ਲੱਖਾਂ ਰੁਪਏ ਦੀ ਜਾਅਲੀ ਕਰੰਸੀ ਸਮੇਤ ਚਾਰ ਗ੍ਰਿਫ਼ਤਾਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 19 ਅਗਸਤ
ਹੁਸ਼ਿਆਰਪੁਰ ਸਿਟੀ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 5.93 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ।ਇਸ ਦੇ ਨਾਲ ਹੀ ਕਰੰਸੀ ਛਾਪਣ ਵਾਲੀ ਸਮੱਗਰੀ ਵੀ ਫੜੀ ਹੈ।ਪੁਲੀਸ ਅਨੁਸਾਰ ਦੋਸ਼ੀਆਂ ਨੇ ਲੌਕਡਾਊਨ ਦੇ ਸਮੇਂ ਦੌਰਾਨ 15 ਲੱਖ ਰੁਪਏ ਦੀ ਜਾਅਲੀ ਕਰੰਸੀ ਪਹਿਲਾਂ ਹੀ ਬਾਜ਼ਾਰ ਵਿੱਚ ਚਲਾ ਲਏ ਜਾਣ ਦੀ ਗੱਲ ਕਬੂਲੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਸਿਮਰਨਜੀਤ ਸਿੰਘ ਵਾਸੀ ਫਾਂਬੜਾ, ਜਗਤਾਰ ਸਿੰਘ ਵਾਸੀ ਕਿਲ੍ਹਾ ਬਰੂਨ, ਹਰਜਿੰਦਰ ਭਾਰਤੀ ਜੋ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ, ਵਾਸੀ ਬਜਵਾੜਾ ਅਤੇ ਅਮਨਿੰਦਰ ਸਿੰਘ ਵਾਸੀ ਸੈਂਟਰਲ ਟਾਊਨ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਤੋਂ ਲੈਪਟਾਪ, ਪ੍ਰਿੰਟਰ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਹੈ। ਐੱਸ.ਐੱਸ.ਪੀ ਨਵਜੋਤ ਮਾਹਲ ਨੇ ਦੱਸਿਆ ਕਿ ਐੱਸ.ਐੱਚ.ਓ (ਸਿਟੀ) ਗੋਵਿੰਦਰ ਕੁਮਾਰ ਨੂੰ ਖੁਫ਼ੀਆ ਇਤਲਾਹ ਮਿਲੀ ਸੀ ਕਿ ਸ਼ਹਿਰ ਵਿੱਚ ਟੈਗੋਰ ਪਾਰਕ ਨੇੜੇ ਚਾਰ ਵਿਅਕਤੀ ਜਾਅਲੀ ਕਰੰਸੀ ਸਮੇਤ ਕਾਬੂ ਕੀਤੇ ਜਾ ਸਕਦੇ ਹਨ, ਜਿਸ ’ਤੇ ਕਾਰਵਾਈ ਕਰਦਿਆਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਗਰੋਹ ਦਾ ਸਰਗਣਾ ਅਮਰਿੰਦਰ ਹੈ, ਜਿਸ ਦੇ ਘਰ ਵਿੱਚ ਜਾਅਲੀ ਨੋਟ ਤਿਆਰ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।