For the best experience, open
https://m.punjabitribuneonline.com
on your mobile browser.
Advertisement

ਕਿਲ੍ਹਾ ਰਾਏਪੁਰ ਖੇਡਾਂ: ਅਮੀਰ ਸੱਭਿਆਚਾਰ ਨੂੰ ਦਿਖਾਉਣ ਵਾਲੇ ਖੁਦ ਮਜ਼ਦੂਰੀ ਲਈ ਮਜਬੂਰ

07:45 AM Feb 15, 2024 IST
ਕਿਲ੍ਹਾ ਰਾਏਪੁਰ ਖੇਡਾਂ  ਅਮੀਰ ਸੱਭਿਆਚਾਰ ਨੂੰ ਦਿਖਾਉਣ ਵਾਲੇ ਖੁਦ ਮਜ਼ਦੂਰੀ ਲਈ ਮਜਬੂਰ
ਗ੍ਰਾਮੋਫੋਨ ਤੇ ਸਪੀਕਰਾਂ ’ਤੇ ਪੁਰਾਣੇ ਗਾਣੇ ਲਾਉਂਦਾ ਮੋਗਾ ਤੋਂ ਆਇਆ ਭੀਮ ਸਿੰਘ। ਭੱਠੀ ’ਤੇ ਦਾਣੇ ਭੁੰਨ੍ਹਦੀ ਹੋਈ ਬਲਵੀਰ ਕੌਰ।
Advertisement

