ਕਤਲ ਮਾਮਲੇ ਵਿੱਚ ਚਾਰ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਯਮੁਨਾਨਗਰ, 24 ਦਸੰਬਰ
ਪੁਲੀਸ ਸੁਪਰਡੈਂਟ ਰਾਜੀਵ ਦੇਸਵਾਲ ਦੀ ਅਗਵਾਈ ਹੇਠ ਕ੍ਰਾਈਮ ਬ੍ਰਾਂਚ-1 ਦੀ ਪੁਲੀਸ ਟੀਮ ਨੇ ਨੌਜਵਾਨ ਸੂਫੀਆਨ (18) ਪੁੱਤਰ ਸਲੀਮ ਵਾਸੀ ਜਗਾਧਰੀ ਦੀ ਗੰਗਾਨਗਰ ਕਲੋਨੀ ਵਿੱਚ ਰੰਜਿਸ਼ ਦੌਰਾਨ ਹੋਏ ਕਤਲ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਅਜੇ ਵਾਸੀ ਗੰਗਾਨਗਰ ਕਲੋਨੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਵਾਰਦਾਤ ਮਗਰੋਂ ਗ੍ਰਿਫ਼ਤਾਰ ਕਰ ਲਿਆ। ਸੀਆਈਏ ਸਟਾਫ਼ 1 ਯਮੁਨਾਨਗਰ ਨੇ ਮੁਲਜ਼ਮਾਂ ਨੂੰ 24 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ। ਉਪ ਪੁਲੀਸ ਕਪਤਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀਆਈਏ-1 ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਕਤਲ ਦੇ ਮੁਲਜ਼ਮ ਪਿੰਡ ਪਰਵਾਲੋਂ ਨੇੜੇ ਘੁੰਮ ਰਹੇ ਹਨ । ਸੂਚਨਾ ’ਤੇ ਕਾਰਵਾਈ ਕਰਦਿਆਂ ਸੀਆਈਏ-1 ਦੇ ਇੰਚਾਰਜ ਇੰਸਪੈਕਟਰ ਰਾਮ ਕੁਮਾਰ ਵਾਲੀਆ, ਏਐੱਸਆਈ ਰਾਜਿੰਦਰ, ਐੱਸਆਈ ਸਤੋਸ਼ ਸਿੰਘ, ਐੱਸਆਈ ਅਵਤਾਰ ਸਿੰਘ, ਐੱਸਆਈ ਵਿਮਲ ਕੁਮਾਰ ਦੀ ਟੀਮ ਨੇ ਅਜੈ ਵਾਸੀ ਗੰਗਾਨਗਰ ਕਲੋਨੀ ਜਗਾਧਰੀ, ਗੁਰਦੇਵ ਸਿੰਘ ਉਰਫ਼ ਲੱਕੀ ਵਾਸੀ ਸ਼ਾਂਤੀ ਕਲੌਨੀ ਜਗਾਧਰੀ, ਰੋਹਨ ਰਾਣਾ ਵਾਸੀ ਗੰਗਾਨਗਰ ਕਲੋਨੀ ਜਗਾਧਰੀ, ਗੁਰਦੇਵ ਸਿੰਘ ਉਰਫ਼ ਸਾਜਨ ਵਾਸੀ ਗੰਗਾਨਗਰ ਕਲੋਨੀ ਜਗਾਧਰੀ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸੂਫੀਆਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੁਲਾਈ 2023 ਵਿੱਚ ਮੁੱਖ ਮੁਲਜ਼ਮ ਅਜੈ ਦੇ ਭਰਾ ਸੰਦੀਪ ਉਰਫ਼ ਪਿਸਤੌਲ ਦਾ ਕਤਲ ਕਰ ਦਿੱਤਾ ਸੀ । ਮ੍ਰਿਤਕ ਸੂਫੀਆਨ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਪੁਰਾਣੀ ਰੰਜਿਸ਼ ਕਾਰਨ ਅਜੈ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਕਤਲ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ।