ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਰਕ ਮਿਲ ਗਿਆ

07:42 AM Aug 13, 2023 IST

ਸੁੱਚਾ ਸਿੰਘ ਖੱਟੜਾ

ਪਾਰਕ ਦੇ ਦੂਜੇ ਪਾਸੇ ਮੈਨੂੰ ਲੱਗਿਆ ਜਿਵੇਂ ਕੋਈ ਬਾਬੂ ਜੀ ਛੇ-ਸੱਤ ਮੁੰਡਿਆਂ ਨੂੰ ਕੁਝ ਸਮਝਾਉਣ ਦਾ ਯਤਨ ਕਰ ਰਹੇ ਹੋਣ ਅਤੇ ਮੁੰਡੇ ਮੈਂ ਨਾ ਮਾਨੂੰ ਦੇ ਤੇਵਰ ਦਿਖਾ ਰਹੇ ਹੋਣ। ਬਾਬੂ ਜੀ ਨੂੰ ਮੈਂ ਇਸੇ ਪਾਰਕ ਵਿੱਚ ਸਵੇਰ ਦੀ ਸੈਰ ਕਰਦਿਆਂ ਅਕਸਰ ਵੇਖਦਾ ਸੀ। ਮੁੰਡਿਆਂ ਨੂੰ ਇਸੇ ਪਾਰਕ ਵਿੱਚ ਫੁੱਟਬਾਲ ਦੀਆਂ ਉੱਚੀਆਂ ਕਿੱਕਾਂ ਲਾਉਂਦਿਆਂ ਵੀ ਮੈਂ ਵੇਖਿਆ ਸੀ। ਮੈਂ ਘਰ ਵੱਲ ਜਾਣ ਦੀ ਬਜਾਏ ਪਾਰਕ ਵਿੱਚ ਦਾਖਲ ਹੋ ਕੇ ਸੈਰ ਵਾਲਿਆਂ ਲਈ ਇੱਟਾਂ ਦੇ ਬਣੇ ਟ੍ਰੈਕ ਦੀ ਥਾਂ, ਪਾਰਕ ਵਿੱਚੋਂ ਮੁੰਡਿਆਂ ਵੱਲ ਸਿੱਧਾ ਰਾਹ ਲੈ ਲਿਆ। ਬਾਬੂ ਜੀ ਦੀ ਮੇਰੇ ਵੱਲ ਪਿੱਠ ਤੇ ਮੁੰਡਿਆਂ ਦੇ ਚਿਹਰੇ ਸਨ। ਪਾਰਕ ਦੇ ਅੱਧ ਤੱਕ ਪਹੁੰਚਿਆ ਸੀ ਕਿ ਮੁੰਡਿਆਂ ਨੇ ਫੁੱਟਬਾਲ ਚੁੱਕੀ ਤੇ ਤੁਰਦੇ ਬਣੇ। ਬਾਬੂ ਜੀ ਨਾਲ ਦੁਆ ਸਲਾਮ ਹੋ ਗਈ। ਮਸਲਾ ਪੁੱਛਣ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਸ਼ੁੱਭ ਨਾਂ ਪੁੱਛਿਆ। ਉਨ੍ਹਾਂ ਆਪਣਾ ਨਾਂ ਅਸ਼ੋਕ ਕੁਮਾਰ ਦੱਸਿਆ।