ਸਤਵਿੰਦਰ ਬਸਰਾ
ਲੁਧਿਆਣਾ, 14 ਫਰਵਰੀ
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਇਸ ਵਾਰ ਪੰਜਾਬ ਸਰਕਾਰ ਵੱਲੋਂ ਇਹ ਖੇਡਾਂ ਕਰਵਾਈਆਂ ਗਈਆਂ ਹਨ। ਇਨ੍ਹਾਂ ਖੇਡਾਂ ਵਿੱਚ ਜਾਨ ਪਾਉਣ ਅਤੇ ਬਲਦਾਂ ਦੀਆਂ ਦੌੜਾਂ ਦੀ ਕਮੀ ਨੂੰ ਪੂਰਾ ਕਰਨ ਲਈ ਪੁਰਾਤਨ ਸੱਭਿਆਚਾਰ ਦੀ ਅਮੀਰੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਏ ਲੋਕ ਬਾਜ਼ੀਗਰ ਬਰਾਦਰੀ ਨਾਲ ਸਬੰਧਤ ਸਨ। ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਸੰਭਾਲੀ ਬੈਠੇ ਇਹ ਪਰਿਵਾਰ ਖੁਦ ਮਜ਼ਦੂਰੀ ਕਰਨ ਲਈ ਮਜਬੂਰ ਹਨ। ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਦੇ ਨਾਲ ਲੱਗੀ ਸੱਭਿਆਚਾਰਕ ਪ੍ਰਦਰਸ਼ਨੀ ਜਿੱਥੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ, ਉੱਥੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਦਾ ਸਬੱਬ ਬਣੀ ਹੋਈ ਹੈ। ਇਸ ਪ੍ਰਦਰਸ਼ਨੀ ਵਿੱਚ ਸੇਵੀਆਂ ਵੱਟਣ, ਪੀੜ੍ਹੀ ਬੁਣਨ, ਨਾਲੇ ਬੁਣਨ, ਦਰੀਆਂ ਬੁਣਨ, ਚਰਖਾ ਕੱਤਣ, ਚੱਕੀ ’ਚ ਦਾਣੇ ਪੀਣ, ਦੁੱਧ ਰਿੜਕਣ ਤੋਂ ਇਲਾਵਾ ਪੁਰਾਣੇ ਪਿੱਤਲ ਦੇ ਭਾਂਡੇ, ਕਪਾਹ ਦਾ ਵੇਲਣਾ, ਹਲ, ਤੱਕੜੀ, ਖੇਤੀ ਸੰਦ ਅਤੇ ਗ੍ਰਾਮੋਫੋਨ ਅਤੇ ਸਪੀਕਰਾਂ ’ਤੇ ਚੱਲਦੇ ਪੁਰਾਣੇ ਗਾਣੇ ਲੋਕਾਂ ਦਾ ਮਨੋਰੰਜਨ ਕਰਦੇ ਰਹੇ। ਇੱਥੇ ਹੀ ਦਾਣੇ ਭੁੰਨਣ ਵਾਲੀ ਬਲਵੀਰ ਨੇ ਦੱਸਿਆ ਕਿ ਉਸ ਦੀ ਦਾਦੀ ਪਿੰਡ ਵਿੱਚ ਦਾਣੇ ਭੁੰਨ੍ਹਦੀ ਸੀ ਜਿਸ ਤੋਂ ਉਸ ਨੇ ਵੀ ਇਹ ਕਲਾ ਸਿੱਖੀ ਸੀ। ਉਸ ਸਮੇਂ ਮਜ਼ਦੂਰੀ ਦੇ ਤੌਰ ’ਤੇ ਪੈਸਿਆਂ ਨਾਲੋਂ ਰੂੰਗਾ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਸੀ। ਇਸ ਮੌਕੇ ਉਸ ਨੇ ਮੱਕੀ ਦੀਆਂ ਖਿੱਲਾਂ, ਕਣਕ ਦੇ ਮਰੂੰਡੇ ਬਾਰੇ ਵੀ ਕਈ ਸਾਂਝੀਆਂ ਕੀਤੀਆਂ। ਇਸੇ ਤਰ੍ਹਾਂ ਬਾਜ਼ੀਗਰ ਬਰਾਦਰੀ ਨਾਲ ਸਬੰਧਤ ਕੇਸਰ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਅਤੇ ਹੋਰ ਸਕੇ ਸਬੰਧੀਆਂ ਦੇ ਦੋ ਗਰੁੱਪ ਆਏ ਹਨ,ਜਿਨ੍ਹਾਂ ਵਿੱਚੋਂ ਇੱਕ ਅੱਠ ਮੈਂਬਰਾਂ ਦਾ ਗਰੁੱਪ ਬਾਜ਼ੀ ਪਾਉਂਦਾ ਹੈ ਜਦਕਿ 15 ਕੁ ਮੈਂਬਰਾਂ ਦਾ ਗਰੁੱਪ ਸੱਭਿਆਚਾਰਕ ਪ੍ਰਦਰਸ਼ਨੀ ਦਾ ਹਿੱਸਾ ਹੈ। ਉਹ ਨੋਰਥ ਜ਼ੋਨ ਐੱਨਜ਼ੈੱਡਸੀਸੀ, ਪਟਿਆਲਾ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ’ਤੇ ਲਾਏ ਜਾਂਦੇ ਮੇਲਿਆਂ ਵਿੱਚ ਸ਼ਿਰਕਤ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ 800-1000 ਰੁਪਏ ਤੱਕ ਦਿਹਾੜੀ, ਤਿੰਨ ਵਕਤ ਦੀ ਰੋਟੀ, ਆਉਣ-ਜਾਣ ਦਾ ਕਿਰਾਇਆ ਅਤੇ ਰਹਿਣ ਦੀ ਸਹੂਲਤ ਮਿਲਦੀ ਹੈ ਪਰ ਦੂਜੇ ਪਾਸੇ ਕਈ ਹੋਰ ਮੈਂਬਰਾਂ ਦਾ ਕਹਿਣਾ ਹੈ ਕਿ ਅਜਿਹੇ ਮੇਲੇ ਸਾਲ ਵਿੱਚ ਗਿਣਤੀ ਦੇ ਲੱਗਦੇ ਹਨ ਜਿਸ ਕਰਕੇ ਬਾਕੀ ਸਮਾਂ ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਮਜ਼ਦੂਰੀ ਕਰਨ ਲਈ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਪੁਰਾਤਨ ਸੱਭਿਆਚਾਰ ਨੂੰ ਸੰਭਾਲਣ ਵਾਲਿਆਂ ਦੀ ਸਾਰ ਲੈਣ ਲਈ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ।

