ਅਧਿਆਪਕਾਂ ਦਾ ਚਾਰ ਰੋਜ਼ਾ ਸਿਖਲਾਈ ਪ੍ਰੋਗਰਾਮ ਸਮਾਪਤ
ਪੱਤਰ ਪ੍ਰੇਰਕ
ਨਰਾਇਣਗੜ੍ਹ, 29 ਮਈ
ਕੌਮੀ ਸਿੱਖਿਆ ਨੀਤੀ 2020 ਨੂੰ ਮਜ਼ਬੂਤ ਕਰਨ ਲਈ ਨਰਾਇਣਗੜ੍ਹ ਦੇ ਪ੍ਰਾਇਮਰੀ ਅਧਿਆਪਕਾਂ ਲਈ ਚੱਲ ਰਿਹਾ ਚਾਰ ਰੋਜ਼ਾ ਸਿਖਲਾਈ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਪਹਿਲੇ ਦੋ ਦਿਨਾਂ ਵਿੱਚ ਹਿੰਦੀ ਸਾਖਰਤਾ, ਉਸ ਤੋਂ ਬਾਅਦ ਗਣਿਤ ਅਤੇ ਅੰਗਰੇਜ਼ੀ ਦੇ ਸੈਸ਼ਨ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਹਰਿਆਣਾ ਰਾਜ ਵਿੱਚ ਪਹਿਲੀ ਤੋਂ 3ਵੀਂ ਜਮਾਤ ਲਈ ਚਲਾਇਆ ਜਾ ਰਿਹਾ ਹੈ, ਹੁਣ ਇਸ ਨੂੰ 4ਵੀਂ ਅਤੇ 5ਵੀਂ ਜਮਾਤ ਲਈ ਵੀ ਜਾਰੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਨੇ ਵਿਸ਼ਿਆਂ ਦੇ ਅਧਿਆਪਨ ਢਾਂਚੇ, ਅਧਿਆਪਨ ਸਮੱਗਰੀ ਦੀ ਵਰਤੋਂ, ਸ਼ੁਰੂਆਤੀ ਪੜਾਅ ਵਿੱਚ ਮੌਖਿਕ ਪੜ੍ਹਨ ਅਤੇ ਲਿਖਣ ਦੇ ਹੁਨਰ ਦੇ ਵਿਕਾਸ, ਗਣਿਤ ਦੀ ਸਿੱਖਿਆ, ਸੰਪਰਕ ਐਪ ਰਾਹੀਂ ਬੱਚਿਆਂ ਨੂੰ ਗਣਿਤ ਦੀ ਗਤੀਵਿਧੀ ਵਿੱਚ ਸ਼ਾਮਲ ਕਰਨ ਅਤੇ ਅੰਗਰੇਜ਼ੀ ਦੀਆਂ ਯੋਗਤਾਵਾਂ ਬਾਰੇ ਸਮਝ ਦਾ ਵਿਸਥਾਰ ਕੀਤਾ। ਇਸ ਸਿਖਲਾਈ ਪ੍ਰੋਗਰਾਮ ਦੇ ਤੀਜੇ ਦਿਨ ਅੰਬਾਲਾ ਡੀਈਈਓ ਸੁਧੀਰ ਕਾਲੜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਹਮੇਸ਼ਾ ਵਿਸ਼ੇਸ਼ ਉਪਰਾਲੇ ਕਰਨੇ ਪੈਣਗੇ। ਪ੍ਰੋਗਰਾਮ ਦੀ ਪ੍ਰਧਾਨਗੀ ਬਲਾਕ ਸਿੱਖਿਆ ਅਫ਼ਸਰ ਸੁਦੇਸ਼ ਬਿੰਦਲ ਨੇ ਕੀਤੀ ਅਤੇ ਨੇਹਾ, ਦਿਵਿਆ, ਰੁਚੀ ਅਤੇ ਵਿਸ਼ਾਲ ਨੇ ਮਾਸਟਰ ਟਰੇਨਰ ਦੀ ਭੂਮਿਕਾ ਨਿਭਾਈ।
ਪ੍ਰੋਗਰਾਮ ਦਾ ਸੰਚਾਲਨ ਸਵੀਟੀ ਬੀ.ਆਰ.ਪੀ., ਜੈਪ੍ਰਕਾਸ਼ ਬੀ.ਆਰ.ਪੀ.ਨੇ ਕੀਤਾ। ਇਸ ਦੌਰਾਨ ਪ੍ਰਬੰਧਕਾਂ ਨੇ ਨਵੀਂ ਸਿੱਖਿਆ ਨੀਤੀ ਨਾਲ ਸਬੰਧਤ ਹੋਰ ਵੀ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।