ਸਾਬਕਾ ਵਿਧਾਇਕ ਦਲਵੀਰ ਗੋਲਡੀ ‘ਆਪ’ ਵਿੱਚ ਸ਼ਾਮਲ
* ਰਾਜਨੀਤੀ ’ਚ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ: ਭਗਵੰਤ ਮਾਨ
* ਕਾਂਗਰਸ ਦੇ ਇੱਕ-ਇੱਕ ਕਰ ਕੇ ਸਾਰੇ ਰਾਜ਼ ਖੋਲ੍ਹਾਂਗਾ: ਗੋਲਡੀ
ਆਤਿਸ਼ ਗੁਪਤਾ
ਚੰਡੀਗੜ੍ਹ, 1 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅੱਜ ਕਾਂਗਰਸ ਨੂੰ ਝਟਕਾ ਦਿੰਦਿਆਂ ਆਪਣੇ ਪਰਿਵਾਰ ਅਤੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਆਪਣੀ ਰਿਹਾਇਸ਼ ’ਤੇ ਗੋਲਡੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਕੈਬਨਿਟ ਮੰਤਰੀ ਤੇ ‘ਆਪ’ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਹੇਅਰ ਵੀ ਮੌਜੂਦ ਸਨ।
ਭਗਵੰਤ ਸਿੰਘ ਮਾਨ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਖ਼ਿਲਾਫ਼ ਕਾਂਗਰਸ ਦੀ ਟਿਕਟ ਤੋਂ ਚੋਣ ਲੜਨ ਵਾਲੇ ਦਲਵੀਰ ਸਿੰਘ ਗੋਲਡੀ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੱਫੀ ਪਾ ਕੇ ਗਲ ਨਾਲ ਲਗਾਇਆ। ਸ੍ਰੀ ਮਾਨ ਨੇ ਕਿਹਾ ਕਿ ‘ਰੰਗਲਾ ਪੰਜਾਬ’ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਸਾਨੂੰ ਬਹੁਤ ਸਾਰੇ ਨੌਜਵਾਨ, ਮਿਹਨਤੀ, ਇਮਾਨਦਾਰ ਅਤੇ ਦੇਸ਼ ਭਗਤ ਆਗੂਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਕਹਿੰਦੀ ਹੈ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸਰਗਰਮ ਸਿਆਸਤ ’ਚ ਸ਼ਾਮਲ ਹੋਣਾ ਚਾਹੀਦਾ ਹੈ ਪਰ ਜਦੋਂ ਨੌਜਵਾਨ ਆਗੂਆਂ ਦੇ ਕੰਮ ਨੂੰ ਸਨਮਾਨ ਦੇਣ ਦੀ ਗੱਲ ਆਉਂਦੀ ਹੈ ਤਾਂ ਅਕਸਰ ਪੈਰ ਪਿੱਛੇ ਖਿੱਚ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਿਆਸਤ ਨੂੰ ਅਜਿਹੇ ਨੌਜਵਾਨ ਚਿਹਰਿਆਂ ਦੀ ਲੋੜ ਹੈ ਜੋ ਪੜ੍ਹੇ-ਲਿਖੇ ਹੋਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣ ਅਤੇ ਲੋਕਾਂ ਦੇ ਹੱਕਾਂ ਲਈ ਲੜ ਸਕਣ। ਧੂਰੀ ਤੋਂ ਸਾਬਕਾ ਵਿਧਾਇਕ ਗੋਲਡੀ ਨੇ ਕਿਹਾ, ‘‘ਮੈਂ ਕਾਂਗਰਸ ਨਹੀਂ ਛੱਡੀ, ਬਲਕਿ ਪਾਰਟੀ ਨੇ ਮੈਨੂੰ ਟਿਕਟ ਨਾ ਦੇ ਕੇ ਕੱਢਿਆ ਹੈ।’’ ਉਨ੍ਹਾਂ ਕਿਹਾ ਕਿ ਕਿਵੇਂ ਕਾਂਗਰਸ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਹਨ, ਬਾਰੇ ਇੱਕ-ਇੱਕ ਰਾਜ਼ ਖੋਲ੍ਹਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਢਾਈ ਸਾਲ ਚਿਹਰਾ ਨਾ ਦਿਖਾਉਣ ਵਾਲੇ ਆਗੂਆਂ ਨੂੰ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਤਾਂ ਸੰਗਰੂਰ ਦੇ ਦਸ ਪਿੰਡਾਂ ਦੇ ਨਾਂ ਵੀ ਨਹੀਂ ਪਤਾ। ਉਨ੍ਹਾਂ ਕਿਹਾ, ‘‘ਜੇਕਰ ਕਾਂਗਰਸ ਨੇ ਖਹਿਰਾ ਨੂੰ ਟਿਕਟ ਦੇਣ ਦਾ ਵਾਅਦਾ ਕਰ ਦਿੱਤਾ ਸੀ ਤਾਂ ਮੇਰੇ ਅਤੇ ਮੇਰੀ ਪਤਨੀ ਤੋਂ 50-50 ਹਜ਼ਾਰ ਰੁਪਏ ਭਰਵਾ ਕੇ ਟਿਕਟ ਅਪਲਾਈ ਕਿਉਂ ਕਰਵਾਈ।’’ 41 ਸਾਲਾ ਦਲਵੀਰ ਸਿੰਘ ਗੋਲਡੀ ਵਿਧਾਨ ਸਭਾ ਚੋਣਾਂ-2017 ਵਿੱਚ ਧੂਰੀ ਤੋਂ ਜਿੱਤੇ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਰ ਗਏ ਸਨ। ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਵੀ ਲੜੀ ਸੀ।
ਸੁਖਪਾਲ ਖਹਿਰਾ ਨੇ ਗੋਲਡੀ ਨੂੰ ਦੋਗਲਾ ਵਿਅਕਤੀ ਕਰਾਰ ਦਿੱਤਾ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਦਲਵੀਰ ਸਿੰਘ ਗੋਲਡੀ ਨੂੰ ਦੋਗਲਾ ਵਿਅਕਤੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਗੋਲਡੀ ਨੂੰ ਵਿਜੀਲੈਂਸ ਜਾਂਚ ਰਾਹੀ ਡਰਾ-ਧਮਕਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਉਨ੍ਹਾਂ ਕਿਹਾ, ‘‘ਹਾਲੇ ਤਾਂ ਸੰਗਰੂਰ ਦੇ ਯੁੱਧ ਦੀ ਸ਼ੁਰੂਆਤ ਹੋਈ ਹੈ। ਬਹੁਤ ਸਾਰੀਆਂ ਉੱਪਰਲੀਆਂ ਤੇ ਹੇਠਲੀ ਸਰਕਾਰਾਂ ਮੈਨੂੰ ਹਰਾਉਣ ਲਈ ਜ਼ੋਰ ਲਗਾਉਣਗੀਆਂ। ਮੇਰੀ ਡੋਰ ਸੰਗਰੂਰ ਦੇ ਲੋਕਾਂ ਹੱਥ ਹੈ, ਮੈਨੂੰ ਸੰਗਰੂਰ ਦੇ ਲੋਕ ਜ਼ਰੂਰ ਕਾਮਯਾਬੀ ਦੇਣਗੇ।’’ ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਖਹਿਰਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੂੰ 19000 ਵੋਟਾਂ ਵੀ ਨਹੀਂ ਮਿਲੀਆਂ ਸਨ ਤਾਂ ਉਨ੍ਹਾਂ ਬਠਿੰਡਾ ਦੇ ਲੋਕਾਂ ਤੋਂ ਮੁਆਫ਼ੀ ਮੰਗੀ ਸੀ। ਇਸ ਵਾਰ ਉਹ 4 ਜੂਨ ਨੂੰ ਸੰਗਰੂਰ ਦੇ ਲੋਕਾਂ ਤੋਂ ਮੁਆਫ਼ੀ ਮੰਗਣਗੇ।
ਦਿੱਲੀ: ਦੋ ਸਾਬਕਾ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਦੋ ਦਿਨ ਬਾਅਦ ਪਾਰਟੀ ਦੇ ਦੋ ਸਾਬਕਾ ਵਿਧਾਇਕਾਂ ਨਸੀਬ ਸਿੰਘ ਅਤੇ ਨੀਰਜ ਬਸੋਆ ਨੇ ਅੱਜ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਉਹ ਪਿਛਲੇ ਸਮੇਂ ਦੌਰਾਨ ਵਿਸ਼ਵਾਸ ਨਗਰ ਅਤੇ ਕਸਤੂਰਬਾ ਨਗਰ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣੇ ਅਸਤੀਫ਼ੇ ਸੌਂਪੇ ਹਨ। ਪਾਰਟੀ ਵੱਲੋਂ ਦੇਵੇਂਦਰ ਯਾਦਵ ਨੂੰ ਅੰਤਰਿਮ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੀ ਇਹ ਅਸਤੀਫ਼ੇ ਸਾਹਮਣੇ ਆਏ ਹਨ।