕਦਾ ਕਿਉਂਕਿ ਇਥੇ 3 ਤੋਂ 4 ਫੁੱਟ ਤੱਕ ਗਾਰ ਤੇ ਰੇਤ ਜਮ੍ਹਾਂ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਉਨ੍ਹਾਂ ਨੂੰ ਮੁਫ਼ਤ ਪਨੀਰੀ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਰੇਤ ਅਤੇ ਗਾਰ ਕਾਰਨ ਇਥੇ ਪੈਦਾ ਹੋਈ ਮੌਜੂਦਾ ਸਥਿਤੀ ਬਹੁਤ ਡਰਾਉਣੀ ਹੈ ਤੇ ਇਥੇ ਅਜੇ ਕੁਝ ਵੀ ਬੀਜਿਆ ਨਹੀਂ ਜਾ ਸਕਦਾ। ਕਿਸਾਨ ਦਲੇਰ ਸਿੰਘ ਨੇ ਕਿਹਾ,‘‘ ਮੇਰੇ ਦੋ ਛੋਟੇ ਬੱਚੇ ਹਨ, ਜਨਿ੍ਹਾਂ ਵਿੱਚੋਂ ਇੱਕ ਸਕੂਲ ਜਾਂਦਾ ਹੈ, ਹੁਣ ਮੇਰੇ ਲਈ ਉਸਦੀ ਫੀਸ ਭਰਨਾ ਵੱਸੋਂ ਬਾਹਰ ਹੋ ਗਿਆ ਹੈ। ਸਰਕਾਰ ਨੂੰ ਇਸ ਕਰੋਪੀ ਦਾ ਮੁਆਵਜ਼ਾ ਦੇ ਕੇ ਸਾਡੀ ਮਦਦ ਕਰਨੀ ਚਾਹੀਦੀ ਹੈ ਤੇ ਇਸ ਰੇਤ ਤੇ ਗਾਰ ਨੂੰ ਖੇਤਾਂ ਵਿੱਚੋਂ ਕੱਢਣ ਲਈ ਵੀ ਸਾਡੀ ਮਦਦ ਕਰਨੀ ਚਾਹੀਦੀ ਹੈ।’’ ਇਕ ਹੋਰ ਹੜ੍ਹ ਪੀੜਤ ਕਿਸਾਨ ਬਲਵਿੰਦਰ ਸਿੰਘ ਨੇ ਮੁਫ਼ਤ ਪਨੀਰੀ ਦਿੱਤੇ ਜਾਣ ਬਾਰੇ ਟਿੱਪਣੀ ਕਰਦਿਆਂ ਕਿਹਾ,‘‘ ਜੇ ਸਾਹ ਨਹੀਂ ਆ ਰਹੇ ਤਾਂ ਉਥੇ ਆਕਸੀਜਨ ਕੀ ਕਰੇਗੀ।’’ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਖੇਤਾਂ ’ਚ ਜੰਮ ਚੁੱਕੀ ਰੇਤ ਅਤੇ ਗਾਰ ਨੂੰ ਇਥੋਂ ਕਢਵਾਉਣ ਲਈ ਹੀਲੇ-ਵਸੀਲੇ ਕਰਨੇ ਚਾਹੀਦੇ ਹਨ। ਕਿਸਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਜੋ ਖੇਤਾਂ ਦੇ ਹਾਲਾਤ ਹੋ ਚੁੱਕੇ ਹਨ ਇਥੇ ਅਗਲੀ ਵਾਰ ਕਣਕ ਵੀ ਨਹੀਂ ਬੀਜੀ ਜਾ ਸਕੇਗੀ। ਇੱਕ ਹੋਰ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਹੜ੍ਹ ਆਉਣ ਤੋਂ ਪਹਿਲਾਂ ਉਹ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਸਨ ਪਰ ਜਦੋਂ ਪਰਤੇ ਸਨ ਤਾਂ ਫਸਲਾਂ ਦੀ ਥਾਂ ਖੇਤਾਂ ਵਿੱਚ ਰੇਤ ਪਈ ਸੀ। ਫ਼ਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਇਨ੍ਹਾਂ ਖੇਤਾਂ ਵਿੱਚ ਕਿਸ ਤਰ੍ਹਾਂ ਬਿਜਾਈ ਕੀਤੀ ਜਾਵੇ ਕੋਈ ਨਹੀਂ ਜਾਣਦਾ। ਇਸੇ ਪਿੰਡ ਦੇ ਇੱਕ ਕਿਸਾਨ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਖੇਤਾਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਉਨ੍ਹਾਂ ਕਿਸਾਨ ਨੂੰ ਖੇਤਾਂ ਵਿੱਚੋਂ ਗਾਰ ਕਢਵਾ ਕੇ ਇਸ ਮੁੜ ਬਿਜਾਈ ਕਰਵਾਉਣ ਦਾ ਭਰੋਸਾ ਦਿੱਤਾ ਹੈ। ਮੁਖ ਖੇਤੀਬਾੜੀ ਅਫਸਰ ਜਸਵੰਤ ਰਾਏ ਨੇ ਦੱਸਿਆ ਕਿ ਖੇਤਾਂ ਵਿੱਚ ਰੇਤ ਅਤੇ ਗਾਰ ਦੇ ਨਾਲ-ਨਾਲ ਪਾਣੀ ਵੀ ਮੌਜੂਦ ਹੈ ਪਰ ਅਸਲ ਸਥਿਤੀ ਪਾਣੀ ਚੰਗੀ ਤਰ੍ਹਾਂ ਉਤਰਨ ਮਗਰੋਂ ਹੀ ਸਪਸ਼ਟ ਹੋ ਸਕੇਗੀ।
ਪੰਜਾਬ ਵਿਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ
ਬਠਿੰਡਾ(ਪੱਤਰ ਪ੍ਰੇਰਕ): ਪੰਜਾਬ ਵਾਸੀ ਪਹਿਲਾਂ ਹੀ ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਹਨ। ਮੌਸਮ ਵਿਭਾਗ ਨੇ 22 ਜੁਲਾਈ ਤਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਪੰਜਾਬ ਵਿਚ ਆਉਣ ਵਾਲੇ ਦਨਿਾਂ ਵਿਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਮੌਨਸੂਨ ਸਰਗਰਮ ਹੈ। ਗੌਰਤਲਬ ਹੈ ਕਿ ਮੌਨਸੂਨ ਅਤੇ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਦਰਮਿਆਨੀ ਅਤੇ ਕੁਝ ਥਾਵਾਂ ’ਤੇ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੜ੍ਹਾਂ ਦੀ ਮਾਰ ਕਾਰਨ ਜਿੱਥੇ ਫ਼ਸਲਾਂ ਖ਼ਰਾਬ ਹੋ ਗਈਆਂ ਹਨ ਉੱਥੇ ਲੋਕਾਂ ਦੇ ਘਰਾਂ ਅੰਦਰ ਪਾਣੀ ਵੜਨ ਕਾਰਨ ਵੱਡਾ ਆਰਥਿਕ ਨੁਕਸਾਨ ਵੀ ਹੋਇਆ ਹੈ। ਹੜ੍ਹਾਂ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਸਭ ਤੋਂ ਵੱਡੀ ਮਾਰ ਪਈ ਹੈ। ਸੂਤਰਾਂ ਅਨੁਸਾਰ ਇਕੱਲੇ ਪਟਿਆਲਾ ਜ਼ਿਲ੍ਹੇ ਅੰਦਰ ਹੀ ਝੋਨੇ ਦੀ 45 ਹਜ਼ਾਰ ਹੈਕਟੇਅਰ ਫ਼ਸਲ ਦੀ ਮੁੜ ਬਿਜਾਈ ਕਰਨੀ ਪਵੇਗੀ। ਪੰਜਾਬ ਦੇ ਮਾਲਵਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਘੱਗਰ ਦਰਿਆ ਦਾ ਪਾਣੀ ਵਧਣ ਕਾਰਨ ਮਾਨਸਾ ਦੇ ਸਰਦੂਲਗੜ੍ਹ ਖੇਤਰ ਵਿਚ ਕਈ ਪਿੰਡਾਂ ਵਿਚ ਪਾਣੀ ਭਰਨ ਦਾ ਖ਼ਤਰਾ ਬਕਰਕਾਰ ਹੈ। ਇਸ ਕਰ ਕੇ ਲੋਕ ਬੰਨ੍ਹ ਮਜ਼ਬੂਤ ਕਰਨ ਲਈ ਦਨਿ ਰਾਤ ਇਕ ਕਰ ਰਹੇ ਹਨ। ਇਸ ਤਰ੍ਹਾਂ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ, ਫ਼ਿਰੋਜ਼ਪੁਰ ਵੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਖੇਤੀ ਮਾਹਿਰਾਂ ਦਾ ਕਹਿਣ ਹੈ ਕਿ ਮੌਸਮ ਦੀ ਮਾਰ ਕਾਰਨ ਜਿੱਥੇ ਝੋਨਾ ਅਤੇ ਨਰਮੇ ਦੀ ਫ਼ਸਲ ਖ਼ਰਾਬ ਹੋਈ ਹੈ ਉੱਥੇ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ ਜਿਸ ਕਾਰਨ ਪੰਜਾਬ ਸੰਕਟ ਦੀ ਘੜੀ ਵਿਚੋਂ ਲੰਘ ਰਿਹਾ ਹੈ।