Advertisement

ਵਾਤਾਵਰਨ ਪ੍ਰਦੂਸ਼ਣ ਤੋਂ ਬਚਾਅ ਦੇ ਸਾਧਨਾਂ ਬਾਰੇ ਵੀ ਸੁਨੇਹਾ ਦੇ ਗਿਆ ਪੇਂਡੂ ਉਲੰਪਿਕਸ ਮੇਲਾ

ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਕਿਲਾ ਰਾਏਪੁਰ ਰੂਰਲ ਓਲੰਪਿਕਸ ਮੇਲਾ ਪੇਂਡੂ ਖੇਡਾਂ ਅਤੇ ਵਿਰਾਸਤ ਨੂੰ ਸੁਰਜੀਤ ਕਰਨ ਦੇ ਨਾਲ ਨਾਲ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਅ ਦੇ ਸਾਧਨਾਂ ਬਾਰੇ ਵੀ ਸੁਨੇਹਾ ਦੇ ਗਿਆ। ਡਾਇਰੈਕਟੋਰੇਟ ਸੱਭਿਆਚਾਰਕ ਮਾਮਲੇ, ਪੁਰਾਤਤਵ ਤੇ ਅਜਾਇਬਘਰ ਵਿਭਾਗ ਪੰਜਾਬ ਅਧੀਨ ਕਲੈਹਰੀ ਆਰਟ ਐਂਡ ਕਲਚਰਲ ਅਕੈਡਮੀ ਮਾਨਸਾ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਤੋਂ ਜਿੱਥੇ ਦਰਸ਼ਕਾਂ ਨੂੰ ਦਹਾਕਿਆਂ ਤੋਂ ਭੁੱਲੀਆਂ ਵਿੱਸਰੀਆਂ ਵਸਤਾਂ ਦੇ ਨਾਂ ਯਾਦ ਕਰਵਾਏ ਗਏ, ਉੱਥੇ ਲਕੜੀ, ਪਿੱਤਲ, ਤਾਂਬੇ ਅਤੇ ਕਾਂਸੀ ਦੇ ਭਾਂਡਿਆਂ ਦੀ ਵਰਤੋਂ ਕਰ ਕੇ ਪਲਾਸਟਿਕ ਆਦਿ ਦੀ ਵਰਤੋਂ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਵੀ ਜਾਗਰੂਕ ਕੀਤਾ ਗਿਆ। ਭਾਵੇਂ ਧਾਤਾਂ ਦੇ ਬਣੇ ਹੋਏ ਜੱਗ, ਤੂੰਬਾ, ਗੜਬੀ, ਸੁਰਾਹੀ , ਚਿਲਮ, ਗਾਗਰ, ਤਸਲਾ, ਕੌਲ, ਕੱਦੂਕਸ ਅਤੇ ਦੀਵੇ ਦੇ ਨਾਂ ਦਰਸ਼ਕਾਂ ਨੂੰ ਬਹੁਤ ਜਲਦੀ ਸਮਝ ਆ ਗਏ ਪਰ ਜਦੋਂ ਉਨ੍ਹਾਂ ਨੂੰ ਘਰੇਲੂ ਕੰਮਾਂ ਵਿੱਚ ਵਰਤੇ ਜਾਣ ਵਾਲੇ ਅਟੇਰਨ, ਢੀਂਡੀ, ਢੀਂਡਾ, ਢੇਰਾ, ਪੰਜਾ, ਸ਼ੱਟਲ, ਛਿੱਕਲੀ, ਛਿੱਕੂ, ਤਾਣਾ, ਸੇਰਬਾ, ਗਡੀਰਾ, ਬੀਂਡੀ ਅਤੇ ਪਿੰਜਨੀ ਦਿਖਾ ਕੇ ਨਾਂ ਦੱਸੇ ਗਏ ਤਾਂ ਜ਼ਿਆਦਾਤਰ ਨੇ ਨਾ ਤਾਂ ਕਦੇ ਇਹ ਵਸਤਾਂ ਦੇਖੀਆਂ ਵੀ ਨਹੀਂ ਸੀ ਅਤੇ ਨਾ ਹੀ ਕਦੇ ਇਨ੍ਹਾਂ ਦੇ ਨਾਂ ਸੁਣੇ ਸਨ। ਭੋਲਾ ਕਲੈਹਰੀ ਨੇ ਦਾਅਵਾ ਕੀਤਾ ਕਿ ਜਦੋਂ ਨੌਜਵਾਨਾਂ ਨੂੰ ਪਿੱਤਲ, ਤਾਂਬੇ, ਕਾਂਸੀ ਅਤੇ ਦੇਗ ਦੇ ਬਣੇ ਹੋਏ ਬਰਤਨਾਂ ਤੋਂ ਸਿਹਤ ਲਈ ਜ਼ਰੂਰੀ ਖੁਰਾਕੀ ਤੱਤ ਮਿਲਣ ਬਾਰੇ ਅਤੇ ਮਾਂਜ ਕੇ ਬਾਰ-ਬਾਰ ਵਰਤਨ ਬਾਰੇ ਦੱਸਿਆ ਗਿਆ ਤਾਂ ਲਈ ਲੋਕਾਂ ਨੇ ਤਾਂ ਇਨ੍ਹਾਂ ਦੇ ਨਾਂ ਨੋਟ ਕੀਤੇ ਤੇ ਇਹ ਪੁੱਛਿਆ ਕਿ ਇਹ ਕਿੱਥੋਂ ਖਰੀਦੇ ਜਾ ਸਕਦੇ ਹਨ।

Advertisement

Advertisement
Author Image

Advertisement