ਸਾਬਕਾ ਏਐੱਸਆਈ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਜੀਂਦ, 22 ਦਸੰਬਰ
ਸਫੀਦੋਂ ਨਗਰ ਦੀ ਸੀਤਾ ਸ਼ਿਆਮ ਕਾਲੋਨੀ ਵਿੱਚ ਹਰਿਆਣਾ ਪੁਲੀਸ ਤੋਂ ਸੇਵਾਮੁਕਤ ਏਐਸਆਈ ਧਰਮ ਸਿੰਘ ਨੇ ਲੰਘੀ ਸ਼ਾਮ ਆਪਣੀ ਲਾਇਸੈਂਸੀ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲਗਪਗ 77 ਸਾਲਾਂ ਦੇ ਧਰਮ ਸਿੰਘ ਨੇ ਅਪਣੇ ਗੋਲੀ ਮਾਰਨ ਤੋਂ ਪਹਿਲਾਂ ਪੁਲੀਸ ਦੇ ਕਿਸੇ ਉੱਚ ਅਧਿਕਾਰੀ ਨੂੰ ਅਲਵਿਦਾ ਵੀ ਕਿਹਾ। ਉੱਚ ਅਧਿਕਾਰੀਆਂ ਤੋਂ ਸੂਚਨਾ ਮਿਲਣ ਮਗਰੋਂ ਸਫੀਦੋਂ ਸ਼ਹਿਰ ਥਾਣਾ ਦੀ ਪੁਲੀਸ ਸਾਬਕਾ ਏਐਸਆਈ ਧਰਮ ਸਿੰਘ ਦੇ ਘਰ ਪਹੁੰਚੀ। ਪੁਲੀਸ ਟੀਮ ਹਾਲੇ ਘਰ ਦਾ ਗੇਟ ਹੀ ਖੁੱਲ੍ਹਵਾ ਹੀ ਰਹੀ ਸੀ, ਜਿਸ ਦੌਰਾਨ ਘਰ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਧਰਮ ਸਿੰਘ ਖੂਨ ਨਾਲ ਲੱਥ-ਪਥ ਜ਼ਮੀਨ ’ਤੇ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਪਰ ਗੰਭੀਰ ਹਾਲਤ ਕਾਰਨ ਉਸ ਨੂੰ ਪੀਜੀਆਈ ਰੋਹਤਕ ਭੇਜ ਦਿੱਤਾ ਗਿਆ। ਜਾਂਚ ਅਧਿਕਾਰੀ ਪੀਐੱਸਆਈ ਕੁਲਦੀਪ ਨੇ ਦੱਸਿਆ ਕਿ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।