ਕੁੱਲੂ ਵਿੱਚ ਹੜ੍ਹ ਕਾਰਨ ਚਾਰ ਪਰਿਵਾਰ ਬੇਘਰ ਹੋਏ
ਸ਼ਿਮਲਾ/ਮਨਾਲੀ, 25 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿੱਚ ਤਿੰਨ ਘਰ ਵਹਿ ਗਏ ਅਤੇ ਇੱਕ ਹੋਰ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਤਰ੍ਹਾਂ ਚਾਰ ਪਰਿਵਾਰ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬੁੱਧਵਾਰ ਦੇਰ ਰਾਤ ਅਚਾਨਕ ਆਏ ਇਸ ਹੜ੍ਹ ਵਿੱਚ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਮਨਾਲੀ ਦੇ ਐੱਸਡੀਐੱਮ ਰਮਨ ਸ਼ਰਮਾ ਨੇ ਦੱਸਿਆ ਕਿ ‘ਬਿਆਸ ਕੁੰਡ ਪਾਵਰ ਹਾਊਸ’ ਵੀ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ, ‘‘ਤਿੰਨ ਘਰ ਵਹਿ ਗਏ ਹਨ, ਜਦੋਂਕਿ ਇੱਕ ਘਰ ਖਤਰੇ ਵਿੱਚ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਪ੍ਰਭਾਵਿਤ ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਦੀ ਫੌਰੀ ਵਿੱਤੀ ਮਦਦ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਰਹਿਣ ਲਈ ਆਰਜ਼ੀ ਪ੍ਰਬੰਧ ਕੀਤਾ ਜਾ ਰਿਹਾ ਹੈ। ਅਧਿਕਾਰੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ। ਚਾਰ ਪ੍ਰਭਾਵਿਤ ਪਰਿਵਾਰਾਂ ਵਿੱਚ ਕੁੱਲ 19 ਮੈਂਬਰ ਹਨ। ਉਧਰ, ਲਾਹੌਲ ਸਪਿਤੀ ਜ਼ਿਲ੍ਹੇ ਦੀ ਪੁਲੀਸ ਮੁਤਾਬਕ ਮਨਾਲੀ ਖੇਤਰ ਵਿੱਚ ਅੰਜਨੀ ਮਹਾਦੇਵ ਨਾਲੇ ਵਿੱਚ ਬੱਦਲ ਫਟਣ ਕਾਰਨ ਮਨਾਲੀ ਨੂੰ ਲੇਹ ਨਾਲ ਜੋੜਨ ਵਾਲੇ ਕੌਮੀ ਮਾਰਗ-3 ’ਤੇ ਧੁੰਡੀ ਅਤੇ ਪਲਚਾਨ ਪੁਲ ਦਰਮਿਆਨ ਹਿੱਸੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਕਿ ਲਾਹੌਲ ਤੇ ਸਪਿਤੀ ਤੋਂ ਮਨਾਲੀ ਤੇ ਵਾਪਸ ਜਾਣ ਵਾਲਿਆਂ ਨੂੰ ਰੋਹਤਾਂਗ ਦੱਰੇ ਰਾਹੀਂ ਭੇਜਿਆ ਜਾ ਰਿਹਾ ਹੈ। ਸੂਬੇ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਸੂਬੇ ਵਿੱਚ ਕੁੱਲ 15 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਮੰਡੀ ਵਿੱਚ 12, ਕਿੰਨੌਰ ਵਿੱਚ ਦੋ ਅਤੇ ਕਾਂਗੜਾ ਜ਼ਿਲ੍ਹੇ ਦੀ ਇੱਕ ਸੜਕ ਸ਼ਾਮਲ ਹੈ। -ਪੀਟੀਆਈ
ਪੁਣੇ ਵਿੱਚ ਭਾਰੀ ਮੀਂਹ ਕਾਰਨ ਚਾਰ ਵਿਅਕਤੀਆਂ ਦੀ ਮੌਤ
ਪੁਣੇ:
ਮਹਾਰਾਸ਼ਟਰ ਦੇ ਪੁਣੇ ਵਿੱਚ ਅੱਜ ਭਾਰੀ ਮੀਂਹ ਨੇ ਤਬਾਹੀ ਮਚਾਈ। ਇਸ ਦੌਰਾਨ ਮੀਂਹ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮੀਂਹ ਕਾਰਨ ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਕਈ ਘਰਾਂ ਅਤੇ ਰਿਹਾਇਸ਼ੀ ਸੁਸਾਇਟੀਆਂ ਵਿੱਚ ਪਾਣੀ ਭਰ ਗਿਆ, ਜਿਸ ਮਗਰੋਂ ਇੱਥੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹਤਿਆਤੀ ਉਪਾਵਾਂ ਵਜੋਂ ਫੌਜ ਦੀਆਂ ਟੀਮਾਂ ਨੂੰ ਸਿੰਹਗੜ੍ਹ ਮਾਰਗ ’ਤੇ ਏਕਤਾ ਨਗਰ ਵਿੱਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਵਾਸਾ ਵਿੱਚ ਢਿੱਗਾਂ ਡਿੱਗਣ ਵਾਲੀ ਥਾਂ ’ਤੇ ਬਚਾਅ ਕਾਰਜ ਜਾਰੀ ਹਨ। -ਪੀਟੀਆਈ