ਕਤਲ ਕਾਂਡ ਦੇ ਚਾਰ ਮੁਲਜ਼ਮ ਗ੍ਰਿਫ਼ਤਾਰ
ਧਿਆਨ ਸਿੰਘ ਭਗਤ
ਕਪੂਰਥਲਾ, 23 ਨਵੰਬਰ
ਸੁਲਤਾਨਪੁਰ ਲੋਧੀ ’ਚ ਦਾਣਾ ਮੰਡੀ ਨੇੜੇ ਵੀਰਵਾਰ ਦੇਰ ਰਾਤ ਹੋਏ ਕਤਲ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਹਨੀ ਕੁਮਾਰ ਉਰਫ ਨੰਨੂ ਨਾਮੀ ਵਿਅਕਤੀ ਦੇ ਕਤਲ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਪੁਲੀਸ ਨੇ ਮੁੱਦਈ ਅਮਨਪ੍ਰੀਤ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਕਾਰਤਿਕ ਉਰਫ ਕਾਈ ਵਾਸੀ ਮੁਹੱਲਾ ਸੈਦਾਂ ਸੁਲਤਾਨਪੁਰ ਲੋਧੀ, ਗਗਨ ਉਰਫ ਬਾਬਾ ਵਾਸੀ ਮੁਹੱਲਾ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ, ਕਰਨ ਵਾਸੀ ਹੱਟ ਸਾਹਿਬ ਰੋਡ ਸੁਲਤਾਨਪੁਰ ਲੋਧੀ, ਗੌਤਮ ਵਾਸੀ ਮੁਹੱਲਾ ਸੈਦਾਂ ਸੁਲਤਾਨਪੁਰ ਲੋਧੀ, ਨਵੀਨ ਵਾਸੀ ਮੁਹੱਲਾ ਸੁਲਤਾਨਪੁਰ ਲੋਧੀ ਅਤੇ ਪੰਜ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ ਪੁਲੀਸ ਨੇ ਕਾਰਤਿਕ ਉਰਫ ਕਾਈ, ਗਗਨ ਉਰਫ ਬਾਬਾ, ਨਵੀਨ ਤੇ ਆਸਿਫ ਲਹੋਰਾ ਉਰਫ ਲੱਲਾ ਵਾਸੀ ਮੁਹੱਲਾ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੰਘੇ ਕੱਲ੍ਹ ਸ਼ੁੱਕਰਵਾਰ ਨੂੰ ਕਸ਼ਿਸ਼ ਹੰਸ ਵਾਸੀ ਚੇਲਿਆਂ ਚੌਕ ਸੁਲਤਾਨਪੁਰ ਲੋਧੀ ਅਤੇ ਰਿਤਿਕ ਉਰਫ ਕੀੜਾ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਐੱਸਐੱਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਐੱਸਆਈ ਸਰਬਜੀਤ ਸਿੰਘ ਚੌਕੀ ਇੰਚਾਰਜ ਮੋਠਾਵਾਲ ਨੇ ਨਾਕੇ ਦੌਰਾਨ ਸਵਿੱਫਟ ਕਾਰ ਨੂੰ ਰੋਕਿਆ ਤਾਂ ਉਸ ਵਿੱਚੋਂ ਚਾਰ ਨੌਜਵਾਨ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਕੋਲੋਂ ਗੰਡਾਸੀ, ਕਿਰਚ, ਦੋ ਦਾਤਰ ਤੇ ਸਵਿੱਫਟ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਇਹ ਕਤਲ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚੋਂ ਕੁਝ ਖ਼ਿਲਾਫ਼ ਪਹਿਲਾਂ ਵੀ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਹਨ।