ਹਿਸਾਰ ’ਚ ਭੱਠੇ ਦੀ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਦੀ ਮੌਤ
ਹਿਸਾਰ: ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਬੁਡਾਨਾ ਵਿੱਚ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚੇ ਸੌਂ ਰਹੇ ਸਨ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਿਸ਼ਾ (ਤਿੰਨ ਮਹੀਨੇ), ਸੂਰਜ (ਨੌਂ), ਨੰਦਿਨੀ (ਪੰਜ) ਅਤੇ ਵਿਵੇਕ (ਨੌਂ) ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਬੁਡਾਨਾ ਵਿੱਚ ਇੱਟਾਂ ਦੇ ਭੱਠੇ ’ਤੇ ਉੱਤਰ ਪ੍ਰਦੇਸ਼ ਦੇ ਕਈ ਮਜ਼ਦੂਰ ਪਰਿਵਾਰ ਕੰਮ ਕਰਦੇ ਹਨ। ਭੱਠੇ ’ਤੇ ਇੱਟਾਂ ਬਣਾਉਣ ਅਤੇ ਚਿਮਨੀ ਨੇੜੇ ਪਿੱਲਰ (ਇੱਟਾਂ ਦਾ ਚੱਠਾ) ਲਾਉਣ ਦਾ ਕੰਮ ਚੱਲ ਰਿਹਾ ਸੀ। ਬੱਚੇ ਅਤੇ ਕੁਝ ਮਜ਼ਦੂਰ ਭੱਠੇ ਦੀ ਕੰਧ ਕੋਲ ਸੌਂ ਰਹੇ ਸਨ। ਇਸ ਦੌਰਾਨ ਉਨ੍ਹਾਂ ’ਤੇ ਕੰਧ ਡਿੱਗ ਗਈ। ਹਾਂਸੀ ਦੇ ਐੱਸਪੀ ਹਿਮੇਂਦਰ ਕੁਮਾਰ ਮੀਣਾ ਨੇ ਦੱਸਿਆ ਕਿ ਸੂਰਜ, ਨੰਦਨੀ ਤੇ ਵਿਵੇਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਨਿਸ਼ਾ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਪੰਜ ਸਾਲਾ ਗੌਰੀ ਦੀ ਹਾਲਤ ਗੰਭੀਰ ਹੈ। ਉਸ ਦਾ ਹਿਸਾਰ ਦੇ ਸਰਕਾਰੀ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਸਾਰੇ ਪੰਜ ਬੱਚੇ ਯੂਪੀ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਬਧਾਵ ਪਿੰਡ ਦੇ ਵਸਨੀਕ ਸਨ। ਐੱਸਪੀ ਮੀਨਾ ਨੇ ਘਟਨਾ ਤੋਂ ਬਾਅਦ ਹਸਪਤਾਲ ਦਾ ਦੌਰਾ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪੀੜਤ ਪਰਿਵਾਰਾਂ ਨੇ ਇਸ ਮਾਮਲੇ ’ਚ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ। ਜੇ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