ਸਾਬਕਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਜੇੇਲ੍ਹ ਵਿਚੋਂ ਰਿਹਾਅ
ਪਟਨਾ, 6 ਜਨਵਰੀ
ਜਨ ਸਵਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੂੰ ਸੋਮਵਾਰ ਸ਼ਾਮੀਂ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਿਸ਼ੋਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਕਿਸ਼ੋਰ ਨੇ ਜ਼ਮਾਨਤ ਦੀਆਂ ਸ਼ਰਤਾਂ ਨੂੰ ਗੈਰਵਾਜਬ ਕਰਾਰ ਦਿੱਤਾ ਸੀ। ਉਂਝ ਇਹ ਫੌਰੀ ਪਤਾ ਨਹੀਂ ਲੱਗਾ ਕਿ ਕੀ ਕਿਸ਼ੋਰ ਨੇ ਕੋਰਟ ਵੱਲੋਂ ਲਾਈਆਂ ਜ਼ਮਾਨਤ ਸ਼ਰਤਾਂ ਸਵੀਕਾਰ ਕਰ ਲਈਆਂ ਜਾਂ ਫਿਰ ਕੋਰਟ ਨੇ ਆਪਣੇ ਹੁਕਮਾਂ ਵਿਚ ਕੋਈ ਤਰਮੀਮ ਕੀਤੀ ਹੈ। ਕਿਸ਼ੋਰ ਨੇ ਹਾਲਾਂਕਿ ‘ਬਿਨਾਂ ਸ਼ਰਤ’ ਜ਼ਮਾਨਤ ਦਾ ਦਾਅਵਾ ਕੀਤਾ ਹੈ। ਕਿਸ਼ੋਰ ਨੇ ਕਿਹਾ ਕਿ ਉਹ ਆਪਣੇ ਸੱਤਿਆਗ੍ਰਹਿ ਨੂੰ ਜਾਰੀ ਰੱਖਣਗੇ।
ਕਿਸ਼ੋਰ ਦੀ ਪਾਰਟੀ ਨਾਲ ਜੁੜੇ ਸੀਨੀਅਰ ਵਕੀਲ ਵਾਈ.ਵੀ.ਗਿਰੀ ਨੇ ਪਹਿਲਾਂ ਕਿਹਾ ਸੀ ਕਿ ਕਿਸ਼ੋਰ ਨੂੰ ਜ਼ਮਾਨਤ ਦੇਣ ਲਈ ਲਾਈਆਂ ਸ਼ਰਤਾਂ ਗੈਰਵਾਜਬ ਹਨ। ਉਨ੍ਹਾਂ ਕਿਹਾ ਕਿ ਕਿਸ਼ੋਰ ਨੂੰ ਲਿਖਤੀ ਹਲਫ਼ਨਾਮਾ ਦਾਖ਼ਲ ਕਰਨ ਦੀ ਸ਼ਰਤ ਲਾਈ ਗਈ ਸੀ, ਜੋ ਇਕ ਤਰ੍ਹਾਂ ਨਾਲ ‘ਗੁਨਾਹ ਕਬੂਲ’ ਕਰਨ ਦੇ ਬਰਾਬਰ ਹੈ।’
ਪਟਨਾ ਦੇ ਐੱਸਐੱਸਪੀ ਅਵਕਾਸ਼ ਕੁਮਾਰ ਨੇ ਕਿਹਾ, ‘‘ਕੋਰਟ ਨੇ ਦੇਰ ਸ਼ਾਮ ਕਿਸ਼ੋਰ ਨੂੰ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਬਿਊਰ ਕੇਂਦਰੀ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ।’’ ਇਸ ਤੋਂ ਪਹਿਲਾਂ ਅੱਜ ਦਿਨੇਂ ਕਿਸ਼ੋਰ ਨੂੰ ਉਸ ਦੇ ਗੈਰਕਾਨੂੰਨੀ ਮਰਨ ਵਰਤ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਕਿਸ਼ੋਰ ਵੱਲੋਂ ਜ਼ਮਾਨਤ ਸ਼ਰਤਾਂ ’ਤੇ ਉਜ਼ਰ ਜਤਾਏ ਜਾਣ ਮਗਰੋਂ ਸਾਬਕਾ ਚੋਣ ਰਣਨੀਤੀਕਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਚੇਤੇ ਰਹੇ ਕਿ ਕਿਸ਼ੋਰ ਨੇ ਬਿਹਾਰ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਹਫ਼ਤੇ ਪਟਨਾ ਦੇ ਗਾਂਧੀ ਮੈਦਾਨ ਵਿਚ ਮਰਨ ਵਰਤ ਸ਼ੁਰੂ ਕੀਤਾ ਸੀ। ਪੁਲੀਸ ਨੇ ਪਟਨਾ ਹਾਈ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਮਰਨ ਵਰਤ ਨੂੰ ਗੈਰਕਾਨੂੰਨੀ ਐਲਾਨਦਿਆਂ ਕਿਸ਼ੋਰ ਖਿਲਾਫ਼ ਕੇਸ ਦਰਜ ਕੀਤਾ ਸੀ। -ਪੀਟੀਆਈ