ਮਲੇਸ਼ੀਆ ਦਾ ਸਾਬਕਾ ਪ੍ਰਧਾਨ ਮੰਤਰੀ ਘੁਟਾਲੇ ਦਾ ਦੋਸ਼ੀ ਕਰਾਰ
ਕੁਆਲਾਲੰਪੁਰ, 28 ਜੁਲਾਈ
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ (67) ਨੂੰ ਸਰਕਾਰੀ ਨਿਵੇਸ਼ ਫੰਡ ਘੁਟਾਲਾ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਹ ਮਾਮਲਾ ਫੰਡ ’ਚ ਅਰਬਾਂ ਡਾਲਰ ਦੀ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਰਜ਼ਾਕ ਦੀ ਸਰਕਾਰ ਇਸੇ ਕੇਸ ਕਾਰਨ ਚੋਣਾਂ ’ਚ ਡਿੱਗ ਗਈ ਸੀ। ਨਜੀਬ ਸਜ਼ਾ ਪਾਉਣ ਵਾਲੇ ਮਲੇਸ਼ੀਆ ਦੇ ਪਹਿਲੇ ਆਗੂ ਹਨ। ਉਨ੍ਹਾਂ ਅਦਾਲਤੀ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਬਾਰੇ ਕਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਪੰਜ ਕੇਸ ਹਨ ਤੇ ਇਹ ਫ਼ੈਸਲਾ ਪਹਿਲੇ ਕੇਸ ਵਿਚ ਆਇਆ ਹੈ। ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਸੱਤਾ ਤੋਂ ਬਾਹਰ ਹੋਈ ਨਜੀਬ ਦੀ ਪਾਰਟੀ ਪੰਜ ਮਹੀਨੇ ਪਹਿਲਾਂ ਮੁੜ ਗੱਠਜੋੜ ਸਰਕਾਰ ਕਾਇਮ ਕਰਨ ’ਚ ਕਾਮਯਾਬ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਤਾਜ਼ਾ ਫ਼ੈਸਲੇ ਦਾ ਨਜੀਬ ਖ਼ਿਲਾਫ਼ ਦਾਇਰ ਹੋਰਨਾਂ ਕੇਸਾਂ ’ਤੇ ਅਸਰ ਪਵੇਗਾ। ਇਸ ਫ਼ੈਸਲੇ ਨਾਲ ਮਲੇਸ਼ੀਆ ਦੇ ਕਾਨੂੰਨੀ ਢਾਂਚੇ ਦੀ ਭਰੋਸੇਯੋਗਤਾ ਵੀ ਵਧੀ ਹੈ। ਨਜੀਬ ਨੂੰ 15-20 ਸਾਲ ਤੱਕ ਦੀ ਕੈਦ ਤੇ ਵੱਡਾ ਜੁਰਮਾਨਾ ਹੋ ਸਕਦਾ ਹੈ।
-ਏਪੀ