ਨੌਜਵਾਨ ’ਤੇ ਹਮਲਾ ਕਰਨ ਦੇ ਦੋਸ਼ ਹੇਠ ਚਾਰ ਕਾਬੂ
ਹਤਿੰਦਰ ਮਹਿਤਾ
ਜਲੰਧਰ, 3 ਅਪਰੈਲ
ਪੁਲੀਸ ਨੇ ਕਿਸਾਨ ’ਤੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਿਸਾਨ ਰਾਜਦੀਪ ਸਿੰਘ ਨਸ਼ੇ ਦਾ ਆਦੀ ਸੀ। 30 ਮਾਰਚ ਨੂੰ ਉਹ ਸ਼ਾਮੀਂ ਰਾਸ਼ਨ ਖਰੀਦਣ ਲਈ ਮੰਡੀ ਵਿੱਚ ਗਿਆ ਸੀ ਪਰ ਉਹ ਸਾਮਾਨ ਖਰੀਦਨ ਦੀ ਬਜਾਏ ਨਸ਼ਾ ਲੈਣ ਚਲਾ ਗਿਆ ਸੀ। ਨਸ਼ਾ ਖਰੀਦਣ ਨੂੰ ਲੈ ਕੇ ਐਂਥਨੀ ਅਤੇ ਉਸ ਦੀ ਪਤਨੀ ਨਾਲ ਝਗੜਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲੜਾਈ ਕਾਰਨ ਰਾਜਦੀਪ ਨੇ ਜੋੜੇ ਨੂੰ ਪੈਸੇ ਵੀ ਵਾਪਸ ਨਹੀਂ ਕੀਤੇ ਸਨ। ਜੋੜੇ ਨੇ ਅਦਾਇਗੀ ਨਾ ਕਰਨ ’ਤੇ ਭਵਿੱਖ ਵਿੱਚ ਉਸ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਰਾਜਦੀਪ ’ਤੇ ਐਂਥਨੀ, ਡੈਨੀਅਲ, ਰਾਮਾ, ਮੁਨੀਸ਼, ਵਿਸ਼ਾਲ, ਚੰਦਨ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੇ ਆਧਾਰ ’ਤੇ ਉਨ੍ਹਾਂ ਵਿਰੁੱਧ ਥਾਣਾ ਸਦਰ ਜਲੰਧਰ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮੁਨੀਸ਼ ਉਰਫ਼ ਮਨੀ ਵਾਸੀ ਨੇੜੇ ਸ਼ਹੀਦਾ ਦਾ ਗੁਰਦੁਆਰਾ ਪਿੰਡ ਸੰਸਾਰਪੁਰ ਥਾਣਾ ਕੈਂਟ ਜਲੰਧਰ, ਡੇਨੀ ਵਾਸੀ ਪਿੰਡ ਸੰਸਾਰਪੁਰ ਥਾਣਾ ਕੈਂਟ ਜਲੰਧਰ, ਚੰਦਰ ਉਰਫ਼ ਚੰਦੂ ਵਾਸੀ ਪਿੰਡ ਸੰਸਾਰਪੁਰ ਥਾਣਾ ਕੈਂਟ ਜਲੰਧਰ, ਮਦਨ ਸਿੰਘ ਵਾਸੀ ਪਿੰਡ ਸ਼ਾਹਪੁਰ ਅਤੇ ਵਿਸ਼ਾਲ ਗਿੱਲ ਉਰਫ ਅੱਲੂ ਵਾਸੀ ਪਿੰਡ ਸ਼ਾਹਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।