ਬੱਚਿਆਂ ਲਈ ਤਿੰਨ ਪਾਸੇ ਲੱਗੇ ਝੂਲਿਆਂ, ਘਿਸਰਨਿਆਂ, ਜਿੰਮ ਉਪਕਰਨਾਂ, ਚਾਰੇ ਪਾਸੇ ਬੈਠਣ ਲਈ ਲੱਗੇ ਬੈਚਾਂ ਦਾ ਹਵਾਲਾ ਦੇ ਕੇ ਦੱਸਣ ਲੱਗੇ ਕਿ ਮੁੰਡੇ ਅੰਦਰ ਆ ਕੇ ਫੁੱਟਬਾਲ ਨੂੰ ਇਧਰ ਉਧਰ ਕਿੱਕਾਂ ਮਾਰਦੇ ਹਨ ਤਾਂ ਉਨ੍ਹਾਂ ਸਭ ਲਈ ਪ੍ਰੇਸ਼ਾਨੀ ਹੁੰਦੀ ਹੈ ਜਿਨ੍ਹਾਂ ਲਈ ਇਹ ਪਾਰਕ ਬਣਿਆ ਹੈ। ਪਾਰਕ ਦੇ ਸਹੀ ਕੇਂਦਰ ਵਿੱਚ ਬਿਜਲੀ ਦੇ ਉੱਚੇ ਖੰਬੇ ਉੱਤੇ ਲੱਗੀਆਂ ਚਾਰ ਵਿੱਚੋਂ ਤਿੰਨ ਫਲੱਡ ਲਾਈਟਾਂ, ਇੱਕ ਦਰਖੱਤ ਬਣਨ ਵਾਲੇ ਪੌਦੇ ਦੇ ਫੁੱਟਬਾਲ ਨਾਲ ਟੁੱਟਣ ਦੀ ਜਾਣਕਾਰੀ ਵੀ ਉਨ੍ਹਾਂ ਦਿੱਤੀ। ਮੇਰੀ ਪਤਨੀ ਦੇ ਹੱਥ ਨਾਲ ਟਕਰਾਏ ਫੁੱਟਬਾਲ ਨਾਲ ਹੱੱਥ ਫੜਿਆ ਮੋਬਾਈਲ ਦੂਰ ਜਾ ਡਿੱਗਣ ਦੀ ਜਾਣਕਾਰੀ ਮੈਨੂੰ ਪਹਿਲਾਂ ਹੀ ਸੀ। ਅਸ਼ੋਕ ਜੀ ਨੇ ਦੱਸਿਆ ਕਿ ਉਹ ਬਤੌਰ ਗਣਿਤ ਅਧਿਆਪਕ ਸੇਵਾਮੁਕਤ ਹਨ ਅਤੇ ਹੁਣ ਇੱਥੇ ਬੇਟੇ ਪਾਸ ਰਹਿਣ ਲੱਗੇ ਹਨ। ਅਸੀਂ ਗੱਲਾਂ ਕਰਦੇ ਆਪੋ ਆਪਣੇ ਘਰ ਵੱਲ ਮੁੜ ਗਏ।
ਬਾਬੂ ਜੀ ਦੀ ਸੋਚ ਨੇ ਮੈਨੂੰ ਝਟਕਾ ਜਿਹਾ ਦਿੱਤਾ। ਅਗਲੇ ਦਿਨ ਸ਼ਾਮ ਨੂੰ ਮੈਂ ਮੁੰਡਿਆਂ ਦੀ ਉਡੀਕ ਵਿੱਚ ਸੀ। ਸਾਹਮਣੇ ਹੀ ਤਾਂ ਮੇਰੇ ਬੇਟੇ ਦੀ ਰਿਹਾਇਸ਼ ਹੈ। ਮੁੰਡੇ ਆ ਗਏ ਅਤੇ ਪਾਰਕ ਵਿੱਚ ਚਾਰੋਂ ਪਾਸੇ ਵੱਲ ਫੁੱਟਬਾਲ ਦੀਆਂ ਕਿੱਕਾਂ ਮਾਰਨ ਵਿੱਚ ਮਗਨ ਹੋ ਗਏ। ਮੈਂ ਅਛੋਪਲੇ ਜਿਹਾ ਜਾ ਕੇ ਫੁੱਟਬਾਲ ਚੁੱਕ ਆਪਣੀ ਕੱਛ ਵਿੱਚ ਲੈ ਕੇ ਮੁੰਡਿਆਂ ਦੀ ਉਡੀਕ ਕਰਨ ਲਈ ਖੜ੍ਹ ਗਿਆ। ਮੁੰਡੇ ਆ ਗਏ। ਮੈਂ ਮੁੰਡਿਆਂ ਦੀ ਇਸ ਉਮਰ ਵਿੱਚ ਊਰਜਾ ਅਤੇ ਬੁਰੀ ਸੰਗਤ ਵਿੱਚ ਸਮਾਂ ਬਰਬਾਦ ਕਰਨ ਦੀ ਥਾਂ ਉਨ੍ਹਾਂ ਦੇ ਖੇਡਣ ਦੀ ਤਾਰੀਫ਼ ਕਰ ਹੀ ਰਿਹਾ ਸੀ ਕਿ ਮੈਨੂੰ ਅਸ਼ੋਕ ਜੀ ਪਾਰਕ ਵਿੱਚ ਦਾਖਲ ਹੁੰਦੇ ਦਿਸ ਗਏ। ਸਾਥੋਂ ਉਪਰਲੀ ਮੰਜ਼ਿਲ ਵਿੱਚੋਂ ਡਾਕਟਰ ਜੋੜਾ ਵੀ ਸਾਨੂੰ ਮੁੰਡਿਆਂ ਨਾਲ ਗੱਲ ਕਰਦਾ ਵੇਖ, ਥੱਲੇ ਉਤਰ ਸਾਡੇ ਪਾਸ ਆ ਗਿਆ ਅਤੇ ਸਾਡੀ ਹਾਂ ਵਿੱਚ ਹਾਂ ਮਿਲਾਉਣ ਲੱਗਾ। ਮੁੰਡੇ ਮੈਨੂੰ ਲੱਗਿਆ ਹੁਣ ਸਮਝ ਚੁੱਕੇ ਸਨ ਕਿ ਉਨ੍ਹਾਂ ਹੁਣ ਪਾਰਕ ਵਿੱਚ ਫੁੱਟਬਾਲ ਨਹੀਂ ਖੇਡ ਸਕਣਾ। ਮੈਂ ਫੁੱਟਬਾਲ ਮੁੰਡਿਆਂ ਨੂੰ ਫੜਾਇਆ, ਡਾਕਟਰ ਜੋੜੇ ਦਾ ਧੰਨਵਾਦ ਕੀਤਾ ਅਤੇ ਅਸ਼ੋਕ ਜੀ ਦਾ ਹੱਥ ਫੜ ਬੈਠਣ ਲਈ ਇੱਕ ਪਾਸੇ ਲੱਗੇ ਬੈਂਚ ਵੱਲ ਹੋ ਤੁਰਿਆ।
ਚੰਡੀਗੜ੍ਹ ਮੇਰਾ ਪਰਿਵਾਰ ਰਹਿੰਦਾ ਹੈ ਤੇ ਮੈਂ ਇਕੱਲਾ ਪਿੰਡ ਹੀ ਰਹਿੰਦਾ ਹਾਂ। ਦੂਜੇ ਦਿਨ ਮੈਂ ਵਾਪਸ ਪਿੰਡ ਆ ਗਿਆ। ਮਹੀਨੇ ਕੁ ਬਾਅਦ ਚੰਡੀਗੜ੍ਹ ਜਾਣਾ ਹੋਇਆ। ਜਿਉਂ ਹੀ ਪਾਰਕ ਬਾਹਰ ਗੱਡੀ ਖੜ੍ਹੀ ਕਰ ਕੇ ਬਾਹਰ ਨਿਕਲਿਆ, ਪਾਰਕ ਵਿੱਚ ਤਾਂ ਦ੍ਰਿਸ਼ ਹੀ ਬਦਲ ਚੁੱਕਾ ਸੀ। ਅਸ਼ੋਕ ਕੁਮਾਰ ਜੀ ਕੁਝ ਬੱਚਿਆਂ ਨੂੰ ਕਤਾਰਾਂ ਵਿੱਚ ਖੜ੍ਹਾ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਨਜ਼ਰ ਮੇਰੇ ਵੱਲ ਪਈ, ਉਹ ਮੇਰੇ ਵੱਲ ਤੁਰ ਪਏ। ਸਾਡੇ ਦੋਵਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਮੇਰੀ ਪੌਣੇ ਕੁ ਪੰਜ ਸਾਲ ਦੀ ਪੋਤਰੀ, ਆਪਣੀ ਕਤਾਰ ਛੱਡ ਦੌੜਦੀ ਹੋਈ ਮੇਰੀਆਂ ਲੱਤਾਂ ਨੂੰ ਆ ਲਿਪਟੀ। ਮੈਂ ਪੋਤਰੀ ਨੂੰ ਲਾਡ ਕਰ ਵਾਪਸ ਬੱਚਿਆਂ ਵਿੱਚ ਭੇਜ ਦਿੱਤਾ। ਅਸ਼ੋਕ ਜੀ ਦਾ ਅਗਲਾ ਕਾਰਜ ਭਾਂਪਦਿਆਂ ਮੈਂ ਉਨ੍ਹਾਂ ਨਾਲ ਸੰਖੇਪ ਰਾਜ਼ੀ-ਖ਼ੁਸ਼ੀ ਕੀਤੀ, ਇਹੋ ਜਿਹੀ ਹੀ ਰਾਜ਼ੀ-ਖ਼ੁਸ਼ੀ ਮੈਂ ਇੱਕ ਸਰਦਾਰ ਜੀ ਨਾਲ ਕੀਤੀ ਜਿਹੜੇ ਅਸ਼ੋਕ ਜੀ ਨਾਲ ਹੱਥ ਵਟਾ ਰਹੇ ਸਨ। ਉਹ ਭਾਵ ਬਲਦੇਵ ਸਿੰਘ ਵੀ ਸੇਵਾਮੁਕਤ ਅਧਿਆਪਕ ਹਨ। ਅਸ਼ੋਕ ਜੀ ਨੇ ਪੱਚੀ-ਤੀਹ ਬੱਚਿਆਂ ਨੂੰ ਪੀ ਟੀ ਕਰਵਾਈ। ਹੁਣ ਦਸ ਕੁ ਨਿੱਕੇ ਬੱਚਿਆਂ ਨੂੰ ਪਾਸੇ ਗੋਲ ਦਾਇਰੇ ਵਿੱਚ ਬਿਠਾ ਕੇ ਬਲਦੇਵ ਸਿੰਘ ਰੁਮਾਲ ਨਾਲ ਕੋਰੜਾ ਛਪਾਕੀ ਖਿਡਾਉਣ ਲੱਗੇ। ਅਸ਼ੋਕ ਜੀ ਵੱਡਿਆਂ ਦੇ ਦੋ ਗਰੁੱਪ ਬਣਾ ਕੇ ਕੇਂਦਰ ਵਿੱਚੋਂ ਰੁਮਾਲ ਨੂੰ ਚੁੱਕ ਦੂਜੇ ਵੱਲੋਂ ਛੂਹੇ ਜਾਣ ਤੋਂ ਬਚ ਕੇ, ਆਪਣੀ ਕਤਾਰ ਵਿੱਚ ਜਾ ਖੜ੍ਹਨ ਦੀ ਖੇਡ ਖਿਡਾਉਣ ਲੱਗੇ। ਫਿਰ ਅਸ਼ੋਕ ਜੀ ਨੇ ਖੋ-ਖੋ ਖਿਡਾਈ ਅਤੇ ਬਲਦੇਵ ਸਿੰਘ ਜੀ ਨੇ ਨਿੱਕੇ ਬੱਚਿਆਂ ਨੂੰ ਦੌੜ ਕੇ ਇੱਕ ਦੂਜੇ ਦੀ ਪਕੜ-ਪਕੜਾਈ ਦੀ ਖੇਡ ਉੱਤੇ ਲਾ ਦਿੱਤਾ। ਫਿਰ ਸਾਰੇ ਬੱਚਿਆਂ ਨੂੰ ਕਤਾਰਾਂ ਵਿੱਚ ਖੜ੍ਹੇ ਕਰ ਕੇ ਮੋਬਾਈਲ ਦੇ ਸੰਗੀਤ ਨਾਲ ‘ਐ ਮਾਲਕ ਤੇਰੇ ਬੰਦੇ ਹਮ’ ਦੀ ਪ੍ਰਾਰਥਨਾ ਕਰਵਾਈ, ਗਾਇਤਰੀ ਮੰਤ੍ਰ ਉਪਰੰਤ ਮੂਲਮੰਤਰ ਕਰਵਾਇਆ। ਵਿਛੜਨ ਤੋਂ ਪਹਿਲਾਂ ਕੁੜੀਆਂ ਨੇ ਅਸ਼ੋਕ ਜੀ ਅਤੇ ਬਲਦੇਵ ਸਿੰਘ ਜੀ ਤੋਂ ਪਿਆਰ ਲਿਆ, ਮੁੰਡਿਆਂ ਨੇ ਪੈਰੀਂ ਹੱਥ ਲਾਏ।
ਮੇਰੇ ਹੀ ਬੈਂਚ ਉੱਪਰ ਬੈਠੀ ਔਰਤ ਆਪਣੇ ਪੋਤਰੇ ਨੂੰ ਲਿਜਾਣ ਲਈ ਉੱਠੀ ਅਤੇ ਮੈਨੂੰ ਕਹਿਣ ਲੱਗੀ, ‘‘ਸਰਦਾਰ ਜੀ, ਸਾਡਾ ਬੱਚਾ ਤਾਂ ਮੋਬਾਈਲ ਭੁੱਲ ਹੀ ਚੁੱਕਾ ਹੈ। ਇੱਥੋਂ ਥੱਕ ਕੇ ਜਾਂਦਾ ਹੈ, ਨਹਾ ਧੋ ਕੇ, ਖਾਣਾ ਖਾ ਕੇ ਸੌ ਜਾਂਦਾ ਹੈ।’’ ਪਾਰਕ ਦੇ ਚੌਗਿਰਦੇ ਬਜ਼ੁਰਗ ਅਤੇ ਮੁਟਿਆਰ ਔਰਤਾਂ ਸੈਰ ਕਰਦੀਆਂ ਜਾਂ ਬੈਂਚਾਂ ਉੱਤੇ ਬੈਠ ਗੱਪ-ਸ਼ੱਪ ਲਗਾ ਰਹੀਆਂ ਸਨ। ਪਾਰਕ ਵਿੱਚ ਬਣੇ ਘਿਸਰਨੇ ਅਤੇ ਝੂਲਿਆਂ ਉੱਤੇ ਮਾਵਾਂ ਦੀ ਦੇਖਰੇਖ ਵਿੱਚ ਨਿੱਕੇ ਬਾਲ ਬਾਲੜੀਆਂ ਸਰਗਰਮ ਸਨ। ਪਾਰਕ ਜਿਨ੍ਹਾਂ ਲਈ ਬਣਿਆ ਸੀ ਹੁਣ ਉਨ੍ਹਾਂ ਨੂੰ ਮਿਲ ਗਿਆ ਸੀ। ਘਰ ਆ ਕੇ ਪਤਾ ਲੱਗਾ ਕਿ ਮੇਰੀ ਪੋਤਰੀ ਰਹਿਮਤਪ੍ਰੀਤ ਤਾਂ ਬੂਟ ਜ਼ੁਰਾਬਾਂ ਕੱਸ ਕੇ ਸਾਢੇ ਪੰਜ ਵਜੇ ਤੋਂ ਪਹਿਲਾਂ ਹੀ ਪਾਰਕ ਜਾ ਕੇ ਬੱਚਿਆਂ ਨਾਲ ਖੇਡਣ ਤੇ ਅੰਕਲਾਂ ਦੀ ਉਡੀਕ ਕਰਨ ਲੱਗ ਜਾਂਦੀ ਹੈ। ਮੇਰਾ ਬੇਟਾ ਕਈ ਵਾਰ ਕਹਿੰਦਾ ਕਿ ਇਸ ਪਾਰਕ ਦੀ ਸ਼ਾਮ ਵਾਲੀ ਰੌਣਕ ਚੰਡੀਗੜ੍ਹ ਦੇ ਕਿਸੇ ਪਾਰਕ ਵਿੱਚ ਨਹੀਂ।
ਸੰਪਰਕ: 94176-52947

Advertisement

Advertisement